ਸੁਭਾਨਪੁਰ, 3 ਸਤੰਬਰ (ਸਤਨਾਮ ਸਿੰਘ) ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਕਥਿਤ ਤੌਰ 'ਤੇ 8 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਐਸ. ਆਈ. ਰਾਮ ਕੁਮਾਰ ਸਮੇਤ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਡੋਗਰਾਂਵਾਲ, ਹਮੀਰਾ ਤੇ ਦਿਆਲਪੁਰ, ਪਿੰਡਾਂ ਦੀ ਤਰਫ਼ ਗਸ਼ਤ ਕਰ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਦਿਆਲਪੁਰ ਦੇ ਰੇਲਵੇ ਫਾਟਕ ਨਜ਼ਦੀਕ ਪਹੁੰਚੀ ਤਾਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ | ਜਿਸ ਨੇ ਬੜੀ ਚਲਾਕੀ ਕੀਤੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿੱਛੇ ਨੂੰ ਮੁੜ ਪਿਆ ਤੇ ਤੇਜ ਕਦਮੀ ਤੁਰ ਪਿਆ | ਜਿਸ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਂ ਤੇ ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁੱਛਿਆ ਤਾਂ ਉਕਤ ਵਿਅਕਤੀ ਨੇ ਆਪਣਾ ਨਾਮ ਗੁਰਦਿਆਲ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਰਾਜਪੁਰਾ ਝੁੱਗੀਆਂ ਦੱਸਿਆ | ਉਕਤ ਵਿਅਕਤੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਪਾਸੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ | ਥਾਣਾ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |