ਸੁਲਤਾਨਪੁਰ ਲੋਧੀ, 3 ਸਤੰਬਰ (ਨਰੇਸ਼ ਹੈਪੀ)-ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਫਿਰੋਜ਼ਪੁਰ-ਜਲੰਧਰ ਰੇਲਵੇ ਡਿਵੀਜ਼ਨ ਰੂਟ ਤੇ ਗਿੱਦੜਪਿੰਡੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਬਣੇ ਰੇਲਵੇ ਬਿ੍ਜ ਨਾਲ ਪਾਣੀ ਰੇਲਵੇ ਲਾਈਨਾਂ ਤੇ ਲੱਗਣ ਕਾਰਨ ਫਿਰੋਜ਼ਪੁਰ ਉੱਤਰ ਰੇਲਵੇ ਡਵੀਜ਼ਨ ਵੱਲੋਂ ਕੁੱਝ ਰੇਲ ਗੱਡੀਆਂ ਦਾ ਰੂਟ ਬੰਦ ਕਰ ਦਿੱਤਾ ਅਤੇ ਕੁੱਝ ਦਾ ਰੂਟ ਬਦਲ ਦਿੱਤਾ ਗਿਆ ਹੈ | ਅੱਜ ਸਵੇਰੇ ਜਲੰਧਰ ਸੁਲਤਾਨਪੁਰ ਲੋਧੀ ਰੇਲ ਮਾਰਗ ਤੇ ਰੇਲ ਕੋਚ ਫ਼ੈਕਟਰੀ ਦੇ ਨਜ਼ਦੀਕ ਪਿੰਡ ਬਰਿੰਦਪੁਰ ਦੇ ਨਜ਼ਦੀਕ ਸੜਕ ਤੇ ਪਏ ਵੱਡੇ ਪਾੜ ਕਾਰਨ ਪਾਣੀ ਰੇਲਵੇ ਲਾਈਨ ਤੋਂ ਉੱਪਰ ਲੱਗਣ ਕਾਰਨ ਉੱਤਰ ਰੇਲਵੇ ਡਵੀਜ਼ਨ ਨੇ ਹੁਣ ਹੁਸੈਨਪੁਰ-ਕਪੂਰਥਲਾ ਰੇਲ ਮਾਰਗ ਨੂੰ ਵੀ ਬੰਦ ਕਰ ਦਿੱਤਾ ਹੈ | ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਪਹਿਲਾਂ ਗੱਡੀ ਨੰਬਰ 74931, 74934 ,74935, 74936, 74937, 74940 ਪਸੰਜਰ ਟਰੇਨਾਂ ਨੂੰ ਜਿਹੜੀ ਫਿਰੋਜ਼ਪੁਰ-ਜਲੰਧਰ ਰੂਟ ਤੇ ਅੱਪ ਤੇ ਡਾਊਨ ਸਾਰੀਆਂ ਨੂੰ ਰੱਦ ਕਰ ਦਿੱਤਾ ਹੈ ਅਤੇ 13307, 13308 ਫਿਰੋਜ਼ਪੁਰ ਧਨਬਾਦ ਮੇਲ ਐਕਸਪੈੱ੍ਰਸ ਗੱਡੀ ਦਾ ਰੂਟ ਬਦਲ ਕੇ ਫਿਰੋਜ਼ਪੁਰ ਤੋਂ ਮੋਗਾ, ਲੁਧਿਆਣਾ ਕਰ ਦਿੱਤਾ ਹੈ | ਇਸ ਤੋਂ ਇਲਾਵਾ 22479, 22480 ਸਰਬੱਤ ਦਾ ਭਲਾ ਰੇਲ ਗੱਡੀ, ਜਿਹੜੀ ਦਿੱਲੀ ਤੋਂ ਚੱਲ ਕੇ ਵਾਇਆ ਜਲੰਧਰ-ਸੁਲਤਾਨਪੁਰ ਲੋਧੀ ਹੁੰਦੀ ਹੋਈ ਲੋਹੀਆਂ ਖ਼ਾਸ ਜਾਂਦੀ ਸੀ, ਉਸ ਦਾ ਰੂਟ ਵੀ ਬਦਲ ਕੇ ਫਿਰੋਜ਼ਪੁਰ ਤੋਂ ਵਾਇਆ ਨਕੋਦਰ, ਲੋਹੀਆਂ ਕਰ ਦਿੱਤਾ ਗਿਆ ਹੈ | ਰੇਲ ਮੰਡਲ ਅਧਿਕਾਰੀਆਂ ਮੁਤਾਬਿਕ ਪਾਣੀ ਦੀ ਸਥਿਤੀ ਨੂੰ ਵੇਖ ਕੇ ਹੀ ਟਰੇਨਾਂ ਦੇ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਵੇਗਾ |