09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੰਜਾਬ ਸਰਕਾਰ ਹਰ ਕੀਮਤ 'ਤੇ 17 ਫ਼ੀਸਦੀ ਨਮੀ ਵਾਲੇ ਝੋਨੇ ਦੀ ਖ਼ਰੀਦ ਕਰੇਗੀ- ਬਰਾੜ <br/>

Ad Position 21
No active advertisement
ਝੋਨੇ ਦੀ ਲਿਫ਼ਟਿੰਗ ਨਾ ਹੋਣ ਸਬੰਧੀ ਆੜ੍ਹਤੀ ਐਸੋਸੀਏਸ਼ਨ ਤੇ ਸ਼ੈਲਰ ਐਸੋਸੀਏਸ਼ਨ ਨਾਲ ਮੀਟਿੰਗ ਕਰਦੇ ਹੋਏ ਜ਼ਿਲ੍ਹਾ ਖ਼ੁਰਾਕ ਸਪਲਾਈ ਅਧਿਕਾਰੀ ਤੇ ਡੀਐਮਓ | (ਸੱਜੇ) ਮੁੱਖ ਦਾਣਾ ਮੰਡੀ ਵਿਚ ਲਿਫ਼ਟਿੰਗ ਨਾ ਹੋਣ 'ਤੇ ਲੱਗੇ ਬੋਰੀਆਂ ਦੇ ਅੰਬਾਰ | ਤਸਵੀਰਾਂ: ਲਾਡੀ ਸਟੂਡੀਓ <br/> 25-09-2025
ਸੁਲਤਾਨਪੁਰ ਲੋਧੀ, 24 ਸਤੰਬਰ (ਨਰੇਸ਼ ਹੈਪੀ)-ਝੋਨੇ ਦੀ ਸਰਕਾਰੀ ਖ਼ਰੀਦ ਦੇ ਸ਼ੁਰੂ ਹੋਣ ਦੇ 4 ਦਿਨਾਂ ਬਾਅਦ ਵੀ ਝੋਨੇ ਦੀ ਲਿਫ਼ਟਿੰਗ ਨਾ ਹੋਣ ਸਬੰਧੀ ਸੁਲਤਾਨਪੁਰ ਲੋਧੀ ਆੜ੍ਹਤੀ ਐਸੋਸੀਏਸ਼ਨ, ਰਾਈਸ ਮਿੱਲਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਮੀਟਿੰਗ ਹਾਲ ਵਿਚ ਸੰਪੰਨ ਹੋਈ ਜਿਸ ਵਿਚ ਉਚੇਚੇ ਤੌਰ ਤੇ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਹਰਸ਼ਰਨ ਸਿੰਘ ਬਰਾੜ ਸ਼ਾਮਿਲ ਹੋਏ | ਉਨ੍ਹਾਂ ਆੜ੍ਹਤੀਆਂ ਤੋਂ ਝੋਨੇ ਦੀ ਸੁਚਾਰੂ ਖ਼ਰੀਦ ਸਬੰਧੀ ਪੁੱਛਿਆ ਤਾਂ ਆੜ੍ਹਤੀਆਂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਸ ਵਾਰ ਆੜ੍ਹਤੀ ਸਿਰਫ਼ 17 ਫ਼ੀਸਦੀ ਨਮੀ ਵਾਲਾ ਝੋਨਾ ਹੀ ਵੇਚ ਰਹੇ ਹਨ ਅਤੇ ਕਿਸਾਨ ਭਰਾਵਾਂ ਨੂੰ ਵੀ 17 ਫ਼ੀਸਦੀ ਨਮੀ ਵਾਲਾ ਝੋਨਾ ਹੀ ਲਿਆਉਣ ਦੀ ਤਗੀਦ ਕੀਤੀ ਜਾ ਰਹੀ ਹੈ | ਆੜ੍ਹਤੀਆਂ ਨੇ ਦੱਸਿਆ ਕਿ ਇਸ ਸਮੇਂ ਹਾਈਬਿ੍ਡ ਝੋਨੇ ਦੀ ਆਮਦ ਹੋ ਰਹੀ ਹੈ ਜਿਸ ਨੂੰ ਰਾਈਸ ਮਿੱਲਰ ਆਪਣੇ ਸੈਲਰਾਂ ਵਿਚ ਅਨ ਲਿਫ਼ਟਿੰਗ ਕਰਾਉਣ ਤੋਂ ਮਨਾਹੀ ਕਰ ਰਹੇ ਹਨ ਤੇ ਮੰਡੀ ਵਿਚ ਪਿਛਲੇ ਦਿਨਾਂ ਵਿਚ ਇਕ ਲੱਖ ਕੱਟੇ ਤੋਂ ਵੱਧ ਝੋਨੇ ਦੀ ਆਮਦ ਹੋ ਚੁੱਕੀ ਹੈ ਪ੍ਰੰਤੂ ਲਿਫ਼ਟਿੰਗ ਦੀ ਸਮੱਸਿਆ ਬਰਕਰਾਰ ਹੈ | ਉਨ੍ਹਾਂ ਕਿਹਾ ਕਿ ਅਜਿਹੀ ਮੁਸ਼ਕਿਲ ਪਿਛਲੇ ਸੀਜ਼ਨ ਮੌਕੇ ਵੀ ਆਈ ਸੀ ਅਤੇ ਆੜ੍ਹਤੀਏ ਤੇ ਕਿਸਾਨਾਂ ਵੱਲੋਂ 100 ਰੁਪਏ ਤੋਂ 150 ਰੁਪਏ ਕੱਟ ਲਗਾਉਣ ਤੇ ਇਲਜ਼ਾਮ ਲੱਗੇ ਸਨ ਪਰੰਤੂ ਇਸ ਵਾਰ ਆੜ੍ਹਤੀ ਅਜਿਹਾ ਜੋਖ਼ਮ ਕਦੇ ਵੀ ਨਹੀਂ ਲੈਣਗੇ | ਉਨ੍ਹਾਂ ਦੱਸਿਆ ਕਿ ਖ਼ਰੀਦ ਏਜੰਸੀ ਵਾਲੇ 17 ਫ਼ੀਸਦੀ ਝੋਨੇ ਦੀ ਨਮੀ ਵਾਲੇ ਝੋਨੇ ਦੀ ਖ਼ਰੀਦ ਤਾਂ ਕਰ ਰਹੇ ਹਨ ਪ੍ਰੰਤੂ ਉਹ ਫ਼ਸਲ ਬੋਰੀਆਂ ਵਿਚ ਮੰਡੀ ਵਿਚ ਰੁਕੀ ਹੋਈ ਹੈ | ਦੂਜੇ ਪਾਸੇ ਸ਼ੈਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਹਾਈਬਿ੍ਡ ਝੋਨਾ ਲਗਾਉਣ ਤੋਂ ਮਨਾਹੀ ਕੀਤੀ ਗਈ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਰਤਾਂ ਮੁਤਾਬਿਕ ਹੀ ਉਹੀ ਕਿਸਮਾਂ ਦਾ ਝੋਨਾ ਲਗਾਉਣ ਲਈ ਕਿਹਾ ਗਿਆ ਸੀ ਪਰੰਤੂ ਜਿਹੜੇ ਕਿਸਾਨ ਸਬਜ਼ੀ ਆਦਿ ਬੀਜਦੇ ਹਨ, ਉਨ੍ਹਾਂ ਨੇ ਪਹਿਲਾਂ ਹਾਈਬਿ੍ਡ ਝੋਨਾ ਲਗਾ ਲਿਆ ਤੇ ਹੁਣ ਸਰਕਾਰ ਉਸ ਝੋਨੇ ਦੀ ਖ਼ਰੀਦ ਵੀ ਕਰ ਰਹੀ ਹੈ ਪ੍ਰੰਤੂ ਇਸ ਕਿਸਮ ਦੇ ਝੋਨੇ ਦੀ ਸ਼ੀਲਡ 58 ਕਿੱਲੋ ਤੋਂ 60 ਕਿੱਲੋ ਚਾਵਲ ਇਕ ਕੁਇੰਟਲ ਵਿਚ ਨਿਕਲਦੇ ਹਨ | ਹੁਣ 8 ਤੋਂ 10 ਕਿੱਲੋ ਵਾਲਾ ਘਾਟਾ ਕੌਣ ਉਠਾਏਗਾ | ਉਨ੍ਹਾਂ ਮੰਗ ਕੀਤੀ ਕਿ ਇਸ ਗੱਲ ਬਾਰੇ ਪੰਜਾਬ ਸਰਕਾਰ ਸਪਸ਼ਟ ਕਰੇ | ਸ਼ੈਲਰ ਐਸੋਸੀਏਸ਼ਨ ਨੇ ਦੱਸਿਆ ਕਿ ਇਸ ਕਿਸਮ ਦੇ ਝੋਨੇ ਨੂੰ ਮੰਡੀਆਂ ਵਿਚ ਸੁਕਾ ਕੇ ਭਰਿਆ ਜਾ ਰਿਹਾ ਜਿਸ ਤੋਂ ਕੁਆਲਿਟੀ ਵੀ ਨਹੀਂ ਠੀਕ ਨਿਕਲਦੀ | ਇਸ ਸਬੰਧੀ ਗੱਲਬਾਤ ਕਰਨ ਤੇ ਫੂਡ ਸਪਲਾਈ ਅਧਿਕਾਰੀ ਹਰਸ਼ਰਨ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰ 17 ਫ਼ੀਸਦੀ ਨਮੀ ਵਾਲਾ ਸੁੱਕਾ ਝੋਨਾ ਹਰ ਹਾਲਤ ਵਿਚ ਖ਼ਰੀਦੇਗੀ ਜਿਸ ਸਬੰਧੀ ਸਾਰੀਆਂ ਹੀ ਖ਼ਰੀਦ ਏਜੰਸੀਆਂ ਨੂੰ ਸਖ਼ਤ ਹੁਕਮ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਜੇ ਕੋਈ ਖ਼ਰੀਦ ਇੰਸਪੈਕਟਰ ਝੋਨੇ ਨੂੰ ਖ਼ਰੀਦਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ | ਉਨ੍ਹਾਂ ਲਿਫ਼ਟਿੰਗ ਦੀ ਸਮੱਸਿਆ ਨੂੰ ਵੀ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਲਦੀ ਹੀ ਅਨ ਲਿਫ਼ਟਿੰਗ ਤੋਂ ਬਾਅਦ ਇਹ ਸਮੱਸਿਆ ਹੱਲ ਹੋ ਜਾਵੇਗੀ | ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਬਦਰੰਗ ਝੋਨੇ ਦੀ ਖ਼ਰੀਦ ਬਾਰੇ ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਸਮੱਸਿਆ ਆਵੇਗੀ ਤਾਂ ਉਸ ਮੁਤਾਬਿਕ ਹੱਲ ਕਰ ਲਿਆ ਜਾਵੇਗਾ ਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ | ਉਨ੍ਹਾਂ ਸਮੂਹ ਆੜ੍ਹਤੀ ਤੇ ਸ਼ੈਲਰ ਐਸੋਸੀਏਸ਼ਨ ਨੂੰ ਆਪਸੀ ਤਾਲਮੇਲ ਨਾਲ ਝੋਨੇ ਦੀ ਸੁਚਾਰੂ ਖ਼ਰੀਦ ਸਬੰਧੀ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ | ਇਸ ਮੌਕੇ ਜ਼ਿਲ੍ਹਾ ਮੰਡੀਕਰਨ ਅਫ਼ਸਰ ਗਗਨਦੀਪ ਸਿੰਘ, ਇੰਸਪੈਕਟਰ ਪਰਵੇਸ਼ ਫੂਡ ਸਪਲਾਈ, ਇੰਸ: ਬਲਦੇਵ ਸਿੰਘ ਵੇਅਰ ਹਾਊਸਿੰਗ, ਇੰਸ: ਜੈ ਦੇਵ ਮਾਰਕਫੈੱਡ, ਇੰਸ: ਅਜੇ ਪਠਾਣੀਆਂ ਪਨਸਪ, ਇੰਸ: ਹਰਵਿੰਦਰ ਸਿੰਘ ਮੰਡੀਕਰਨ ਅਤੇ ਵੱਡੀ ਗਿਣਤੀ ਵਿਚ ਆੜ੍ਹਤੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਨੇ ਬੋਰਡ ਦੀਆਂ ਸ਼ਕਤੀਆਂ ਨੂੰ ਸੀਮਤ ਕਰਨ ਵਾਲੇ ਨਿਯਮਾਂ ਨੂੰ ਰਿਕਾਰਡ 'ਤੇ ਰੱਖਣ ਨੂੰ ਕਿਹਾ ਅਗਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤਾ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਲ ਦਫ਼ਤਰ ਮੂਹਰੇ ਰੋਸ ਵਿਖਾਵਾ
Ad Position 24