ਫਗਵਾੜਾ, 19 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਬੰਗਾ ਰੋਡ ਤੇ ਪਲਾਹੀ ਰੋਡ ਦੀਆਂ ਟੁੱਟੀਆਂ ਸੜਕਾਂ ਨੂੰ ਮੁੜ ਬਣਾਉਣ ਲਈ ਪੰਜਾਬ ਸਰਕਾਰ ਨੇ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ ਜੋ ਨਵੰਬਰ ਮਹੀਨੇ ਤੋਂ ਬਣਨੀਆਂ ਸ਼ੁਰੂ ਹੋ ਜਾਣਗੀਆਂ | ਇਹ ਜਾਣਕਾਰੀ ਦਿੰਦੇ ਹੋਏ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੇ ਸਥਾਨਕ ਹਲਕਾ ਇੰਚਾਰਜ ਹਰਜੀ ਮਾਨ ਨੇ ਦੱਸਿਆ ਕਿ ਬੰਗਾ ਰੋਡ ਸੜਕ ਲਈ 3 ਕਰੋੜ 88 ਲੱਖ ਤੇ ਪਲਾਹੀ ਰੋਡ ਸੜਕ ਲਈ ਕਰੀਬ ਡੇਢ ਕਰੋੜ ਰੁਪਏ ਦੀ ਰਾਸ਼ੀ ਸਰਕਾਰ ਨੇ ਮਨਜ਼ੂਰ ਕਰ ਦਿੱਤੀ ਹੈ | ਇਹ ਦੋਨੋਂ ਸੜਕਾਂ ਕਾਫ਼ੀ ਲੰਬੇ ਸਮੇਂ ਤੋਂ ਟੁੱਟੀਆਂ ਪਈਆਂ ਸਨ, ਜਿਸ ਤੋਂ ਇਲਾਕੇ ਦੇ ਲੋਕ ਕਾਫ਼ੀ ਪ੍ਰੇਸ਼ਾਨ ਸਨ | ਵਰਨਣਯੋਗ ਹੈ ਕਿ ਇਸ ਸੜਕ ਨੂੰ ਬਣਾਉਣ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਪਾਸ ਲੋਕਾਂ ਨੇ ਮੰਗ ਚੁੱਕੀ ਸੀ ਤੇ ਕਿਹਾ ਕਿ ਸੀ ਕਿ ਇਸ ਸੜਕ ਤੇ ਰੋਜ਼ਾਨਾ ਹਾਦਸੇ ਵੀ ਵਾਪਰ ਰਹੇ ਹਨ ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਜਿਸ ਨਾਲ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਸੀ ਤੇ ਬਰਸਾਤ ਦੇ ਦਿਨਾਂ 'ਚ ਹੋਰ ਵੀ ਸਿਰਦਰਦੀ ਬਣ ਜਾਂਦਾ ਹੈ | ਬੰਗਾ ਰੋਡ 'ਤੇ ਸ਼੍ਰੀ ਵਿਸ਼ਵਕਰਮਾ ਜੀ ਦੇ ਅਸਥਾਨ 'ਤੇ ਹੋਣ ਵਾਲੇ ਮੇਲੇ ਨੂੰ ਲੈ ਕੇ ਦੋ ਦਿਨ ਪਹਿਲਾ ਹੀ ਇੱਥੋਂ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਟੋਇਆਂ 'ਚ ਬੱਜਰੀ ਪੁਆ ਕੇ ਲੋਕਾਂ ਦੇ ਲੰਘਣ ਦਾ ਕੰਮ ਸੌਖਾ ਕੀਤਾ ਸੀ ਪਰ ਹੁਣ ਸਰਕਾਰ ਦੀ ਮਨਜ਼ੂਰੀ ਹੋਣ ਨਾਲ ਲੋਕ ਰਾਹਤ ਮਹਿਸੂਸ ਕਰਨਗੇ ਤੇ ਕਈ ਲੋਕਾਂ ਨੇ ਇਸ ਲਈ ਡਾ. ਚੱਬੇਵਾਲ ਦਾ ਧੰਨਵਾਦ ਕੀਤਾ | ਪਤਾ ਲੱਗਾ ਹੈ ਕਿ ਇਹ ਸੜਕਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮ ਦੇ ਸਬੰਧ 'ਚ ਮਨਜ਼ੂਰ ਕੀਤੀਆਂ ਗਈਆਂ ਹਨ ਇਸ ਸੜਕ ਤੋਂ ਹੀ ਨਗਰ ਕੀਰਤਨ ਨਿਕਲਣਗੇ |