ਤਲਵੰਡੀ ਚੌਧਰੀਆਂ, 19 ਅਕਤੂਬਰ (ਪਰਸਨ ਲਾਲ ਭੋਲਾ)-ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਖੜਗ ਸਿੰਘ ਦੰਦੂਪੁਰ, ਸਮੂਹ ਸਾਧ ਸੰਗਤ, ਗ੍ਰਾਮ ਪੰਚਾਇਤ ਦੰਦੂਪੁਰ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਖੜਗ ਸਿੰਘ ਦੇ 169ਵੇਂ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ 28 ਅਕਤੂਬਰ ਦਿਨ ਮੰਗਲਵਾਰ ਨੂੰ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਸਿੰਘ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜੋਗਿੰਦਰ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ 7 ਰੋਜ਼ਾ ਧਾਰਮਿਕ ਸਮਾਗਮ ਦੇ ਸਬੰਧ ਵਿਚ 22 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਆਰੰਭ ਹੋਵੇਗੀ, ਜਿਸ ਦੇ ਭੋਗ 24 ਅਕਤੂਬਰ ਨੂੰ , ਦੂਜੀ ਲੜੀ 24 ਤੋਂ ਆਰੰਭ ਹੋਵੇਗੀ, ਜਿਸ ਦੇ ਭੋਗ 26 ਅਕਤੂਬਰ ਨੂੰ , ਧਾਰਮਿਕ ਸਮਾਗਮਾਂ ਦੀ ਤੀਜੀ ਤੇ ਆਖ਼ਰੀ ਲੜੀ 26 ਤਰੀਕ ਨੂੰ ਆਰੰਭ ਹੋਵੇਗੀ ਤੇ ਜਿਸ ਦੇ ਭੋਗ 28 ਅਕਤੂਬਰ ਦਿਨ ਮੰਗਲਵਾਰ ਨੂੰ ਪਾਏ ਜਾਣਗੇ | ਉਨ੍ਹਾਂ ਅੱਗੇ ਦੱਸਿਆ ਕਿ 7 ਰੋਜ਼ਾ ਧਾਰਮਿਕ ਸਮਾਗਮਾਂ ਵਿਚ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਸੰਤ ਮਹਾਂਪੁਰਸ਼ਾਂ ਵਿਚ ਸੰਤ ਬਾਬਾ ਅਵਤਾਰ ਸਿੰਘ ਬਿਧੀਚੰਦ ਸੁਰ ਸਿੰਘ ਵਾਲੇ, ਸੰਤ ਬਾਬਾ ਲੀਡਰ ਸਿੰਘ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸੈਫਲਾਬਾਦ ਵਾਲੇ, ਸੰਤ ਬਾਬਾ ਜੈ ਸਿੰਘ ਡੇਰਾ ਬਾਬਾ ਸ਼੍ਰੀ ਚੰਦ ਮਹਿਮਦਵਾਲ ਵਾਲੇ, ਸੰਤ ਬਾਬਾ ਮੁਨੀ ਖੈੜਾ ਬੇਟ ਵਾਲੇ, ਸੰਤ ਬਾਬਾ ਨਿਰਮਲ ਦਾਸ ਬੂੜੇਵਾਲ ਵਾਲੇ, ਸੰਤ ਬਾਬਾ ਗੁਰਰਾਜ ਪਾਲ ਸਿੰਘ ਅੰਮਿ੍ਤਸਰ ਵਾਲੇ ਅਤੇ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ | ਇਸ ਤੋਂ ਪਹਿਲਾਂ 27 ਅਕਤੂਬਰ ਰਾਤ ਦੇ ਦੀਵਾਨ ਛੇ ਤੋਂ 9 ਵਜੇ ਤੱਕ ਜਿਸ ਵਿਚ ਕੁਲਵੰਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਦਮਦਮਾ ਸਾਹਿਬ ਤੇ ਕਥਾਵਾਚਕ ਭਾਈ ਸੁਖਦੇਵ ਸਿੰਘ ਬਾਉਲੀ ਸਾਹਿਬ ਡੱਲਾ ਵਾਲੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਨਗੇ | 28 ਅਕਤੂਬਰ ਦਿਨ ਮੰਗਲਵਾਰ ਨੂੰ ਅਰਦਾਸ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਭਾਈ ਗੁਰਦੇਵ ਸਿੰਘ ਜੀ ਦੰਦੂਪੁਰ ਵਾਲੇ, ਭਾਈ ਬਲਦੇਵ ਸਿੰਘ ਹਜ਼ੂਰੀ ਰਾਗੀ ਬੀੜ ਸਾਹਿਬ ਵਾਲੇ ਤੇ ਢਾਡੀ ਜਥਾ ਸੁਖਵਿੰਦਰ ਸਿੰਘ ਅਨਮੋਲ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ | ਉਨ੍ਹਾਂ ਅੱਗੇ ਦੱਸਿਆ ਕਿ ਸੰਗਤਾਂ ਦੀ ਜ਼ੋਰਦਾਰ ਮੰਗ ਤੇ 29 ਅਕਤੂਬਰ ਨੂੰ ਸਵੇਰੇ 10 ਵਜੇ ਘੋੜਿਆਂ ਦੀਆਂ ਦੌੜਾਂ ਦੇ ਮੁਕਾਬਲੇ ਹੋਣਗੇ, ਜਿਸ ਵਿਚ ਸੰਤ ਬਾਬਾ ਅਵਤਾਰ ਸਿੰਘ ਬਿਧੀ ਚੰਦਰੀਏ ਸੁਰ ਸਿੰਘ ਵਾਲਿਆਂ ਦੀਆਂ ਫ਼ੌਜਾਂ ਹਿੱਸਾ ਲੈਣਗੀਆਂ | ਧਾਰਮਿਕ ਸਮਾਗਮਾਂ ਦੇ ਸੱਤੇ ਦਿਨ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ |