ਕਪੂਰਥਲਾ, 31 ਅਕਤੂਬਰ (ਅਮਰਜੀਤ ਕੋਮਲ)-ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਏਕਤਾ ਦਿਵਸ ਵਜੋਂ ਮਨਾਉਂਦਿਆਂ ਏਕਤਾ ਦੌੜ ਕੱਢੀ ਗਈ | ਜਿਸ ਨੂੰ ਰਵੀ ਕੁਮਾਰ ਪਿ੍ੰਸੀਪਲ ਚੀਫ਼ ਮਕੈਨੀਕਲ ਇੰਜ. ਆਰ.ਸੀ.ਐਫ਼ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਏਕਤਾ ਦੌੜ ਵਿਚ ਆਰ.ਸੀ.ਐਫ. ਦੇ ਅਧਿਕਾਰੀਆਂ, ਕਰਮਚਾਰੀਆਂ, ਆਰ. ਪੀ. ਐਫ. ਦੇ ਜਵਾਨਾਂ, ਆਰ.ਸੀ.ਐਫ. ਦੇ ਖਿਡਾਰੀਆਂ ਤੇ ਸਾਬਕਾ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਬੋਲਦਿਆਂ ਇੰਜ. ਰਵੀ ਕੁਮਾਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਏਕਤਾ ਤੇ ਸਦਭਾਵਨਾ ਬਣਾਈ ਰੱਖਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਹ ਦੌੜ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਰਾਸ਼ਟਰੀ ਸ਼ਕਤੀ ਦਾ ਸੰਦੇਸ਼ ਦਿੰਦੀ ਹੈ | ਦੌੜ ਦੀ ਸਮਾਪਤੀ 'ਤੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਏਕਤਾ ਦਾ ਪ੍ਰਣ ਲਿਆ | ਇਸੇ ਦੌਰਾਨ ਕਰਮਚਾਰੀਆਂ ਨੇ ਆਪੋ ਆਪਣੇ ਕਾਰਜ ਸਥਾਨਾਂ 'ਤੇ ਵੀ ਏਕਤਾ ਸਬੰਧੀ ਸਹੁੰ ਚੁੱਕੀ |