ਕਪੂਰਥਲਾ, 21 ਨਵੰਬਰ (ਵਿ.ਪ੍ਰ.)-ਆਰ.ਪੀ.ਐਫ. ਵਲੋਂ ਵੱਡੀ ਗਿਣਤੀ ਵਿਚ ਠੇਕਾ ਮੁਲਾਜ਼ਮਾਂ ਨੂੰ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਨਾ ਹੋਣ 'ਤੇ ਅੱਜ ਵਰਕਸ਼ਾਪ ਵਿਚ ਦਾਖਲ ਹੋਣ ਤੋਂ ਰੋਕੇ ਜਾਣ ਦਾ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਤੇ ਸਰਪ੍ਰਸਤ ਪਰਮਜੀਤ ਸਿੰਘ ਖ਼ਾਲਸਾ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਇਸ ਕਾਰਵਾਈ ਲਈ ਠੇਕੇਦਾਰਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ | ਯੂਨੀਅਨ ਆਗੂਆਂ ਨੇ ਕਿਹਾ ਕਿ ਠੇਕੇਦਾਰ ਲਗਭਗ ਸਾਰੇ ਮੁਲਾਜ਼ਮਾਂ ਨੂੰ ਸਮੇਂ ਸਿਰ ਘੱਟੋ ਘੱਟ ਉਜਰਤ ਨਾ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ ਤੇ ਕੁੱਝ ਠੇਕੇਦਾਰਾਂ ਵਲੋਂ ਮੁਲਾਜ਼ਮਾਂ ਦੇ ਬੈਂਕ ਖਾਤੇ ਵਿਚ ਪੂਰੀ ਤਨਖ਼ਾਹ ਪਾ ਕੇ ਬਾਅਦ ਵਿਚ ਉਨ੍ਹਾਂ ਕੋਲੋਂ 3 ਤੋਂ ਲੈ ਕੇ 4 ਹਜ਼ਾਰ ਰੁਪਏ ਕਥਿਤ ਤੌਰ 'ਤੇ ਜਬਰੀ ਵਾਪਸ ਲਏ ਜਾ ਰਹੇ ਹਨ | ਇਸੇ ਤਰ੍ਹਾਂ ਗਰੁੱਪ-1, ਗਰੁੱਪ-2, ਗਰੁੱਪ-3 ਤੇ ਟਰਾਂਸਪੋਰਟ ਸ਼ਾਪ ਆਦਿ ਵਿਚ ਠੇਕੇਦਾਰਾਂ ਨੇ ਪਿਛਲੇ ਲਗਭਗ 1 ਸਾਲ ਤੋਂ ਮੁਲਾਜ਼ਮਾਂ ਦਾ ਈ.ਪੀ.ਐਫ. ਤੇ ਈ.ਐਸ.ਆਈ. ਵੀ ਜਮ੍ਹਾ ਨਹੀਂ ਕਰਵਾਈ | ਉਨ੍ਹਾਂ ਆਰ.ਸੀ.ਐਫ. ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟੈਂਡਰ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰਾਂ ਨੂੰ ਤੁਰੰਤ ਬਰਖ਼ਾਸਤ ਕਰਕੇ ਉਨ੍ਹਾਂ ਨੂੰ ਰੇਲਵੇ ਤੋਂ ਬਲੈਕ ਲਿਸਟ ਕੀਤਾ ਜਾਵੇ ਤੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸਮੇਂ ਸਿਰ ਤਨਖ਼ਾਹ ਦੀ ਅਦਾਇਗੀ ਯਕੀਨੀ ਬਣਾਈ ਜਾਵੇ ਤੇ ਉਨ੍ਹਾਂ ਦਾ ਈ.ਪੀ.ਐਫ. ਤੇ ਈ.ਐਸ.ਆਈ. ਤੁਰੰਤ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾ ਕਰਵਾਇਆ ਜਾਵੇ |