ਜੰਮੂ, 4 ਫਰਵਰੀ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ 3 ਦਿਨਾ ਦੌਰੇ ਤੋਂ ਇਕ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਊਧਮਪੁਰ ਤੇ ਕਿਸ਼ਤਵਾੜ ਜ਼ਿਲਿ੍ਹਆਂ 'ਚ ਅੱਜ ਹੋਏ ਦੋ ਮੁਕਾਬਲਿਆਂ 'ਚ ਜੈਸ਼ ਦੇ 3 ਅੱਤਵਾਦੀ ਹਲਾਕ ਹੋ ਗਏ | ਊਧਮਪੁਰ ਜ਼ਿਲ੍ਹੇ 'ਚ ਇਕ ਗੁਫ਼ਾ ਵਿਚ ਲੁਕੇ ਜੈਸ਼-ਏ-ਮੁਹੰਮਦ ਸੰਗਠਨ ਦੇ ਇਕ ਚੋਟੀ ਦੇ ਕਮਾਂਡਰ ਸਮੇਤ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ | ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਜਵਾਨਾਂ ਨੇ ਦੁਪਹਿਰ ਸਮੇਂ ਗੁਫਾ 'ਤੇ ਹਮਲਾ ਕੀਤਾ ਤਾਂ ਕਈ ਜ਼ਬਰਦਸਤ ਧਮਾਕੇ ਸੁਣਾਈ ਦਿੱਤੇ | ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ 'ਚੋਂ ਇੱਕ ਰੁਬਾਨੀ ਉਰਫ਼ ਅਬੂ ਮਾਵੀਆ ਹੈ, ਜੋ ਜੈਸ਼-ਏ-ਮੁਹੰਮਦ ਦਾ ਚੋਟੀ ਦਾ ਕਮਾਂਡਰ ਹੈ, ਜੋ ਪਿਛਲੇ ਕਈ ਸਾਲਾਂ ਤੋਂ ਇਸ ਖੇਤਰ ਵਿਚ ਸਰਗਰਮ ਸੀ | ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੂੰ ਇਕ ਅੱਤਵਾਦੀ ਦੀ ਲਾਸ਼ ਗੁਫਾ ਦੇ ਬਾਹਰ ਪਈ ਮਿਲੀ ਜਦਕਿ ਇਕ ਹੋਰ ਦੀ ਲਾਸ਼ ਗੁਫਾ ਦੇ ਅੰਦਰ ਪਈ ਮਿਲੀ | ਉਨ੍ਹਾਂ ਦੱਸਿਆ ਕਿ ਮੰਗਲਵਾਰ ਸ਼ਾਮ 4 ਵਜੇ ਦੇ ਕਰੀਬ ਰਾਮਨਗਰ-ਬਸੰਤਗੜ੍ਹ ਖੇਤਰ ਦੇ ਉੱਚੇ ਇਲਾਕਿਆਂ ਵਿਚ ਤੇਜ਼ੀ ਨਾਲ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਫ਼ੌਜ, ਪੁਲਿਸ ਅਤੇ ਸੀ.ਆਰ.ਪੀ.ਐਫ. ਦੇ ਸਾਂਝੇ ਜਵਾਨਾਂ ਨੇ ਅੱਤਵਾਦੀਆਂ ਨੂੰ ਲੱਭ ਲਿਆ ਅਤੇ ਉਨ੍ਹਾਂ ਦਰਮਿਆਨ ਜ਼ਬਰਦਸਤ ਗੋਲੀਬਾਰੀ ਹੋਈ | ਫ਼ੌਜ ਨੇ 20 ਘੰਟੇ ਤੋਂ ਵੱਧ ਚੱਲੇ ਇਸ ਆਪ੍ਰੇਸ਼ਨ ਨੂੰ 'ਕੀਆ' ਦਾ ਨਾਮ ਦਿੱਤਾ ਅਤੇ ਕਿਹਾ ਕਿ ਭਾਵੇਂ ਇਹ ਖਤਮ ਹੋ ਗਿਆ ਹੈ ਪਰ ਇਹ ਇਲਾਕਾ ਅਜੇ ਵੀ ਉਨ੍ਹਾਂ ਦੀ ਨਿਗਰਾਨੀ ਹੇਠ ਹੈ | ਬੁੱਧਵਾਰ ਸ਼ਾਮ ਨੂੰ ਕਿਸ਼ਤਵਾੜ ਜ਼ਿਲ੍ਹੇ ਦੇ ਬਰਫ਼ ਨਾਲ ਢਕੇ ਉਪਰਲੇ ਇਲਾਕਿਆਂ 'ਚ ਫ਼ੌਜ ਵਲੋਂ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਇਕ ਸ਼ੱਕੀ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ | ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 18 ਦਿਨਾਂ 'ਚ ਚਤਰੂ ਪੱਟੀ ਵਿਚ ਇਹ ਪੰਜਵਾਂ ਮੁਕਾਬਲਾ ਸੀ | ਕਿਸ਼ਤਵਾੜ ਖੇਤਰ 'ਚ ਚੱਲ ਰਹੇ ਤਲਾਸ਼ੀ ਅਤੇ ਖਾਤਮੇ ਦੇ ਆਪ੍ਰੇਸ਼ਨ ਦੌਰਾਨ ਸੰਘਣੇ ਜੰਗਲਾਂ ਅਤੇ ਕਈ ਉਪਰਲੇ ਇਲਾਕਿਆਂ ਵਿਚ ਕਈ ਮੁਕਾਬਲੇ ਹੋਏ ਹਨ, ਅੱਜ ਸ਼ਾਮ ਲਗਭਗ 5.45 ਵਜੇ ਕਿਸ਼ਤਵਾੜ ਦੇ ਡਿਚਰ ਖੇਤਰ ਵਿਚ ਕਾਊਾਟਰ-ਇਨਸਰਜੈਂਸੀ ਫੋਰਸ ਡੈਲਟਾ, ਵ੍ਹਾਈਟ ਨਾਈਟ ਕੋਰ, ਜੰਮੂ ਅਤੇ ਕਸ਼ਮੀਰ ਪੁਲਿਸ ਅਤੇ ਸੀ.ਆਰ.ਪੀ.ਐਫ. ਜਵਾਨਾਂ ਦੁਆਰਾ ਕੀਤੇ ਗਏ ਇਕ ਸਾਂਝੇ ਆਪ੍ਰੇਸ਼ਨ (ਤ੍ਰਾਸ਼ੀ-1) 'ਚ ਭੱਜ ਰਹੇ ਅੱਤਵਾਦੀਆਂ ਨੂੰ ਫ਼ੜਨ ਲਈ ਮੁਹਿੰਮ ਚਲਾਈ ਜਾ ਰਹੀ ਹੈ |