ਕਿਹਾ, 140 ਕਰੋੜ ਭਾਰਤੀਆਂ ਦੀਆਂ ਜ਼ਰੂਰਤਾਂ ਦੀ ਸੁਰੱਖਿਆ ਸਰਕਾਰ ਦੀ ਮੁੱਖ ਤਰਜੀਹ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 4 ਫਰਵਰੀ -ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸੰਸਦ ਦੇ ਦੋਵਾਂ ਸਦਨਾਂ 'ਚ ਭਾਰਤ ਅਮਰੀਕਾ ਵਪਾਰ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਮਝੌਤੇ 'ਚ ਭਾਰਤ ਵਲੋਂ ਕਿਸਾਨਾਂ ਅਤੇ ਸੰਵੇਦਨਸ਼ੀਲ ਖੇਤਰਾਂ ਜਿਵੇਂ ਖੇਤੀ ਅਤੇ ਡੇਅਰੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ | ਗੋਇਲ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ 'ਚ ਭਾਰਤ ਨੇ ਆਪਣੇ ਜ਼ਰੂਰੀ ਸੈਕਟਰ ਪੂਰੀ ਤਰ੍ਹਾਂ ਸੁਰੱਖਿਅਤ ਰੱਖੇ ਹਨ | ਦੋਵਾਂ ਸਦਨਾਂ 'ਚ ਚੱਲ ਰਹੇ ਹੰਗਾਮੇ ਦੌਰਾਨ ਕੇਂਦਰੀ ਮੰਤਰੀ ਨੇ ਭਾਰਤ ਦਾ ਪੱਖ ਰੱਖਦਿਆਂ ਕਿਹਾ ਕਿ 140 ਕਰੋੜ ਭਾਰਤੀਆਂ ਦੀਆਂ ਜ਼ਰੂਰਤਾਂ ਦੀ ਸੁਰੱਖਿਆ ਕਰਨਾ ਸਰਕਾਰ ਦੀ ਸਰਬਉੱਚ ਤਰਜੀਹ ਹੈ | ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਸਮਝੌਤੇ ਨੂੰ ਲੈ ਕੇ ਨਿਯਮਿਤ ਰੂਪ ਨਾਲ ਚਰਚਾ ਕਰ ਰਹੇ ਹਨ | ਦੋਵਾਂ ਧਿਰਾਂ ਨੇ ਵੱਖ-ਵੱਖ ਪੱਧਰਾਂ 'ਤੇ ਵਿਆਪਕ ਗੱਲਬਾਤ ਕੀਤੀ ਹੈ | ਦੋਵੇਂ ਧਿਰਾਂ ਆਪੋ ਆਪਣੀ ਅਰਥ ਵਿਵਸਥਾ ਦੇ ਅਹਿਮ ਅਤੇ ਸੰਵੇਦਨਸ਼ੀਲ ਖੇਤਰਾਂ ਦੀ ਰੱਖਿਆ ਕਰਦੇ ਹੋਏ ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ 'ਚ ਸਫਲ ਰਹੇ ਹਨ | ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਨ 'ਤੇ ਚਰਚਾ ਕੀਤੀ ਅਤੇ ਇਸ ਤੋਂ ਬਾਅਦ ਟਰੰਪ ਨੇ ਅਮਰੀਕਾ ਦੇ ਟੈਰਿਫ ਨੂੰ ਘਟਾ ਕੇ 18 ਫੀਸਦੀ ਕਰਨ ਦਾ ਐਲਾਨ ਕੀਤਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਅਮਰੀਕਾ ਵਲੋਂ ਕਈ ਹੋਰਨਾਂ ਦੇਸ਼ਾਂ 'ਤੇ ਲਾਈ ਗਈ ਫੀਸ ਤੋਂ ਵੀ ਘੱਟ ਹੈ | ਗੋਇਲ ਵਲੋਂ ਆਪਣੇ ਤੌਰ 'ਤੇ ਜਾਰੀ ਇਸ ਬਿਆਨ ਦੇ ਸਮੇਂ ਵਿਰੋਧੀ ਧਿਰਾਂ ਵਲੋਂ ਲਗਾਤਾਰ ਹੰਗਾਮਾ ਜਾਰੀ ਰਿਹਾ ਅਤੇ ਉਨ੍ਹਾਂ ਸਾਰਾ ਬਿਆਨ ਸ਼ੋਰ-ਸ਼ਰਾਬੇ 'ਚ ਹੀ ਦਿੱਤਾ |
ਅਮਰੀਕਾ ਨਾਲ ਵਪਾਰ ਸੰਧੀ 'ਚ ਖੇਤੀ ਅਤੇ ਡੇਅਰੀ ਉਤਪਾਦਾਂ ਨਾਲ ਕੋਈ ਸਮਝੌਤਾ ਨਹੀਂ-ਗੋਇਲ
ਅਜੀਤ ਡੈਸਕ
05-02-2026