02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਜਟ ਇਜਲਾਸ ਦੇ ਪਹਿਲੇ ਦਿਨ ਕਾਂਗਰਸੀ ਆਗੂਆਂ ਵਲੋਂ ਵਿਧਾਨ ਸਭਾ ਦੇ ਘਿਰਾਓ ਦੀ ਕੋਸ਼ਿਸ਼ <br/>

Ad Position 21
No active advertisement
ਅਜੀਤ ਡੈਸਕ 07-03-2026

ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ 'ਤੇ ਛੱਡੀਆਂ ਪਾਣੀ ਦੀਆਂ ਬੁਛਾੜਾਂ
ਚੰਡੀਗੜ੍ਹ, 6 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ 'ਚ ਅੱਜ ਸ਼ੁਰੂ ਹੋਏ ਬਜਟ ਇਜਲਾਸ ਦੇ ਪਹਿਲੇ ਦਿਨ ਪੰਜਾਬ ਕਾਂਗਰਸ ਵਲੋਂ 'ਆਪ' ਸਰਕਾਰ ਨੂੰ ਘੇਰਨ ਲਈ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ | ਕਾਂਗਰਸ ਭਵਨ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ 'ਚ ਇਕੱਤਰ ਹੋਏ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ 'ਚ ਇਸ ਪ੍ਰਦਰਸ਼ਨ 'ਚ ਸ਼ਮੂਲੀਅਤ ਕੀਤੀ | ਚੰਡੀਗੜ੍ਹ ਪੁਲਿਸ ਵਲੋਂ ਕਾਂਗਰਸੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸੁਰੱਖਿਆ ਦੇ ਵੱਡੇ ਇੰਤਜ਼ਾਮ ਕੀਤੇ ਗਏ ਸਨ, ਜਿਸ ਦੇ ਚਲਦਿਆਂ ਪਾਰਟੀ ਆਗੂਆਂ ਨੂੰ ਕਾਂਗਰਸ ਭਵਨ ਤੋਂ ਵਿਧਾਨ ਸਭਾ ਵੱਲ ਵੱਧਦੇ ਹੀ ਨੇੜੇ ਤੋਂ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਾ ਕੇ ਰੋਕ ਲਿਆ ਪਰ ਕਾਂਗਰਸੀ ਅੱਗੇ ਵਧਣ ਲਈ ਬਜਿੱਦ ਸਨ | ਪੁਲਿਸ ਨੂੰ ਕਾਂਗਰਸੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਨੀ ਪਈ ਪਰ ਇਸ ਦੇ ਬਾਵਜੂਦ ਵੀ ਕਾਂਗਰਸੀ ਅੱਗੇ ਵਧਣ ਤੋਂ ਨਹੀਂ ਰੁਕੇ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ | ਪੰਜਾਬ ਕਾਂਗਰਸ ਦੇ ਬੁਲਾਰੇ ਅਨੁਸਾਰ ਇਸ ਦੌਰਾਨ ਕਈਆਂ ਨੂੰ ਗੰਭੀਰ ਸੱਟਾਂ ਵੀ ਵੱਜੀਆਂ ਅਤੇ ਕੁਝ ਇਕ ਨੂੰ ਪੀ.ਜੀ.ਆਈ. ਦਾਖਲ ਵੀ ਕਰਵਾਉਣਾ ਪਿਆ | ਇਸ ਤੋਂ ਪਹਿਲਾਂ ਪੰਜਾਬ ਭਰ ਤੋਂ ਆਏ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿਚ ਵੱਡਾ ਰੋਸ ਪ੍ਰਦਰਸ਼ਨ ਕੀਤਾ | ਕਾਂਗਰਸੀ ਆਗੂਆਂ ਨੇ ਸੂਬੇ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੇ ਵਾਅਦੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਚਾਰ ਸਾਲਾਂ ਦੇ ਬਕਾਏ ਸਮੇਤ ਇਹ ਰਕਮ ਅਦਾ ਕਰਨੀ ਚਾਹੀਦੀ ਹੈ | ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੌਜੂਦਾ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਅਤੇ ਕਾਨੰੂਨ ਅਵਸਥਾ ਨੂੰ ਕਾਬੂ 'ਚ ਰੱਖਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਿਰ ਚੜਿਆ ਕਰਜ਼ਾ 4.17 ਲੱਖ ਕਰੋੜ ਤੱਕ ਪਹੁੰਚ ਚੁੱਕਾ ਹੈ | ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂਅ 'ਤੇ ਪੰਜਾਬ ਵਿਚ ਇਕ ਇੱਟ ਵੀ ਨਹੀਂ ਲਗਾਈ ਗਈ ਹੈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਖ਼ਰਾਬ ਹੋ ਚੁੱਕੀ ਹੈ | ਗੈਂਗਸਟਰ ਅਤੇ ਅਪਰਾਧੀ ਬਿਨਾ ਡਰ ਦੇ ਹੱਤਿਆਵਾਂ ਕਰ ਰਹੇ ਹਨ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਅਤੇ ਸਰਕਾਰ ਲੋਕਾਂ ਦੀਆਂ ਜਾਨਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੀ ਹੈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੇ ਹਨ, ਬੰਬ ਸੁੱਟੇ ਜਾ ਰਹੇ ਹਨ, ਬਾਬਾ ਸਾਹਿਬ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਨਸ਼ੇ ਦੀ ਸਮੱਸਿਆ ਵੀ ਵੱਡਾ ਮੁੱਦਾ ਬਣੀ ਹੋਈ ਹੈ, ਪਰ ਸਰਕਾਰ ਨੂੰ ਅਜੇ ਵੀ ਸਭ ਕੁਝ ਠੀਕ ਲੱਗ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਭਾਜਪਾ ਵਿਚਾਲੇ ਗੁਪਤ ਸਮਝੌਤਾ ਹੋ ਚੁੱਕਾ ਹੈ | ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵੀ ਸੰਬੋਧਨ ਕੀਤਾ ਗਿਆ | ਇਸ ਮੌਕੇ 'ਤੇ ਜਸਬੀਰ ਸਿੰਘ ਡਿੰਪਾ, ਸੁਖਪਾਲ ਸਿੰਘ ਖਹਿਰਾ, ਕੈਪਟਨ ਸੰਦੀਪ ਸੰਧੂ, ਰਮਿੰਦਰ ਸਿੰਘ ਆਵਲਾ, ਅਰੁਣਾ ਚੌਧਰੀ, ਅਮਰ ਸਿੰਘ, ਹਰਦਿਆਲ ਸਿੰਘ ਕੰਬੋਜ਼, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਰਾਜ ਕੁਮਾਰ ਵੇਰਕਾ, ਸੰਤੋਖ ਸਿੰਘ ਭਲਾਈਪੁਰ, ਸ਼ੇਰ ਸਿੰਘ ਘੁਬਾਇਆ, ਸਾਧੂ ਸਿੰਘ ਧਰਮਸੋਤ, ਕੁਲਜੀਤ ਸਿੰਘ ਨਾਗਰਾ, ਅਨਿਲ ਜੋਸ਼ੀ, ਵਿਕਰਮਜੀਤ ਸਿੰਘ ਚੌਧਰੀ, ਭਗਵੰਤ ਪਾਲ ਸਿੰਘ ਸੱਚਰ ਹਲਕਾ ਇੰਚਾਰਜ ਮਜੀਠਾ ਅਤੇ ਨਵਦੀਪ ਸਿੰਘ ਸੋਨਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਅਨੁਜ ਅਗਨੀਹੋਤਰੀ ਸਿਵਲ ਸੇਵਾਵਾਂ ਪ੍ਰੀਖਿਆ 'ਚੋਂ ਪਹਿਲੇ ਸਥਾਨ 'ਤੇ ਅਗਲੀ ਖ਼ਬਰ ਅਮਰੀਕਾ ਵਲੋਂ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਲਈ 30 ਦਿਨਾਂ ਦੀ ਛੋਟ
Ad Position 24
No active advertisement