ਬਾਘਾ ਪੁਰਾਣਾ, 6 ਮਾਰਚ (ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ)-ਅੱਜ ਬਾਘਾ ਪੁਰਾਣਾ ਸ਼ਹਿਰ ਅੰਦਰ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਅਣਪਛਾਤੇ ਨੌਜਵਾਨ ਵਿਅਕਤੀਆਂ ਵਲੋਂ ਪਿੰਡ ਪੱਤੋ ਹੀਰਾ ਸਿੰਘ ਦੇ ਮੌਜੂਦਾ ਸਰਪੰਚ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਪੱਤੋ ਹੀਰਾ ਸਿੰਘ (ਮੋਗਾ) ਦੇ ਮੌਜੂਦਾ ਸਰਪੰਚ ਹਰਵਿੰਦਰ ਸਿੰਘ ਹੈਪੀ ਨੇ ਬਾਘਾ ਪੁਰਾਣਾ ਸ਼ਹਿਰ ਅੰਦਰ ਕੋਟਕਪੂਰਾ ਰੋਡ 'ਤੇ ਇਕ ਜਿੰਮ (ਸੁਜਾਨ ਫਿਟਨੈੱਸ ਕਲੱਬ) ਖੋਲਿ੍ਹਆ ਹੋਇਆ ਹੈ ਜਿਸ 'ਤੇ ਉਕਤ ਸਰਪੰਚ ਰੋਜ਼ਾਨਾ ਸਵੇਰ-ਸ਼ਾਮ ਆਉਂਦਾ-ਜਾਂਦਾ ਸੀ | ਇਸੇ ਤਹਿਤ ਅੱਜ ਲਗਭਗ ਸਵੇਰੇ 11 ਵਜੇ ਦੇ ਕਰੀਬ ਜਦੋਂ ਸਰਪੰਚ ਆਪਣੀ ਨਿੱਜੀ ਥਾਰ ਗੱਡੀ 'ਤੇ ਸਵਾਰ ਹੋ ਕੇ ਜਿੰਮ ਕੋਲ ਪਹੁੰਚਿਆ ਤਾਂ ਘਟਨਾ ਸਥਾਨ 'ਤੇ ਪਹਿਲਾਂ ਹੀ ਖੜ੍ਹੇ ਚਾਰ-ਪੰਜ ਅਣਪਛਾਤੇ ਨੌਜਵਾਨ ਵਿਅਕਤੀਆਂ ਵਲੋਂ ਉਸ 'ਤੇ ਗੱਡੀ ਤੋਂ ਉੱਤਰਦੇ ਸਾਰ ਹੀ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸਰਪੰਚ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਘਟਨਾ ਸਥਾਨ ਦੇ ਨੇੜੇ ਲੱਗੇ ਕੈਮਰਿਆਂ ਦੀ ਫੁਟੇਜ 'ਚ ਆਈਆਂ ਤਸਵੀਰਾਂ ਅਤੇ ਨੇੜੇ ਖੜ੍ਹੇ ਲੋਕਾਂ ਮੁਤਾਬਿਕ ਸਰਪੰਚ ਹੈਪੀ ਦੇ 12 ਗੋਲੀਆਂ ਮਾਰੀਆਂ ਗਈਆਂ | ਐੱਸ.ਐੱਸ.ਪੀ. ਮੋਗਾ ਅਤੇ ਬਾਘਾ ਪੁਰਾਣਾ ਪੁਲਿਸ ਅਧਿਕਾਰੀਆਂ ਨੇ ਜਾਂਚ ਉਪਰੰਤ ਕਿਹਾ ਕਿ ਉਕਤ ਮਾਮਲਾ ਕਿਸੇ ਨਿੱਜੀ ਰੰਜਿਸ਼ ਤਹਿਤ ਹੋਇਆ ਲਗਦਾ ਹੈ ਅਤੇ ਜਲਦ ਹੀ ਦੋਸ਼ੀਆਂ ਗਿ੍ਫ਼ਤਾਰ ਕਰ ਲਿਆ ਜਾਵੇਗਾ | ਜ਼ਿਕਰਯੋਗ ਹੈ ਕਿ ਸਰਪੰਚ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਜਦੋਂ ਪੁਲਿਸ ਅਧਿਕਾਰੀ ਐਂਬੂਲੈਂਸ ਨੂੰ ਜ਼ਿਲ੍ਹਾ ਮੋਗਾ ਦੇ ਸਰਕਾਰੀ ਹਸਪਤਾਲ 'ਚ ਲੈ ਕੇ ਜਾਣ ਲੱਗੇ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਰੋਕ ਕੇ ਲਾਸ਼ ਬਾਘਾ ਪੁਰਾਣਾ ਦੇ ਸਰਕਾਰੀ ਹਸਪਤਾਲ 'ਚ ਹੀ ਰਖਵਾ ਦਿੱਤੀ ਗਈ | ਇਸ ਸਮੇਂ ਮਿ੍ਤਕ ਦਾ ਚਾਚਾ ਜੋਗਿੰਦਰ ਸਿੰਘ ਪੱਤੋ, ਹੀਰਾ ਸਿੰਘ, ਹਰਨੇਕ ਸਿੰਘ ਪੱਤੋ, ਪਿ੍ਤਪਾਲ ਸਿੰਘ, ਜਸਵਿੰਦਰ ਸਿੰਘ ਪੱਤੋ ਆਦਿ ਪਰਿਵਾਰਕ ਮੈਂਬਰਾਂ ਨੇ ਬਾਘਾ ਪੁਰਾਣਾ ਦੇ ਮੇਨ ਚੌਂਕ 'ਚ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਧਰਨਾ ਲਾ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀ ਕੀਤਾ ਜਾਂਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਧਰਨਾ ਵੀ ਜਾਰੀ ਰਹੇਗਾ |