ਚੰਡੀਗੜ੍ਹ, 6 ਮਾਰਚ (ਹਰਕਵਲਜੀਤ ਸਿੰਘ)-ਅੱਜ ਪੰਜਾਬ ਦੇ ਬਜਟ ਇਜਲਾਸ ਦੀ ਪਹਿਲੀ ਬੈਠਕ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਲਿਆਉਣ ਅਤੇ ਪ੍ਰਗਤੀਸ਼ੀਲ ਰੰਗਲਾ ਪੰਜਾਬ ਬਣਾਉਣ ਲਈ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੀ ਹੈ | ਮੌਜੂਦਾ ਸਰਕਾਰ ਦੇ ਆਖ਼ਰੀ ਬਜਟ ਇਜਲਾਸ ਦੌਰਾਨ ਸਰਕਾਰ ਦਾ ਭਾਸ਼ਣ ਪੜ੍ਹਦਿਆਂ ਰਾਜਪਾਲ ਨੇ ਕਿਹਾ ਕਿ ਸਰਕਾਰ ਨੇ ਸਿਹਤ ਸੇਵਾਵਾਂ, ਸਿੱਖਿਆ, ਬੁਨਿਆਦੀ ਢਾਂਚੇ, ਜਨਤਕ ਸੇਵਾਵਾਂ ਅਤੇ ਖੇਤੀਬਾੜੀ ਦੇ ਖੇਤਰ ਵਿਚ ਹੋਏ ਕੰਮਾਂ ਦਾ ਵਿਸਥਾਰ ਦਿੰਦਿਆਂ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸ਼ੁਰੂ ਕੀਤੀ ਹੈ | ਰਾਜਪਾਲ ਨੇ ਦੱਸਿਆ ਕਿ 881 ਆਮ ਆਦਮੀ ਕਲੀਨਿਕਾਂ ਵਿਚ 107 ਦਵਾਈਆਂ ਤੇ 47 ਟੈੱਸਟ ਮੁਫ਼ਤ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਓ.ਪੀ.ਡੀ ਵਿਚ 4.7 ਕਰੋੜ ਮਰੀਜ਼ ਸਿਹਤ ਸੇਵਾਵਾਂ ਪ੍ਰਾਪਤ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ 240 ਹੋਰ ਆਮ ਆਦਮੀ ਕਲੀਨਿਕ ਛੇਤੀ ਹੀ ਕਾਰਜਸ਼ੀਲ ਹੋ ਜਾਣਗੇ | ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਦੇਖਭਾਲ ਸੇਵਾਵਾਂ ਨਾਲ ਮਾਵਾਂ ਦੀ ਮੌਤ ਦਰ 150 ਤੋਂ ਘਟਾ ਕੇ 90 ਕਰਨ 'ਚ ਸਫ਼ਲਤਾ ਮਿਲੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ 2022 ਤੋਂ ਬਾਅਦ ਹੁਣ ਤੱਕ 934 ਨਵੇਂ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ, ਜਦੋਂਕਿ 400 ਮਾਹਰ ਡਾਕਟਰਾਂ ਦੀਆਂ ਸੇਵਾਵਾਂ ਲੈਣ ਤੋਂ ਇਲਾਵਾ 400 ਨਵੀਆਂ ਨਰਸਾਂ ਦੀ ਭਰਤੀ ਵੀ ਕੀਤੀ ਗਈ ਹੈ | ਇਸ ਤੋਂ ਇਲਾਵਾ 500 ਹੋਰ ਅਸਾਮੀਆਂ 'ਤੇ ਭਰਤੀ ਪ੍ਰਕਿਰਿਆ ਅਧੀਨ ਹੈ | ਰਾਜਪਾਲ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ 100 ਫ਼ੀਸਦੀ ਆਬਾਦੀ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੇਠ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਪ੍ਰਦਾਨ ਕਰੇਗੀ | ਇਸ ਲਈ ਪੰਜਾਬ ਤੇ ਚੰਡੀਗੜ੍ਹ ਦੇ 900 ਹਸਪਤਾਲ ਸੂਚੀਬੱਧ ਕੀਤੇ ਗਏ ਹਨ | ਰਾਜਪਾਲ ਨੇ ਦੱਸਿਆ ਕਿ ਸੜਕ ਸੁਰੱਖਿਆ ਲਈ ਸ਼ੁਰੂ ਕੀਤੀ ਗਈ ਸਕੀਮ 'ਫਰਿਸ਼ਤੇ' ਅਤੇ ਸੜਕ ਸੁਰੱਖਿਆ ਬਲ ਵਲੋਂ 600 ਤੋਂ ਵੱਧ ਹਾਦਸਾ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਰਾਜ ਵਲੋਂ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਨੂੰ ਚਾਲੂ ਕਰਕੇ ਇਤਿਹਾਸਕ ਪਹਿਲਕਦਮੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮਿ੍ਤਸਰ ਵਿਖੇ ਕਿਡਨੀ ਟਰਾਂਸਪਲਾਂਟ ਸੇਵਾ ਵੀ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਨਸ਼ੇ ਛੁਡਵਾਉਣ ਲਈ 548 ਓਟ ਕਲੀਨਿਕ ਵੀ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ 36 ਸਰਕਾਰੀ ਤੇ 177 ਗੈਰ-ਸਰਕਾਰੀ ਮੁੜ ਵਸੇਬਾ ਕੇਂਦਰ ਵੀ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 19 ਜੇਲ੍ਹਾਂ ਵਿਚ ਵੀ ਨਸ਼ਾ ਛੁਡਾਊ ਕੇਂਦਰ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਉ ਕੇਂਦਰ ਵਿਚ 10.63 ਲੱਖ ਲੋਕਾਂ ਵਲੋਂ ਹੁਣ ਤਕ ਰਜਿਸਟ੍ਰੇਸ਼ਨ ਕਰਵਾਈ ਗਈ ਹੈ | ਰਾਜਪਾਲ ਨੇ ਦੱਸਿਆ ਕਿ ਪੰਜਾਬ ਪਹਿਲਾ ਸੂਬਾ ਹੈ ਜਿਥੇ ਕੈਂਸਰ ਕੋਸ਼ ਸਥਾਪਿਤ ਕੀਤਾ ਗਿਆ ਹੈ ਅਤੇ ਕੈਂਸਰ ਮਰੀਜ਼ਾਂ ਨੂੰ ਇਲਾਜ ਲਈ ਨਕਦੀ ਸਹਾਇਤਾ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਤਕ 74,000 ਮਰੀਜ਼ਾਂ ਨੂੰ ੂ 957 ਕਰੋੜ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ | ਰਾਜਪਾਲ ਨੇ ਦੱਸਿਆ ਕਿ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ 13,765 ਅਧਿਆਪਕਾਂ ਦੀ ਸਾਲ 2022 ਤੋਂ ਬਾਅਦ ਭਰਤੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ 234 ਪਿ੍ੰਸੀਪਲਾਂ ਨੂੰ ਸਿੰਗਾਪੁਰ ਅਤੇ 199 ਹੈੱਡਮਾਸਟਰਾਂ ਨੂੰ ਆਈ.ਆਈ.ਐਮ (ਅਹਿਮਦਾਬਾਦ) ਤੋਂ ਸਿਖਲਾਈ ਦਿਵਾਈ ਗਈ ਹੈ, ਜਦੋਂਕਿ ਪ੍ਰਾਇਮਰੀ ਕਾਡਰ ਦੇ 144 ਅਧਿਆਪਕਾਂ ਨੂੰ ਫਿਨਲੈਂਡ ਤੋਂ ਸਿਖਲਾਈ ਦਿਵਾਈ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪਰਖ ਰਾਸ਼ਟਰੀ ਸਰਵੇਖਣ 'ਚ ਦੇਸ਼ 'ਚੋਂ ਪਹਿਲੇ ਸਥਾਨ 'ਤੇ ਆਇਆ ਹੈ, ਜਿਸ ਲਈ ਉਨ੍ਹਾਂ ਵਿਧਾਇਕਾਂ ਤੇ ਸਰਕਾਰ ਨੂੰ ਵਧਾਈ ਵੀ ਦਿੱਤੀ | ਰਾਜਪਾਲ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ 3443 ਕਿਲੋਮੀਟਰ ਨਵੇਂ ਪਾਣੀ ਦੇ ਖਾਲ਼ੇ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ 'ਚੋਂ 2650 ਕਿਲੋਮੀਟਰ 'ਤੇ ਹੁਣ ਤੱਕ ਕੰਮ ਪੂਰਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ 4557 ਕਰੋੜ ਦੀ ਲਾਗਤ ਨਾਲ 2600 ਕਿਲੋਮੀਟਰ ਨਹਿਰਾਂ ਦੀ ਲਾਇਨਿੰਗ ਦਾ ਕੰਮ ਵੀ ਕੀਤਾ ਗਿਆ ਹੈ | ਸਰਹਿੰਦ ਫੀਡਰ ਕਨਾਲ ਦਾ ਕੰਮ ਵੀ ਪੂਰਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ 2025-26 ਦੌਰਾਨ ਬੀ.ਟੀ. ਕਾਟਨ ਬੀਜਾਂ 'ਤੇ 33 ਫ਼ੀਸਦੀ ਸਬਸਿਡੀ ਵੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗੰਨੇ ਦੀ ਫਸਲ 'ਤੇ ਵੀ ਦੇਸ਼ 'ਚੋਂ ਸਭ ਤੋਂ ਵੱਧ ਭਾਅ ਦਿੱਤਾ ਜਾ ਰਿਹਾ ਹੈ | ਰਾਜਪਾਲ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ 12,597 ਕਰੋੜ ਦੀ ਲਾਗਤ ਨਾਲ 40,103 ਕਿਲੋਮੀਟਰ ਦਿਹਾਤੀ ਸੜਕਾਂ ਦੀ ਮੁਰੰਮਤ ਸੰਬੰਧੀ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ 10,406 ਖਿਡਾਰੀਆਂ ਨੂੰ 12.15 ਕਰੋੜ ਰੁਪਏ ਵੰਡੇ ਜਾ ਰਹੇ ਹਨ ਅਤੇ ਸੂਬੇ 'ਚ 3100 ਖੇਡ ਗਰਾਊਾਡਾਂ ਦੇ ਵਿਕਾਸ 'ਤੇ 190 ਕਰੋੜ ਖ਼ਰਚੇ ਜਾ ਰਹੇ ਹਨ | ਰਾਜਪਾਲ ਨੇ ਦੱਸਿਆ ਕਿ ਪੰਜਾਬ 'ਚ ਨਿਵੇਸ਼ ਲਈ ਸਨਅਤ ਵਿਭਾਗ ਨੂੰ 1,50,817 ਕਰੋੜ ਦੀਆਂ 8261 ਤਜਵੀਜ਼ਾਂ ਮਿਲੀਆਂ ਹਨ | ਉਨ੍ਹਾਂ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨਾਲ ਸੰਬੰਧਿਤ ਸਰਕਾਰ ਵਲੋਂ ਕਰਵਾਏ ਸਮਾਗਮਾਂ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਦੱਸਿਆ ਕਿ ਮੁਫ਼ਤ ਬੱਸ ਸੇਵਾ ਅਧੀਨ ਔਰਤਾਂ ਵਲੋਂ 60 ਕਰੋੜ ਮੁਫ਼ਤ ਸਫ਼ਰ ਦਾ ਲਾਭ ਲਿਆ ਗਿਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਪੰਜਾਬ ਸਰਕਾਰ ਨੇ ਹਰ ਸਾਲ 7.50 ਲੱਖ ਨਾਗਰਿਕਾਂ ਨੂੰ ਸਕੀਮ ਦਾ ਲਾਭ ਦੇਣ ਦੀ ਯੋਜਨਾ ਬਣਾਈ ਹੈ | ਰਾਜਪਾਲ ਵਲੋਂ ਆਪਣੇ 49 ਪੰਨਿਆਂ ਦੇ ਭਾਸ਼ਣ ਦਾ ਕੋਈ ਅੱਧਾ ਹਿੱਸਾ ਇਕ ਘੰਟੇ ਦੌਰਾਨ ਪੜਿ੍ਹਆ ਅਤੇ ਬਾਕੀ ਛੱਡ ਦਿੱਤਾ ਗਿਆ | ਰਾਜਪਾਲ ਨੇ ਆਪਣਾ ਭਾਸ਼ਣ 'ਸਤਿ ਸ੍ਰੀ ਅਕਾਲ' ਅਤੇ 'ਬੋਲੇ ਸੋ ਨਿਹਾਲ', ਸਤਿ ਸ੍ਰੀ ਅਕਾਲ' ਨਾਲ ਸ਼ੁਰੂ ਕੀਤਾ ਅਤੇ ਭਾਸ਼ਣ ਹਿੰਦੀ 'ਚ ਪੜਿ੍ਹਆ |
ਪੰਜਾਬ ਸਰਕਾਰ 'ਰੰਗਲੇ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ-ਰਾਜਪਾਲ <br/>
ਅਜੀਤ ਡੈਸਕ
07-03-2026