ਦੁਬਈ, 6 ਮਾਰਚ (ਏਜੰਸੀ)-ਸ਼ੁੱਕਰਵਾਰ ਨੂੰ ਇਜ਼ਰਾਈਲੀ ਹਵਾਈ ਹਮਲਿਆਂ ਨੇ ਈਰਾਨ ਤੇ ਲਿਬਨਾਨ ਦੀਆਂ ਰਾਜਧਾਨੀਆਂ 'ਤੇ ਹਮਲਾ ਕੀਤਾ ਜਦਕਿ ਅਮਰੀਕਾ ਨੇ ਈਰਾਨ ਦੇ ਜੰਗੀ ਜਹਾਜ਼ਾਂ ਦੇ ਬੇੜੇ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਸਮੁੰਦਰ 'ਚ ਇਕ ਈਰਾਨੀ ਡਰੋਨ ਕੈਰੀਅਰ ਨੂੰ ਨਿਸ਼ਾਨਾ ਬਣਾਇਆ | ਈਰਾਨ ਨੇ ਵੀ ਗੋਲਾਬਾਰੀ ਦੇ ਇਕ ਪੂਰੇ ਹਫ਼ਤੇ ਦੇ ਅੰਤ 'ਚ ਮੱਧ ਪੂਰਬ 'ਚ ਨਵੇਂ ਜਵਾਬੀ ਹਮਲੇ ਸ਼ੁਰੂ ਕੀਤੇ, ਜਿਸ ਬਾਰੇ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਚਿਤਾਵਨੀ ਦਿੱਤੀ ਸੀ ਕਿ ਇਹ ਨਾਟਕੀ ਤੌਰ 'ਤੇ ਵਧਣ ਵਾਲਾ ਹੈ | ਇਜ਼ਰਾਈਲ ਦੀ ਫੌਜ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ ਉਸਨੇ ਈਰਾਨ ਦੀ ਰਾਜਧਾਨੀ ਤਹਿਰਾਨ 'ਤੇ ਹਮਲਿਆਂ ਦੀ ਇਕ ਵਿਆਪਕ ਲਹਿਰ ਚਲਾਈ | ਗਵਾਹਾਂ ਨੇ ਇਜ਼ਰਾਈਲੀ ਹਵਾਈ ਹਮਲਿਆਂ ਨੂੰ ਖਾਸ ਤੌਰ 'ਤੇ ਤੀਬਰ ਦੱਸਿਆ, ਜਿਸ ਨੇ ਖੇਤਰ ਦੇ ਘਰਾਂ ਨੂੰ ਹਿਲਾ ਦਿੱਤਾ ਗਿਆ | ਹੋਰਨਾਂ ਨੇ ਈਰਾਨੀ ਸ਼ਹਿਰ ਕਰਮਾਨਸ਼ਾਹ ਦੇ ਆਲੇ-ਦੁਆਲੇ ਇਕ ਅਜਿਹੇ ਖੇਤਰ 'ਚ ਧਮਾਕਿਆਂ ਦੀ ਰਿਪੋਰਟ ਦਿੱਤੀ ਜੋ ਕਈ ਮਿਜ਼ਾਈਲ ਬੇਸਾਂ ਦਾ ਘਰ ਹੈ | ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਹਮਲਿਆਂ ਨੇ ਪਹਿਲਾਂ ਹੀ ਈਰਾਨ ਦੇ ਜ਼ਿਆਦਾਤਰ ਹਵਾਈ ਰੱਖਿਆ ਤੇ ਮਿਜ਼ਾਈਲ ਲਾਂਚਰਾਂ ਨੂੰ ਤਬਾਹ ਕਰ ਦਿੱਤਾ ਹੈ | ਸ਼ੁੱਕਰਵਾਰ ਸਵੇਰੇ ਈਰਾਨ ਨੇ ਕੁਵੈਤ, ਕਤਰ, ਸਾਊਦੀ ਅਰਬ ਤੇ ਬਹਿਰੀਨ 'ਚ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ, ਇਹ ਸਾਰੇ ਦੇਸ਼ ਅਮਰੀਕੀ ਫੌਜਾਂ ਦੀ ਮੇਜ਼ਬਾਨੀ ਕਰਦੇ ਹਨ | ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ | ਲਿਬਨਾਨ 'ਚ ਇਜ਼ਰਾਈਲ ਨੇ ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਤੱਕ ਬੇਰੂਤ ਦੇ ਦੱਖਣੀ ਉਪਨਗਰਾਂ ਤੇ ਹੋਰ ਖੇਤਰਾਂ 'ਚ ਹਵਾਈ ਹਮਲਿਆਂ ਦੀ ਇਕ ਲੜੀ ਸ਼ੁਰੂ ਕੀਤੀ | ਇਥੇ ਵਾਹਨ ਚਾਲਕਾਂ ਨੇ ਭੱਜਣ ਜਾਂ ਪਨਾਹ ਲੈਣ ਦੀ ਕੋਸ਼ਿਸ਼ ਕਰਦੇ ਹੋਏ ਸੜਕਾਂ ਨੂੰ ਜਾਮ ਕਰ ਦਿੱਤਾ | ਇਜ਼ਰਾਈਲ ਤੋਂ ਇਲਾਵਾ ਈਰਾਨ ਦੇ ਹਮਲਿਆਂ ਨੇ ਉਨ੍ਹਾਂ ਦੇ ਅਰਬ ਗੁਆਂਢੀਆਂ ਨੂੰ ਨਿਸ਼ਾਨਾ ਬਣਾਇਆ ਹੈ | ਹਮਲੇ ਕਾਰਨ ਤੇਲ ਸਪਲਾਈ 'ਚ ਵਿਘਨ ਪੈ ਰਿਹਾ ਹੈ ਤੇ ਵਿਸ਼ਵਵਿਆਪੀ ਹਵਾਈ ਯਾਤਰਾ ਪ੍ਰਭਾਵਿਤ ਹੋਈ ਹੈ | ਅਧਿਕਾਰੀਆਂ ਅਨੁਸਾਰ ਜੰਗ ਕਾਰਨ ਈਰਾਨ 'ਚ ਘੱਟੋ ਘੱਟ 1332 ਲੋਕ, ਲਿਬਨਾਨ 'ਚ 120 ਤੋਂ ਵੱਧ ਤੇ ਇਜ਼ਰਾਈਲ 'ਚ ਲਗਭਗ 1 ਦਰਜਨ ਲੋਕ ਮਾਰੇ ਗਏ ਹਨ ਜਦਕਿ 6 ਅਮਰੀਕੀ ਸੈਨਿਕ ਮਾਰੇ ਗਏ ਹਨ | ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਜੰਗ 'ਚ ਸ਼ਾਮਿਲ ਸਾਰੇ ਦੇਸ਼ਾਂ ਨੂੰ ਤਣਾਅ ਘਟਾਉਣ ਦੀ ਅਪੀਲ ਕੀਤੀ ਹੈ |
ਲਿਬਨਾਨ 'ਚ ਇਜ਼ਰਾਈਲੀ ਹਮਲਿਆਂ 'ਚ 5 ਲੋਕਾਂ ਦੀ ਮੌਤ
ਇਜ਼ਰਾਈਲ ਨੇ ਦੱਖਣੀ ਲਿਬਨਾਨ ਦੇ ਸਿਡੋਨ ਸ਼ਹਿਰ 'ਤੇ ਹਮਲਾ ਕੀਤਾ ਹੈ | ਲਿਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ ਹਮਲੇ 'ਚ ਘੱਟੋ-ਘੱਟ 5 ਲੋਕ ਮਾਰੇ ਗਏ ਤੇ 7 ਹੋਰ ਜ਼ਖ਼ਮੀ ਹੋ ਗਏ | ਮੰਤਰਾਲੇ ਨੇ ਕਿਹਾ ਹੈ ਕਿ ਹਮਲੇ ਤੋਂ ਬਾਅਦ ਰਾਹਤ ਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ ਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ | ਸਿਡੋਨ ਦੱਖਣੀ ਲਿਬਨਾਨ ਦਾ ਇਕ ਵੱਡਾ ਸ਼ਹਿਰ ਹੈ | ਹਾਲ ਹੀ ਦੇ ਦਿਨਾਂ 'ਚ ਇਜ਼ਰਾਈਲ ਤੇ ਲਿਬਨਾਨ ਵਿਚਕਾਰ ਵਧਦੇ ਫੌਜੀ ਤਣਾਅ ਵਿਚਕਾਰ ਇਸ ਖੇਤਰ 'ਚ ਹਮਲਿਆਂ ਦੀਆਂ ਅਕਸਰ ਰਿਪੋਰਟਾਂ ਆਈਆਂ ਹਨ |
ਖਾਮੇਨੇਈ ਦਾ ਭੂਮੀਗਤ ਬੰਕਰ ਤਬਾਹ
ਇਜ਼ਰਾਈਲ ਨੇ ਕਿਹਾ ਹੈ ਕਿ ਉਸ ਨੇ ਤਹਿਰਾਨ 'ਚ ਅਯਾਤੁੱਲਾ ਅਲੀ ਖਾਮੇਨੇਈ ਨਾਲ ਸਬੰਧਤ ਇਕ ਭੂਮੀਗਤ ਬੰਕਰ ਨੂੰ ਹਵਾਈ ਹਮਲੇ ਨਾਲ ਤਬਾਹ ਕਰ ਦਿੱਤਾ ਹੈ | ਇਜ਼ਰਾਈਲੀ ਫੌਜ ਅਨੁਸਾਰ 50 ਲੜਾਕੂ ਜਹਾਜ਼ਾਂ ਨੇ ਕਾਰਵਾਈ 'ਚ ਹਿੱਸਾ ਲਿਆ | ਬਿਆਨ 'ਚ ਕਿਹਾ ਗਿਆ ਹੈ ਕਿ ਬੰਕਰ ਕੇਂਦਰੀ ਤਹਿਰਾਨ 'ਚ ਕਈ ਗਲੀਆਂ ਦੇ ਹੇਠਾਂ ਫੈਲਿਆ ਹੋਇਆ ਸੀ ਤੇ ਇਸ 'ਚ ਇਕ ਮੀਟਿੰਗ ਰੂਮ ਸਮੇਤ ਕਈ ਕਮਰੇ ਸਨ | ਇਜ਼ਰਾਈਲ ਦਾ ਦਾਅਵਾ ਹੈ ਕਿ ਸੀਨੀਅਰ ਈਰਾਨੀ ਸਰਕਾਰੀ ਅਧਿਕਾਰੀ ਅਯਾਤੁੱਲਾ ਅਲੀ ਖਮੇਨੇਈ ਦੀ ਮੌਤ ਤੋਂ ਬਾਅਦ ਵੀ ਕੰਪਲੈਕਸ ਦੀ ਵਰਤੋਂ ਕਰਦੇ ਰਹੇ |
ਈਰਾਨ ਵਲੋਂ ਇਜ਼ਰਾਈਲ 'ਤੇ ਨਵਾਂ ਮਿਜ਼ਾਈਲ ਹਮਲਾ
ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨੇ ਕਿਹਾ ਹੈ ਕਿ ਉਸ ਨੇ ਇਜ਼ਰਾਈਲ 'ਤੇ ਆਪਣਾ 22ਵਾਂ ਮਿਜ਼ਾਈਲ ਲਾਂਚ ਕੀਤਾ ਹੈ | ਕਈ ਉੱਨਤ ਮਿਜ਼ਾਈਲਾਂ ਨੇ ਇਜ਼ਰਾਈਲੀ ਖੇਤਰ ਨੂੰ ਨਿਸ਼ਾਨਾ ਬਣਾਇਆ | ਆਈ.ਆਰ.ਜੀ.ਸੀ. ਅਨੁਸਾਰ ਹਮਲੇ 'ਚ ਖੋਰਮਸ਼ਹਿਰ-4, ਖੈਬਰ ਤੇ ਫਤਾਹ ਮਿਜ਼ਾਈਲਾਂ ਦਾ ਇਕ ਬੈਰਾਜ ਸ਼ਾਮਿਲ ਸੀ, ਜਿਸ 'ਚ ਇਜ਼ਰਾਈਲ ਦੇ ਕਬਜ਼ੇ ਵਾਲੇ ਖੇਤਰਾਂ ਦੇ ਅੰਦਰ ਮੁੱਖ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ | ਇਰਾਨੀ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਇਹ ਹਮਲਾ ਉਸ ਦੇ ਫੌਜੀ ਆਪ੍ਰੇਸ਼ਨ ਓਪਰੇਸ਼ਨ ਟਰੂ ਪ੍ਰੋਮਿਸ-4 ਦਾ ਹਿੱਸਾ ਸੀ, ਜੋ ਕਿ ਕਈ ਪੜਾਵਾਂ 'ਚ ਕੀਤਾ ਜਾ ਰਿਹਾ ਹੈ |
ਇਜ਼ਰਾਈਲ ਵਲੋਂ ਈਰਾਨ ਤੇ ਲਿਬਨਾਨ 'ਤੇ ਹਵਾਈ ਹਮਲੇ ਤੇਜ਼ ਈਰਾਨ 'ਚ 1332 ਤੋਂ ਵੱਧ ਤੇ ਲਿਬਨਾਨ 'ਚ 120 ਲੋਕਾਂ ਦੀ ਮੌਤ <br/>
ਅਜੀਤ ਡੈਸਕ
07-03-2026