ਨਵੀਂ ਦਿੱਲੀ, 27 ਮਾਰਚ (ਪੀ. ਟੀ. ਆਈ.)-ਭਾਰਤ ਨੇ ਰੂਸ ਤੋਂ 5 ਐਸ-400 ਮਿਜ਼ਾਈਲ ਪ੍ਰਣਾਲੀਆਂ ਦੇ ਇਕ ਨਵੇਂ ਬੈਚ ਅਤੇ 60 ਮੱਧਮ ਆਵਾਜਾਈ ਜਹਾਜ਼ਾਂ ਸਮੇਤ 2.38 ਲੱਖ ਕਰੋੜ ਰੁਪਏ ਦੇ ਫ਼ੌਜੀ ਸਾਜ਼ੋ-ਸਾਮਾਨ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ | ਖਰੀਦ ਪ੍ਰਸਤਾਵਾਂ ਨੂੰ ਰੱਖਿਆ ਪ੍ਰਾਪਤੀ ਕੌਂਸਲ (ਡੀ.ਏ.ਸੀ.) ਵਲੋਂ ਮਨਜ਼ੂਰੀ ਦਿੱਤੀ ਗਈ, ਜਿਸ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਕੀਤੀ ਗਈ | ਭਾਰਤੀ ਹਵਾਈ ਸੈਨਾ ਸੋਵੀਅਤ ਯੁੱਗ ਦੇ ਏਐਨ-32 ਅਤੇ ਆਈਐਲ-76 ਜਹਾਜ਼ਾਂ ਦੇ ਆਪਣੇ ਪੁਰਾਣੇ ਬੇੜੇ ਨੂੰ ਬਦਲਣ ਲਈ ਫ਼ੌਜੀ ਆਵਾਜਾਈ (ਟਰਾਂਸਪੋਰਟ) ਜਹਾਜ਼ ਖਰੀਦ ਰਿਹਾ ਹੈ | ਇਸ ਬਹੁ-ਅਰਬ ਡਾਲਰ ਦੇ ਸੌਦੇ ਲਈ ਪ੍ਰਮੁੱਖ ਦਾਅਵੇਦਾਰ ਲਾਕਹੀਡ ਮਾਰਟਿਨ ਦੇ ਸੀ-130 ਜੇ ਸੁਪਰ ਹਰਕਿਊਲਿਸ, ਐਂਬਰੇਅਰ ਦੇ ਕੇਸੀ-390 ਜਹਾਜ਼ ਅਤੇ ਏਅਰਬੱਸ ਡਿਫੈਂਸ ਐਂਡ ਸਪੇਸ ਦੇ ਏ-400ਐਮ ਜਹਾਜ਼ ਸ਼ਾਮਿਲ ਹਨ | ਭਾਰਤੀ ਹਵਾਈ ਫ਼ੌਜ ਕੋਲ ਪਹਿਲਾਂ ਹੀ 12 ਸੀ-130 ਜੇ ਸੁਪਰ ਹਰਕਿਊਲਿਸ ਹਨ | ਜਾਣਕਾਰੀ ਅਨੁਸਾਰ 12 ਜਹਾਜ਼ 'ਫਲਾਈ-ਅਵੇ' (ਪੂਰੀ ਤਰ੍ਹਾਂ ਤਿਆਰ) ਸਥਿਤੀ 'ਚ ਖਰੀਦੇ ਜਾਣਗੇ, ਜਦੋਂਕਿ 48 ਭਾਰਤ 'ਚ ਤਿਆਰ ਕਰਨੇ ਹੋਣਗੇ | ਜ਼ਿਕਰਯੋਗ ਹੈ ਕਿ ਪਿਛਲੇ ਸਾਲ 7 ਤੋਂ 10 ਮਈ ਦੀ ਜੰਗ ਦੌਰਾਨ ਪਾਕਿਸਤਾਨ 'ਤੇ ਭਾਰਤ ਦੇ ਦਬਦਬੇ 'ਚ ਐਸ-400 ਮਿਜ਼ਾਈਲ ਪ੍ਰਣਾਲੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ | ਅਕਤੂਬਰ 2018 'ਚ ਭਾਰਤ ਨੇ ਰੂਸ ਨਾਲ ਐਸ-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਦੀਆਂ ਪੰਜ ਇਕਾਈਆਂ ਖਰੀਦਣ ਲਈ 5 ਅਰਬ ਡਾਲਰ ਦੇ ਸੌਦੇ 'ਤੇ ਹਸਤਾਖਰ ਕੀਤੇ ਸਨ, ਜਿਸ ਤਹਿਤ ਤਿੰਨ ਖੇਪਾਂ ਪਹਿਲਾਂ ਹੀ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ | ਡੀ.ਏ.ਸੀ. ਨੇ ਭਾਰਤੀ ਹਵਾਈ ਸੈਨਾ ਦੀ ਲੜਾਈ ਸਮਰੱਥਾ ਨੂੰ ਵਧਾਉਣ ਦੇ ਹਿੱਸੇ ਵਜੋਂ ਰਿਮੋਟਲੀ ਪਾਇਲਟ 'ਸਟ੍ਰਾਈਕ ਏਅਰਕ੍ਰਾਫਟ' ਦੀ ਖਰੀਦ ਅਤੇ ਸੁਖੋਈ-30 ਏਅਰੋ ਇੰਜਣਾਂ ਦੇ ਓਵਰਹਾਲ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ | ਇਸ ਤੋਂ ਇਲਾਵਾ ਭਾਰਤੀ ਫ਼ੌਜ ਲਈ ਧਨੁਸ਼ ਬੰਦੂਕ ਪ੍ਰਣਾਲੀ ਦੀ ਪ੍ਰਾਪਤੀ ਨੂੰ ਵੀ ਮਨਜ਼ੂਰੀ ਦਿੱਤੀ ਹੈ | ਏਐਨ32 ਅਤੇ ਆਈਐਲ76 ਦੇ ਟਰਾਂਸਪੋਰਟ ਫਲੀਟ ਨੂੰ ਬਦਲ ਕੇ ਦਰਮਿਆਨੇ ਟਰਾਂਸਪੋਰਟ ਜਹਾਜ਼ਾਂ ਨੂੰ ਸ਼ਾਮਿਲ ਕਰਨ ਨਾਲ ਸੇਵਾਵਾਂ ਦੀਆਂ ਰਣਨੀਤਕ ਅਤੇ ਸੰਚਾਲਨ ਏਅਰਲਿਫਟ ਜ਼ਰੂਰਤਾਂ ਪੂਰੀਆਂ ਹੋਣਗੀਆਂ | ਐਸਯੂ-30 ਏਅਰ ਇੰਜਣ ਅਤੇ ਇਸ ਦੇ 'ਐਗਰੀਗੇਟਸ' ਦਾ 'ਓਵਰਹਾਲ' ਜਹਾਜ਼ ਦੀ ਸੇਵਾ ਜੀਵਨ ਨੂੰ ਹੋਰ ਵਧਾਏਗਾ ਅਤੇ ਹਵਾਈ ਸੈਨਾ ਦੀ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰੇਗਾ | ਭਾਰਤੀ ਫ਼ੌਜ ਲਈ ਹਵਾਈ ਰੱਖਿਆ ਟਰੈਕਡ ਸਿਸਟਮ, ਬਖਤਰਬੰਦ ਪੀਅਰਸਿੰਗ ਟੈਂਕ ਗੋਲਾ ਬਾਰੂਦ, ਉੱਚ ਸਮਰੱਥਾ ਵਾਲਾ ਰੇਡੀਓ ਰੀਲੇਅ, ਧਨੁਸ਼ ਬੰਦੂਕ ਪ੍ਰਣਾਲੀ ਅਤੇ ਰਨਵੇਅ ਸੁਤੰਤਰ ਹਵਾਈ ਨਿਗਰਾਨੀ ਪ੍ਰਣਾਲੀ ਲਈ ਪ੍ਰਵਾਨਗੀ ਵੀ ਦਿੱਤੀ ਗਈ ਹੈ |