• ਦੋਵਾਂ ਦੇਸ਼ਾਂ 'ਚ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ-ਟਰੰਪ • ਈਰਾਨ 'ਚ ਹੁਣ ਤੱਕ 1900 ਤੋਂ ਵੱਧ ਲੋਕਾਂ ਦੀ ਮੌਤ
ਦੁਬਈ, 27 ਮਾਰਚ (ਏਜੰਸੀ)-ਜੰਗਬੰਦੀ ਲਈ ਗੱਲਬਾਤ 'ਚ ਪ੍ਰਗਤੀ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੀਆਂ ਊਰਜਾ ਸਹੂਲਤਾਂ 'ਤੇ ਹਮਲਿਆਂ ਲਈ ਸਵੈ-ਲਗਾਈ ਗਈ ਸਮਾਂ ਸੀਮਾ 6 ਅਪ੍ਰੈਲ ਤੱਕ ਵਧਾ ਦਿੱਤੀ ਹੈ | ਟਰੰਪ ਨੇ ਇਹ ਐਲਾਨ ਉਸ ਵੇਲੇ ਕੀਤਾ ਹੈ ਜਦੋਂ ਉਹ ਈਰਾਨ 'ਤੇ ਤੇਲ ਆਵਾਜਾਈ ਲਈ ਇਕ ਮਹੱਤਵਪੂਰਨ ਜਲ ਮਾਰਗ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੁਲ੍ਹਵਾਉਣ ਲਈ ਦਬਾਅ ਬਣਾ ਰਹੇ ਹਨ | ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ 'ਤੇ ਇਕ ਪੋਸਟ 'ਚ ਲਿਖਿਆ ਕਿ 'ਈਰਾਨੀ ਸਰਕਾਰ ਦੀ ਬੇਨਤੀ 'ਤੇ ਮੈਂ ਊਰਜਾ ਪਲਾਂਟਾਂ ਦੇ ਵਿਨਾਸ਼ ਦੀ ਮਿਆਦ ਨੂੰ ਸੋਮਵਾਰ, 6 ਅਪ੍ਰੈਲ 2026 ਰਾਤ 8 ਵਜੇ ਤੱਕ 10 ਦਿਨ ਤੱਕ ਰੋਕ ਰਿਹਾ ਹਾਂ | ਇਹ ਕਦਮ ਟਰੰਪ ਦੀ ਪਹਿਲਾਂ ਦਿੱਤੀ ਗਈ ਚਿਤਾਵਨੀ ਤੋਂ ਪਿੱਛੇ ਹਟਣ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਜੇਕਰ ਮਹੱਤਵਪੂਰਨ ਜਲ ਮਾਰਗ ਹੋਮਰੁਜ਼ ਜਲਡਮਰੂ ਬੰਦ ਰਿਹਾ ਤਾਂ ਅਮਰੀਕਾ ਈਰਾਨ ਦੇ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾਏਗਾ | ਈਰਾਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਇਸ ਦੀ ਪਾਲਣਾ ਕਰਦਾ ਹੈ ਤਾਂ ਪਾਣੀ ਨੂੰ ਮਿੱਠਾ ਬਣਾਉਣ (ਡੀਸੈਲੀਨੇਸ਼ਨ) ਵਾਲੀਆਂ ਸਹੂਲਤਾਂ ਸਮੇਤ ਖੇਤਰੀ ਬੁਨਿਆਦੀ ਢਾਂਚੇ ਵਿਰੁੱਧ ਬਦਲਾ ਲਿਆ ਜਾਵੇਗਾ | ਤਹਿਰਾਨ ਵਲੋਂ ਟਰੰਪ ਦੀ 15-ਨੁਕਾਤੀ ਜੰਗਬੰਦੀ ਯੋਜਨਾ ਰੱਦ ਕਰਨ ਤੋਂ ਇਕ ਦਿਨ ਬਾਅਦ ਰਾਸ਼ਟਰਪਤੀ ਨੇ ਕਿਹਾ ਕਿ ਈਰਾਨ 'ਇੱਕ ਸੌਦਾ ਕਰਨ ਦੀ ਭੀਖ ਮੰਗ ਰਿਹਾ ਹੈ'' ਤੇ ਆਪਣੇ ਨੇਤਾਵਾਂ ਨੂੰ ਗੱਲਬਾਤ ਬਾਰੇ 'ਜਲਦੀ ਗੰਭੀਰ' ਹੋਣ ਦੀ ਅਪੀਲ ਕੀਤੀ | ਸੋਸ਼ਲ ਮੀਡੀਆ 'ਤੇ ਟਰੰਪ ਦਾ ਐਲਾਨ ਅਮਰੀਕੀ ਸਟਾਕਾਂ 'ਚ ਤੇਜ਼ੀ ਨਾਲ ਗਿਰਾਵਟ ਤੇ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਆਇਆ ਕਿਉਂਕਿ ਵਾਲ ਸਟਰੀਟ 'ਤੇ ਯੁੱਧ ਦੇ ਸੰਭਾਵੀ ਅੰਤ ਬਾਰੇ ਸ਼ੱਕ ਫਿਰ ਤੋਂ ਛਾਇਆ ਹੋਇਆ ਹੈ | ਇਸ ਜੰਗ ਕਾਰਨ ਈਰਾਨ 'ਚ 1,900 ਤੋਂ ਵੱਧ ਲੋਕ ਤੇ ਲਿਬਨਾਨ 'ਚ ਲਗਭਗ 1,100, 22 ਇਜ਼ਰਾਈਲੀ ਤੇ 13 ਅਮਰੀਕੀ ਫੌਜੀ ਮੈਂਬਰ ਮਾਰੇ ਗਏ ਹਨ, ਨਾਲ ਹੀ ਖਾੜੀ ਖੇਤਰ 'ਚ ਜ਼ਮੀਨ ਤੇ ਸਮੁੰਦਰ 'ਤੇ ਕਈ ਨਾਗਰਿਕ ਮਾਰੇ ਗਏ ਹਨ | ਲਿਬਨਾਨ ਤੇ ਈਰਾਨ 'ਚ ਲੱਖਾਂ ਲੋਕ ਬੇਘਰ ਹੋ ਗਏ ਹਨ |
ਅਮਰੀਕਾ ਨੇ ਈਰਾਨ ਦੇ ਊਰਜਾ ਟਿਕਾਣਿਆਂ 'ਤੇ ਹਮਲੇ 10 ਦਿਨਾਂ ਲਈ ਰੋਕੇ
ਅਜੀਤ ਡੈਸਕ
28-03-2026