ਕਾਠਮੰਡੂ, 27 ਮਾਰਚ (ਪੀ. ਟੀ. ਆਈ.)-ਰੈਪਰ ਤੋਂ ਸਿਆਸਤਦਾਨ ਬਣੇ ਬਲੇਂਦਰ ਸ਼ਾਹ 'ਬਾਲੇਨ' ਨੇ ਨਿਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ | 35 ਸਾਲਾ ਰਾਸ਼ਟਰੀ ਸਵਤੰਤਰ ਪਾਰਟੀ (ਆਰ. ਐਸ. ਪੀ.) ਨੇਤਾ ਨੂੰ ਸ਼ੀਤਲ ਨਿਵਾਸ 'ਚ ਰਾਸ਼ਟਰਪਤੀ ਦਫ਼ਤਰ 'ਚ ਦੁਪਹਿਰ 12.34 ਵਜੇ ਇਕ ਸਮਾਰੋਹ ਦੌਰਾਨ ਸਹੁੰ ਚੁਕਾਈ ਗਈ | ਬਾਲੇਨ, ਜੋ ਕਿ ਇਕ ਇੰਜੀਨੀਅਰ ਵੀ ਹਨ, ਹਿਮਾਲਿਆਈ ਰਾਸ਼ਟਰ 'ਚ ਲੋਕਤੰਤਰੀ ਤੌਰ 'ਤੇ ਅਹੁਦੇ ਲਈ ਚੁਣੇ ਜਾਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਹਨ ਤੇ ਮਧੇਸ ਖੇਤਰ ਦੇ ਪਹਿਲੇ ਵਿਅਕਤੀ ਹਨ, ਜੋ ਸਿਖਰਲੇ ਕਾਰਜਕਾਰੀ ਅਹੁਦੇ 'ਤੇ ਹਨ | ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ 76 (1) ਅਨੁਸਾਰ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਦੁਆਰਾ 47ਵੇਂ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ | ਪਿਛਲੇ ਸਾਲ ਸਤੰਬਰ 'ਚ ਸਾਬਕਾ ਪ੍ਰਧਾਨ ਮੰਤਰੀ ਓਲੀ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੂੰ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਨੌਜਵਾਨ-ਅਗਵਾਈ ਵਾਲੇ ਜੈਨ ਜ਼ੀ ਵਲੋਂ ਭਿ੍ਸ਼ਟਾਚਾਰ, ਭਾਈ-ਭਤੀਜਾਵਾਦ ਤੇ ਸੋਸ਼ਲ ਮੀਡੀਆ 'ਤੇ ਪਾਬੰਦੀ ਵਿਰੁੱਧ ਹਿੰਸਾ 'ਚ ਵਾਧਾ ਹੋਣ ਤੋਂ ਬਾਅਦ ਬਾਲੇਂਦਰ ਸ਼ਾਹ ਸਹੁੰ ਚੁੱਕਣ ਵਾਲੇ ਪਹਿਲੇ ਲੋਕਤੰਤਰੀ ਤੌਰ 'ਤੇ ਚੁਣੇ ਗਏ ਪ੍ਰਧਾਨ ਮੰਤਰੀ ਹਨ | ਬਾਲੇਨ ਦੇ ਸਹੁੰ ਚੁੱਕ ਸਮਾਗਮ 'ਚ ਹਿੰਦੂ ਤੇ ਬੋਧੀ ਧਾਰਮਿਕ ਪਰੰਪਰਾਵਾਂ ਦਾ ਇਕ ਵਿਲੱਖਣ ਸੁਮੇਲ ਰਿਹਾ | ਉਧਰ ਸੂਤਰਾਂ ਨੇ ਕਿਹਾ ਹੈ ਕਿ ਬਾਲੇਨ ਦੇ ਮੰਤਰੀਆਂ ਦੀ ਗਿਣਤੀ 15 ਤੋਂ 18 ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ | 5 ਮਾਰਚ ਨੂੰ ਹੋਈਆਂ ਆਮ ਚੋਣਾਂ 'ਚ ਕਾਠਮੰਡੂ ਦੇ ਸਾਬਕਾ ਮੇਅਰ ਨੇ ਬਾਲੇਂਦਰ ਸ਼ਾਹ ਨੇ ਝਪਾ-5 ਹਲਕੇ, ਜੋ ਕਿ ਕਮਿਊਨਿਸਟ ਪਾਰਟੀ ਆਫ ਨਿਪਾਲ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਗੜ੍ਹ ਹੈ, 'ਚ ਚਾਰ ਵਾਰ ਪ੍ਰਧਾਨ ਮੰਤਰੀ ਰਹੇ ਸ਼ਰਮਾ ਓਲੀ ਨੂੰ ਵੱਡੇ ਫਰਕ ਨਾਲ ਹਰਾਇਆ ਸੀ | 5 ਮਾਰਚ ਨੂੰ ਹੋਈਆਂ ਚੋਣਾਂ 'ਚ ਆਰ.ਐਸ.ਪੀ. ਨੇ ਭਾਰੀ ਜਿੱਤ ਹਾਸਲ ਕੀਤੀ, ਜਿਸ ਨਾਲ ਪ੍ਰਤੀਨਿਧੀ ਸਭਾ ਦੀਆਂ ਕੁੱਲ 275 ਸੀਟਾਂ 'ਚੋਂ 182 ਸੀਟਾਂ ਪ੍ਰਾਪਤ ਹੋਈਆਂ, ਜਿਸ ਨਾਲ ਇਹ ਬਹੁਮਤ ਵਾਲੀ ਸਰਕਾਰ ਬਣਾਉਣ ਦੇ ਯੋਗ ਹੋ ਗਈ |
ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ, (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲੇਂਦਰ ਸ਼ਾਹ 'ਬਾਲੇਨ' ਨੂੰ ਨਿਪਾਲ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੇ ਆਪਸੀ ਲਾਭ ਲਈ ਭਾਰਤ-ਨਿਪਾਲ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਨ | ਮੋਦੀ ਨੇ 'ਐਕਸ' 'ਤੇ ਇਕ ਸੰਦੇਸ਼ 'ਚ ਕਿਹਾ ਕਿ ਨਿਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਸ੍ਰੀ ਬਲੇਂਦਰ ਸ਼ਾਹ ਨੂੰ ਨਿੱਘੀਆਂ ਵਧਾਈਆਂ | ਤੁਹਾਡੀ ਨਿਯੁਕਤੀ ਨਿਪਾਲ ਦੇ ਲੋਕਾਂ ਦੁਆਰਾ ਤੁਹਾਡੀ ਅਗਵਾਈ 'ਚ ਰੱਖੇ ਗਏ ਵਿਸ਼ਵਾਸ ਨੂੰ ਦਰਸਾਉਂਦੀ ਹੈ | ਮੈਂ ਭਾਰਤ-ਨਿਪਾਲ ਦੋਸਤੀ ਤੇ ਸਹਿਯੋਗ ਨੂੰ ਸਾਡੇ ਦੋਵਾਂ ਲੋਕਾਂ ਦੇ ਆਪਸੀ ਲਾਭ ਲਈ ਹੋਰ ਵੀ ਉਚਾਈਆਂ 'ਤੇ ਲਿਜਾਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ |
ਬਲੇੇਂਦਰ ਸ਼ਾਹ 'ਬਾਲੇਨ' ਨੇ ਨਿਪਾਲ ਦੇ 47ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ
ਅਜੀਤ ਡੈਸਕ
28-03-2026