ਪੱਛਮੀ ਏਸ਼ੀਆ ਹਾਲਾਤ ਸੰਬੰਧੀ ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀਆਂ ਨਾਲ ਗੱਲਬਾਤ
ਨਵੀਂ ਦਿੱਲੀ, 27 ਮਾਰਚ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਟਕਰਾਅ ਤੋਂ ਪੈਦਾ ਹੋਈ ਵਿਸ਼ਵਵਿਆਪੀ ਸਥਿਤੀ ਲਗਾਤਾਰ ਬਦਲ ਰਹੀ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰਥਿਕ ਅਤੇ ਵਪਾਰਕ ਸਥਿਰਤਾ ਬਣਾਈ ਰੱਖਣਾ, ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣਾ, ਉਦਯੋਗ ਅਤੇ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ ਅਤੇ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਹਨ | ਮੁੱਖ ਮੰਤਰੀਆਂ ਦੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਥਿਤੀ ਲਈ ਨਿਰੰਤਰ ਨਿਗਰਾਨੀ ਅਤੇ ਅਨੁਕੂਲ ਰਣਨੀਤੀ ਦੀ ਲੋੜ ਹੈ | ਉਨ੍ਹਾਂ ਕੇਂਦਰ ਅਤੇ ਰਾਜਾਂ ਵਿਚਕਾਰ ਨਿਰੰਤਰ ਸੰਚਾਰ ਅਤੇ ਤਾਲਮੇਲ ਦੇ ਨਾਲ-ਨਾਲ ਜਾਣਕਾਰੀ ਦੀ ਸਮੇਂ ਸਿਰ ਸਾਂਝੀਦਾਰੀ ਅਤੇ ਸਾਂਝੇ ਫੈਸਲੇ ਲੈਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਸਪਲਾਈ ਲੜੀ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਅਤੇ ਜਮ੍ਹਾਂਖੋਰੀ ਤੇ ਮੁਨਾਫ਼ਾਖੋਰੀ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਤਾਕੀਦ ਕਰਦਿਆਂ ਕਿਹਾ ਕਿ ਅਫ਼ਵਾਹਾਂ ਨੂੰ ਰੋਕਣ ਲਈ ਸਹੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਮੇਂ ਸਿਰ ਪ੍ਰਸਾਰ ਜ਼ਰੂਰੀ ਹੈ | ਪੱਛਮੀ ਏਸ਼ੀਆ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੋਲ ਇਸੇ ਤਰ੍ਹਾਂ ਦੇ ਵਿਸ਼ਵਵਿਆਪੀ ਵਿਘਨਾਂ ਨਾਲ ਨਜਿੱਠਣ ਦਾ ਪਹਿਲਾਂ ਹੀ ਤਜਰਬਾ ਹੈ | ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਕੇਂਦਰ ਅਤੇ ਰਾਜਾਂ ਨੇ ਸਪਲਾਈ ਚੇਨ, ਵਪਾਰ ਅਤੇ ਰੋਜ਼ਾਨਾ ਜੀਵਨ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਘਟਾਉਣ ਲਈ 'ਟੀਮ ਇੰਡੀਆ' ਵਜੋਂ ਇਕੱਠੇ ਕੰਮ ਕੀਤਾ ਸੀ | ਮੋਦੀ ਨੇ ਕਿਹਾ ਕਿ ਸਹਿਯੋਗ ਅਤੇ ਤਾਲਮੇਲ ਦੀ ਉਹੀ ਭਾਵਨਾ ਮੌਜੂਦਾ ਸਥਿਤੀ ਨਾਲ ਨਜਿੱਠਣ 'ਚ ਭਾਰਤ ਦੀ ਸਭ ਤੋਂ ਵੱਡੀ ਤਾਕਤ ਬਣੀ ਹੋਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਕ ਅੰਤਰ-ਮੰਤਰਾਲਾ ਸਮੂਹ 3 ਮਾਰਚ ਤੋਂ ਕਾਰਜਸ਼ੀਲ ਹੈ, ਜੋ ਰੋਜ਼ਾਨਾ ਸਥਿਤੀ ਦੀ ਸਮੀਖਿਆ ਕਰਦਾ ਹੈ ਅਤੇ ਸਮੇਂ ਸਿਰ ਫੈਸਲੇ ਲੈਂਦਾ ਹੈ | ਮੋਦੀ ਨੇ ਆਨਲਾਈਨ ਧੋਖਾਧੜੀ ਅਤੇ ਜਾਅਲੀ ਏਜੰਟਾਂ ਵਿਰੁੱਧ ਚੌਕਸੀ ਦੀ ਵੀ ਸਲਾਹ ਦਿੱਤੀ ਅਤੇ ਸਮੁੰਦਰੀ ਜ਼ਹਾਜ਼ਾਂ, ਜ਼ਰੂਰੀ ਸਪਲਾਈ ਅਤੇ ਸਮੁੰਦਰੀ ਕਾਰਜਾਂ ਨਾਲ ਸੰਬੰਧਿਤ ਕਿਸੇ ਵੀ ਉੱਭਰ ਰਹੀ ਚੁਣੌਤੀ ਨੂੰ ਹੱਲ ਕਰਨ ਲਈ ਸਰਹੱਦੀ ਅਤੇ ਤੱਟਵਰਤੀ ਰਾਜਾਂ 'ਚ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ | ਮੋਦੀ ਨੇ ਜਨਤਾ ਦਾ ਵਿਸ਼ਵਾਸ ਬਣਾਈ ਰੱਖਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਇਹ ਨੋਟ ਕਰਦੇ ਹੋਏ ਕਿ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਬਾਰੇ ਭਰੋਸਾ ਨਾਗਰਿਕਾਂ 'ਚ ਬੇਲੋੜੀ ਘਬਰਾਹਟ ਨੂੰ ਰੋਕਣ 'ਚ ਮਦਦ ਕਰੇਗਾ | ਮੀਟਿੰਗ 'ਚ ਸ਼ਾਮਿਲ ਹੋਣ ਵਾਲੇ ਮੁੱਖ ਮੰਤਰੀਆਂ 'ਚ ਭਗਵੰਤ ਮਾਨ (ਪੰਜਾਬ), ਸੁਖਵਿੰਦਰ ਸਿੰਘ ਸੁੱਖੂ (ਹਿਮਾਚਲ ਪ੍ਰਦੇਸ਼), ਉਮਰ ਅਬਦੁੱਲਾ (ਜੰਮੂ ਅਤੇ ਕਸ਼ਮੀਰ), ਯੋਗੀ ਆਦਿੱਤਿਆਨਾਥ (ਉੱਤਰ ਪ੍ਰਦੇਸ਼), ਭੂਪੇਂਦਰ ਪਟੇਲ (ਗੁਜਰਾਤ), ਐਨ. ਚੰਦਰ ਬਾਬੂ ਨਾਇਡੂ (ਆਂਧਰਾ ਪ੍ਰਦੇਸ਼), ਰੇਵੰਤ ਰੈਡੀ (ਤੇਲੰਗਾਨਾ) ਅਤੇ ਪੇਮਾ ਖਾਂਡੂ (ਅਰੁਣਾਚਲ ਪ੍ਰਦੇਸ਼) ਸ਼ਾਮਿਲ ਸਨ | ਆਦਰਸ਼ ਚੋਣ ਜ਼ਾਬਤਾ ਆਗੂ ਹੋਣ ਕਾਰਨ ਚੋਣ ਵਾਲੇ ਰਾਜਾਂ ਦੇ ਮੁੱਖ ਮੰਤਰੀ ਇਸ ਮੀਟਿੰਗ ਦਾ ਹਿੱਸਾ ਨਹੀਂ ਸਨ | ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੀਟਿੰਗ 'ਚ ਮੌਜੂਦ ਸਨ |
ਊਰਜਾ ਸੁਰੱਖਿਆ ਤੇ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਸਰਕਾਰ ਦੀ ਪ੍ਰਮੁੱਖ ਤਰਜੀਹ-ਪ੍ਰਧਾਨ ਮੰਤਰੀ <br/>
ਅਜੀਤ ਡੈਸਕ
28-03-2026