• ਅੱਜ ਦੀ ਗੱਲਬਾਤ ਲਈ ਤਿਆਰ-ਵਿਜੈ ਕਾਲੜਾ • ਆੜ੍ਹਤੀਆਂ ਦੀ ਹੜਤਾਲ ਕਾਰਨ ਮਜ਼ਦੂਰਾਂ ਦੇ ਵਾਪਸ ਜਾਣ ਦੀ ਚਿੰਤਾ-ਦਰਸ਼ਨ ਲਾਲ
ਖੰਨਾ, 5 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀਆਂ ਅਨਾਜ ਮੰਡੀਆਂ 'ਚ ਕਣਕ ਦੀ ਆਮਦ ਤੇਜ਼ ਹੋ ਗਈ ਹੈ | ਸ਼ਾਮ ਤੱਕ ਪੰਜਾਬ ਵਿਚ ਕਣਕ ਦੀ ਕੁੱਲ ਆਮਦ 2426.00 ਮੀਟਿ੍ਕ ਟਨ 'ਤੇ ਪਹੁੰਚ ਗਈ | ਇਸ 'ਚ ਸਿਰਫ਼ 5 ਅਪ੍ਰੈਲ ਨੂੰ ਇਕ ਦਿਨ ਦੀ ਆਮਦ 1129.00 ਮੀਟਿ੍ਕ ਟਨ ਸ਼ਾਮਿਲ ਹੈ, ਜੋ ਪਿਛਲੇ 4 ਦਿਨਾਂ ਦੀ ਕੁੱਲ ਆਮਦ 1297 ਮੀਟਿ੍ਕ ਟਨ ਦੇ ਨੇੜੇ ਹੈ | ਜਾਣਕਾਰੀ ਅਨੁਸਾਰ ਅੱਜ ਸ਼ਾਮ ਤੱਕ 1948.65.00 ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋਈ ਹੈ | ਇਸ ਵਿਚੋਂ 1928.65.00 ਮੀਟਿ੍ਕ ਟਨ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਅਤੇ 20 ਮੀਟਿ੍ਕ ਟਨ ਕਣਕ ਨਿੱਜੀ ਵਪਾਰੀਆਂ ਵਲੋਂ ਖਰੀਦੀ ਗਈ ਹੈ | ਸਰਕਾਰ ਵਲੋਂ ਕਿਸਾਨਾਂ ਨੂੰ 100 ਫ਼ੀਸਦੀ ਅਦਾਇਗੀ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ | ਅੱਜ ਇਕ ਦਿਨ ਦੀ ਸਰਕਾਰੀ ਏਜੰਸੀਆਂ ਦੀ ਕਣਕ ਦੀ ਖ਼ਰੀਦ 946.65. ਮੀਟਿ੍ਕ ਟਨ ਹੈ, ਜਦੋਂਕਿ ਅੱਜ ਨਿੱਜੀ ਵਪਾਰੀਆਂ ਵਲੋਂ ਕੋਈ ਖ਼ਰੀਦ ਨਹੀਂ ਕੀਤੀ ਗਈ | ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ 5 ਅਪ੍ਰੈਲ ਨੂੰ ਕਰੀਬ 700 ਕੁਇੰਟਲ ਕਣਕ ਦੀ ਆਮਦ ਹੋਈ ਪਰ ਆੜ੍ਹਤੀਆਂ ਦੀ ਹੜਤਾਲ ਕਾਰਨ ਫ਼ਸਲ ਦੀ ਬੋਲੀ ਨਹੀਂ ਹੋਈ | ਮੰਡੀ 'ਚ ਫ਼ਸਲ ਲੈ ਕੇ ਆਏ ਕਿਸਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਕਣਕ ਦੀ ਅਗੇਤੀ ਫ਼ਸਲ ਹੈ, ਜਿਸ ਦੀ ਕੁਆਲਿਟੀ ਵੀ ਵਧੀਆ ਹੈ | ਝਾੜ ਠੀਕ ਹੈ, ਇਸ ਉਪਰ ਮੌਸਮ ਦੀ ਕੋਈ ਮਾਰ ਦਿਖਾਈ ਨਹੀਂ ਦਿੱਤੀ | ਕਿਸਾਨ ਨੇ ਕਿਹਾ ਕਿ ਮਿਹਨਤ ਤੇ ਮਹਿੰਗਾਈ ਦੇ ਹਿਸਾਬ ਨਾਲ ਭਾਅ ਹੋਰ ਜ਼ਿਆਦਾ ਹੋਣਾ ਚਾਹੀਦਾ ਹੈ | ਕਿਸਾਨ ਗਿਆਨ ਸਿੰਘ ਨੇ ਦੱਸਿਆ ਕਿ ਅੱਜ ਖੇਤਾਂ 'ਚ ਫ਼ਸਲ ਤਿਆਰ ਖੜ੍ਹੀ ਹੈ, ਪਰ ਮੰਡੀਆਂ 'ਚ ਆੜ੍ਹਤੀਆਂ ਵਲੋਂ ਖ਼ਰੀਦ ਨਹੀਂ ਕੀਤੀ ਜਾ ਰਹੀ | ਇਸ ਕਾਰਨ ਸਾਨੂੰ ਡਰ ਹੈ ਕਿ ਸਾਡੀ ਫ਼ਸਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ | ਜੇ ਸਮੇਂ ਸਿਰ ਫ਼ਸਲ ਨਾ ਕੱਟੀ ਗਈ ਅਤੇ ਆੜ੍ਹਤੀਆ ਵਲੋਂ ਖ਼ਰੀਦ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ, ਜਦੋਂਕਿ ਪਹਿਲਾਂ ਹੀ ਆਲੂ ਦੀ ਫ਼ਸਲ 'ਚ ਉਨ੍ਹਾਂ ਨੂੰ ਵੱਡਾ ਘਾਟਾ ਹੋਇਆ ਹੈ |
ਸਰਕਾਰ ਵਲੋਂ ਰਾਤ 8 ਵਜੇ ਤੱਕ ਕੋਈ ਸੱਦਾ ਨਹੀਂ-ਵਿਜੈ ਕਾਲੜਾ
ਇਸ ਦੌਰਾਨ ਪੰਜਾਬ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਵਲੋਂ ਐਲਾਨਿਆ ਕਣਕ ਦੀ ਵਿਕਰੀ ਦਾ ਬਾਈਕਾਟ ਜਾਰੀ ਰਿਹਾ | ਆੜ੍ਹਤੀ ਫੈਡਰੇਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਕਿ ਅਸੀਂ 6 ਅਪ੍ਰੈਲ ਨੂੰ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ ਪਰ ਸ਼ਾਮ ਦੇ 8 ਵਜੇ ਤੱਕ ਗੱਲਬਾਤ ਲਈ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਵਲੋਂ ਕੋਈ ਸੱਦਾ ਨਹੀਂ ਮਿਲਿਆ ਪਰ ਜੇਕਰ ਸਾਨੂੰ ਸੱਦਾ ਆਇਆ ਤਾਂ ਫੈਡਰੇਸ਼ਨ ਦਾ ਵਫ਼ਦ ਗੱਲਬਾਤ ਲਈ ਜਾਵੇਗਾ | ਉਨ੍ਹਾਂ ਕਿਹਾ ਕਿ 6 ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ |
ਆੜ੍ਹਤੀਆਂ ਦੀ ਹੜਤਾਲ ਦਾ ਅਸਰ ਮਜ਼ਦੂਰਾਂ 'ਤੇ ਵੀ ਪੈ ਸਕਦੈ-ਦਰਸ਼ਨ ਲਾਲ
ਇਸ ਮੌਕੇ ਲੇਬਰ ਯੂਨੀਅਨ ਪੰਜਾਬ ਦੇ ਪ੍ਰਧਾਨ ਚੌਧਰੀ ਦਰਸ਼ਨ ਲਾਲ ਨੇ ਕਿਹਾ ਕਿ ਪੰਜਾਬ 'ਚ ਵੱਖ-ਵੱਖ ਸੂਬਿਆਂ ਤੋਂ ਹਜ਼ਾਰਾਂ ਦੀ ਤਾਦਾਦ 'ਚ ਆਉਣ ਵਾਲੇ ਮਜ਼ਦੂਰਾਂ ਉਪਰ ਵੀ ਆੜ੍ਹਤੀਆਂ ਦੀ ਹੜਤਾਲ ਦਾ ਅਸਰ ਪੈ ਸਕਦਾ ਹੈ, ਕਿਉਂ ਕਿ ਮਜ਼ਦੂਰ ਨੇ ਹਰ ਰੋਜ਼ ਆਪਣੀ ਰੋਜ਼ੀ ਰੋਟੀ ਕਮਾਉਣੀ ਹੈ | ਜੇਕਰ ਹੜਤਾਲ ਲੰਮਾ ਸਮਾਂ ਚੱਲੀ ਤਾਂ ਮਜ਼ਦੂਰਾਂ ਨੂੰ ਆਪਣਾ ਗੁਜ਼ਾਰਾ ਕਰਨਾ ਔਖਾ ਹੋ ਸਕਦਾ ਹੈ, ਜਿਸ ਕਾਰਨ ਲੇਬਰ ਦੇ ਵਾਪਸ ਜਾਣ ਜਾਂ ਗੁਆਂਢੀ ਸੂਬਿਆਂ 'ਚ ਜਾਣ ਦੀ ਚਿੰਤਾ ਵੀ ਹੈ |
ਮੰਡੀਆਂ 'ਚ ਕਣਕ ਦੀ ਆਮਦ ਤੇਜ਼-ਇਕ ਦਿਨ 'ਚ 4 ਦਿਨਾਂ ਦੇ ਬਰਾਬਰ ਫ਼ਸਲ ਆਈ
ਅਜੀਤ ਡੈਸਕ
06-04-2026