ਵਿਦੇਸ਼ੀ ਹੈਂਡਲਰਾਂ ਨੇ ਵਾਰਦਾਤ ਲਈ 2 ਲੱਖ ਰੁਪਏ ਦਾ ਦਿੱਤਾ ਸੀ ਲਾਲਚ-ਯਾਦਵ
ਚੰਡੀਗੜ੍ਹ, 5 ਅਪ੍ਰੈਲ (ਪ੍ਰੋ. ਅਵਤਾਰ ਸਿੰਘ)- ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ 37 ਸਥਿਤ ਭਾਜਪਾ ਪੰਜਾਬ ਦੇ ਦਫ਼ਤਰ ਬਾਹਰ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਲੈ ਕੇ ਡੀ.ਜੀ.ਪੀ. ਗੌਰਵ ਯਾਦਵ ਨੇ ਇਥੇ ਪੱਤਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੰਜਾਬ ਪੁਲਿਸ ਦੇ ਕਾਊਾਟਰ ਇੰਟੈਲੀਜੈਂਸ ਵਿੰਗ ਨੇ ਚੰਡੀਗੜ੍ਹ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਅਤੇ ਹਰਿਆਣਾ ਪੁਲਿਸ ਦੀ ਸਹਾਇਤਾ ਨਾਲ ਦੋ ਮੁੱਖ ਦੋਸ਼ੀਆਂ ਨੂੰ ਹਰਿਆਣਾ ਦੇ ਰੇਵਾੜੀ ਤੋਂ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਗੁਰਤੇਜ ਸਿੰਘ ਅਤੇ ਅਮਨਪ੍ਰੀਤ ਸਿੰਘ ਦੋਵੇਂ ਵਾਸੀ ਰਤਨਗੜ੍ਹ (ਰੂਪਨਗਰ) ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਅਮਨਪ੍ਰੀਤ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਹੈ ਅਤੇ ਉਸ ਦੇ ਖਿਲਾਫ਼ ਕ੍ਰਮਵਾਰ ਮੁਹਾਲੀ ਤੇ ਬਿਲਾਸਪੁਰ (ਹਿਮਾਚਲ ਪ੍ਰਦੇਸ਼) 'ਚ ਚੋਰੀ ਅਤੇ ਲੁੱਟ-ਖੋਹ ਦੇ ਮਾਮਲੇ ਦਰਜ ਹਨ | ਡੀ.ਜੀ.ਪੀ. ਨੇ ਦੱਸਿਆ ਕਿ ਇਹ ਕਾਰਵਾਈ ਉਕਤ ਮਾਮਲੇ 'ਚ ਸ਼ਾਮਿਲ ਪੰਜ ਮੁਲਜ਼ਮਾਂ ਦੀ ਗਿ੍ਫ਼ਤਾਰੀ ਤੋਂ ਇਕ ਦਿਨ ਬਾਅਦ ਅਮਲ 'ਚ ਲਿਆਂਦੀ ਗਈ | ਇਨ੍ਹਾਂ ਗਿ੍ਫ਼ਤਾਰੀਆਂ ਨਾਲ ਮਾਮਲੇ 'ਚ ਸ਼ਾਮਿਲ ਸਾਰੇ ਸੱਤ ਮੁਲਜ਼ਮ ਹੁਣ ਪੁਲਿਸ ਹਿਰਾਸਤ ਵਿਚ ਹਨ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮਾਂ ਨੂੰ ਪੁਰਤਗਾਲ 'ਚ ਆਈ. ਐਸ. ਆਈ. ਸਮਰਥਿਤ ਵਿਦੇਸ਼ੀ ਹੈਂਡਲਰ ਬਲਜੋਤ ਸਿੰਘ ਉਰਫ਼ ਜੋਤ ਅਤੇ ਜਰਮਨੀ ਤੋਂ ਹਰਜੀਤ ਸਿੰਘ ਲਾਡੀ ਵਲੋਂ 2 ਲੱਖ ਰੁ. ਦੇ ਵਿੱਤੀ ਇਨਾਮ ਦਾ ਵਾਅਦਾ ਕਰਕੇ ਇਸ ਹਮਲੇ ਨੂੰ ਅੰਜਾਮ ਦੇਣ ਲਈ ਪ੍ਰੇਰਿਆ ਗਿਆ ਸੀ | ਪੁੱਛਗਿੱਛ ਦੌਰਾਨ ਗੁਰਤੇਜ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਲਗਭਗ ਛੇ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਇਕ ਵਿਦੇਸ਼ੀ ਹੈਂਡਲਰ ਦੇ ਸੰਪਰਕ 'ਚ ਆਇਆ ਸੀ ਅਤੇ ਉਸ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਗੁਰਤੇਜ ਨੇ ਆਪਣੇ ਸਹਿ-ਦੋਸ਼ੀ ਰੂਬਲ ਚੌਹਾਨ ਅਤੇ ਮਨਦੀਪ ਉਰਫ਼ ਅਭਿਜੋਤ ਸ਼ਰਮਾ ਨਾਲ ਮਿਲ ਕੇ ਬੀਤੀ 28 ਮਾਰਚ ਨੂੰ ਐਸ. ਬੀ. ਐਸ. ਨਗਰ ਦੇ ਪਿੰਡ ਭਾਰਾਪੁਰ ਵਿਖੇ ਜਸਵੀਰ ਉਰਫ਼ ਜੱਸੀ ਤੋਂ ਹਥਿਆਰਾਂ ਅਤੇ ਗ੍ਰਨੇਡਾਂ ਦੀ ਖੇਪ ਹਾਸਿਲ ਕੀਤੀ ਸੀ ਅਤੇ ਬਾਅਦ 'ਚ ਗੁਰਤੇਜ ਵਾਰਦਾਤ ਨੂੰ ਅੰਜਾਮ ਦੇਣ ਲਈ ਅਮਨਪ੍ਰੀਤ ਸਿੰਘ ਨੂੰ ਆਪਣੇ ਨਾਲ ਲੈ ਗਿਆ ਸੀ | ਡੀ.ਜੀ.ਪੀ. ਨੇ ਦੱਸਿਆ ਕਿ ਬੀਤੀ 1 ਅਪ੍ਰੈਲ ਨੂੰ ਰੇਕੀ ਕਰਨ ਤੋਂ ਬਾਅਦ ਅਮਨਪ੍ਰੀਤ ਸਿੰਘ ਨੇ ਗ੍ਰਨੇਡ ਸੁੱਟਿਆ, ਜਦਕਿ ਗੁਰਤੇਜ ਸਿੰਘ ਨੇ ਹੈਂਡਲਰ ਦੇ ਨਿਰਦੇਸ਼ਾਂ ਮੁਤਾਬਿਕ ਆਪਣੇ ਮੋਬਾਈਲ ਫੋਨ 'ਤੇ ਇਸ ਵਾਰਦਾਤ ਨੂੰ ਰਿਕਾਰਡ ਕੀਤਾ ਅਤੇ ਬਾਅਦ 'ਚ ਦੋਵੇਂ ਮੁਲਜ਼ਮ ਫਰਾਰ ਹੋ ਗਏ ਸਨ | ਇਸ ਮੌਕੇ ਏ.ਡੀ.ਜੀ.ਪੀ. ਅਮਿਤ ਪ੍ਰਸਾਦ, ਏ.ਡੀ.ਜੀ.ਪੀ. ਐਸ.ਕੇ. ਵਰਮਾ, ਆਈ.ਜੀ.ਪੀ. ਡਾ. ਸੁਖਚੈਨ ਸਿੰਘ ਗਿੱਲ, ਏ.ਆਈ.ਜੀ. ਦੀਪਕ ਪਾਰੀਕ ਵੀ ਮੌਜੂਦ ਸਨ |
ਭਾਜਪਾ ਦਫ਼ਤਰ 'ਤੇ ਗ੍ਰਨੇਡ ਹਮਲਾ ਮਾਮਲੇ 'ਚ 2 ਮੁੱਖ ਦੋਸ਼ੀ ਹਰਿਆਣੇ ਤੋਂ ਕਾਬੂ-ਹੁਣ ਤੱਕ 7 ਗਿ੍ਫ਼ਤਾਰ
ਅਜੀਤ ਡੈਸਕ
06-04-2026