10 ਨੂੰ ਹੋਣ ਵਾਲੀ ਗੱਲਬਾਤ 'ਚ ਗਾਲਿਬਾਫ ਤੇ ਜੇ.ਡੀ. ਵੈਂਸ ਦੇ ਸ਼ਾਮਿਲ ਹੋਣ ਦੀ ਸੰਭਾਵਨਾ
ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਦੁਪਹਿਰ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਗੱਲਬਾਤ ਕੀਤੀ | ਚਰਚਾ ਦਾ ਮੁੱਖ ਕੇਂਦਰ ਖੇਤਰ 'ਚ ਵਧਦੇ ਤਣਾਅ ਨੂੰ ਘਟਾਉਣ ਅਤੇ ਸ਼ਾਂਤੀ ਬਹਾਲ ਕਰਨ 'ਤੇ ਸੀ | ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ ਕਿ ਈਰਾਨ ਨੇ ਇਸਲਾਮਾਬਾਦ 'ਚ ਸ਼ਾਂਤੀ ਗੱਲਬਾਤ ਕਰਨ ਦੇ ਪਾਕਿ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ | ਅਮਰੀਕਾ ਅਤੇ ਈਰਾਨ ਵਿਚਕਾਰ ਲਗਭਗ ਛੇ ਹਫ਼ਤਿਆਂ ਦੇ ਟਕਰਾਅ ਤੋਂ ਬਾਅਦ ਜੰਗਬੰਦੀ ਹੋਈ ਹੈ | ਸ਼ਰੀਫ਼ ਨੇ ਕਿਹਾ ਕਿ ਇਸ ਹਫ਼ਤੇ ਦੇ ਅੰਤ 'ਚ ਹੋਣ ਵਾਲੀ ਗੱਲਬਾਤ ਖੇਤਰੀ ਸਥਿਰਤਾ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਨਾ ਸਿਰਫ਼ ਕਾਨਫ਼ਰੰਸ 'ਚ ਈਰਾਨ ਦੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਬਲਕਿ ਪਾਕਿ ਦੀ ਵਿਚੋਲਗੀ ਅਤੇ ਸ਼ਾਂਤੀ ਸਥਾਪਿਤ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ | ਪ੍ਰਧਾਨ ਮੰਤਰੀ ਸ਼ਰੀਫ਼ ਨੇ ਸਪਸ਼ਟ ਕੀਤਾ ਕਿ ਪਾਕਿ ਆਪਣੇ ਗੁਆਂਢੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਇਕ ਸੁਰੱਖਿਅਤ ਅਤੇ ਸਥਿਰ ਭਵਿੱਖ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਹ ਗੱਲਬਾਤ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਪੂਰੇ ਖੇਤਰ ਨੂੰ ਤੁਰੰਤ ਸੁਰੱਖਿਆ ਚੁਣੌਤੀਆਂ ਨੂੰ ਇਕਜੁੱਟ ਤਰੀਕੇ ਨਾਲ ਹੱਲ ਕਰਨ ਦੀ ਲੋੜ ਹੈ | ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ ਕੂਟਨੀਤਕ ਯਤਨ ਤੇਜ਼ ਹੋ ਗਏ ਹਨ | ਈਰਾਨ ਅਤੇ ਅਮਰੀਕਾ ਦੇ ਚੋਟੀ ਦੇ ਨੇਤਾਵਾਂ ਦੇ 10 ਅਪ੍ਰੈਲ ਨੂੰ ਪਾਕਿ ਦੀ ਰਾਜਧਾਨੀ ਇਸਲਾਮਾਬਾਦ 'ਚ ਹੋਣ ਵਾਲੀ ਗੱਲਬਾਤ 'ਚ ਸ਼ਾਮਿਲ ਹੋਣ ਦੀ ਆਸ ਹੈ | ਰਿਪੋਰਟਾਂ ਅਨੁਸਾਰ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲਿਬਾਫ ਈਰਾਨੀ ਵਫ਼ਦ ਦੀ ਅਗਵਾਈ ਕਰਨਗੇ, ਜਦੋਂਕਿ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੇ ਅਮਰੀਕਾ ਦੀ ਨੁਮਾਇੰਦਗੀ ਕਰਨ ਦੀ ਉਮੀਦ ਹੈ | ਉਨ੍ਹਾਂ ਤੋਂ ਇਲਾਵਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਉਨ੍ਹਾਂ ਦੇ ਜਵਾਈ ਜੈਰੇਡ ਕੁਸ਼ਨਰ ਵੀ ਇਸ ਉੱਚ-ਪੱਧਰੀ ਮੀਟਿੰਗ 'ਚ ਸ਼ਾਮਿਲ ਹੋ ਸਕਦੇ ਹਨ | ਇਸ ਮੀਟਿੰਗ ਨੂੰ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਅਤੇ ਭਵਿੱਖ ਦੀ ਰਣਨੀਤੀ ਨਿਰਧਾਰਿਤ ਕਰਨ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ |
ਸ਼ਾਂਤੀ ਕਾਨਫ਼ਰੰਸ ਦੀ ਮੇਜ਼ਬਾਨੀ ਲਈ ਸ਼ਾਹਬਾਜ਼ ਸ਼ਰੀਫ਼ ਤੇ ਈਰਾਨੀ ਰਾਸ਼ਟਰਪਤੀ ਵਿਚਕਾਰ ਸਫ਼ਲ ਗੱਲਬਾਤ
ਅਜੀਤ ਡੈਸਕ
09-04-2026