ਈਰਾਨ ਦਾ ਧੰਨਵਾਦ ਪਰ ਅਮਰੀਕੀ ਨਾਕਾਬੰਦੀ ਜਾਰੀ ਰਹੇਗੀ-ਟਰੰਪ
ਤਹਿਰਾਨ/ਵਾਸ਼ਿੰਗਟਨ, 17 ਅਪ੍ਰੈਲ (ਪੀ. ਟੀ. ਆਈ.)-ਪੱਛਮੀ ਏਸ਼ੀਆ 'ਚ ਜਾਰੀ ਭਾਰੀ ਤਣਾਅ ਦੇ ਵਿਚਕਾਰ ਈਰਾਨ ਨੇ ਇਕ ਵੱਡਾ ਕਦਮ ਚੁੱਕਦੇ ਹੋਏ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਹੈ | ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕਾ ਨਾਲ ਜੰਗਬੰਦੀ ਦੀ ਬਾਕੀ ਮਿਆਦ ਤੱਕ ਹੋਰਮੁਜ਼ ਨੂੰ ਪੂਰੀ ਤਰ੍ਹਾਂ ਖੁੱਲ੍ਹਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਲਿਬਨਾਨ 'ਚ ਜੰਗਬੰਦੀ ਤੋਂ ਬਾਅਦ ਸਾਰੇ ਵਪਾਰਕ ਜਹਾਜ਼ਾਂ ਲਈ 'ਸਟ੍ਰੇਟ ਆਫ਼ ਹੋਰਮੁਜ਼' ਤੋਂ ਗੁਜ਼ਰਨ ਦਾ ਰਸਤਾ ਜੰਗਬੰਦੀ ਦੀ ਬਾਕੀ ਮਿਆਦ ਤੱਕ ਪੂਰੀ ਤਰ੍ਹਾਂ ਖੁੱਲ੍ਹਾ ਰਹੇਗਾ | ਹਾਲਾਂਕਿ, ਜਹਾਜ਼ਾਂ ਨੂੰ ਈਰਾਨ ਦੀਆਂ ਬੰਦਰਗਾਹਾਂ ਅਤੇ ਸਮੁੰਦਰੀ ਸੰਗਠਨ ਵਲੋਂ ਪਹਿਲਾਂ ਹੀ ਐਲਾਨ ਕੀਤੇ ਗਏ ਤਾਲਮੇਲ ਵਾਲੇ ਰਸਤੇ 'ਤੇ ਚੱਲਣਾ ਹੋਵੇਗਾ | ਟਰੰਪ ਵਲੋਂ ਵੀਰਵਾਰ ਨੂੰ ਇਜ਼ਰਾਈਲ ਅਤੇ ਲਿਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ, ਜਦੋਂਕਿ ਈਰਾਨ-ਅਮਰੀਕਾ ਵਿਚਕਾਰ ਦੋ ਹਫ਼ਤਿਆਂ ਦੀ ਲਾਗੂ ਜੰਗਬੰਦੀ ਦੀ ਮਿਆਦ 22 ਅਪ੍ਰੈਲ ਨੂੰ ਸਮਾਪਤ ਹੋਣ ਵਾਲੀ ਹੈ | ਈਰਾਨ ਨੇ ਅਮਰੀਕਾ ਨਾਲ ਗੱਲਬਾਤ ਤੋਂ ਪਹਿਲਾਂ ਲਿਬਨਾਨ ਸਮੇਤ ਪੂਰੇ ਮੱਧ-ਪੂਰਬ 'ਚ ਜੰਗਬੰਦੀ ਦੀ ਸ਼ਰਤ ਰੱਖੀ ਸੀ | ਦੂਜੇ ਪਾਸੇ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਈਰਾਨ ਦਾ ਧੰਨਵਾਦ ਕੀਤਾ | ਹਾਲਾਂਕਿ, ਇਸ ਤੋਂ ਕੁਝ ਮਿੰਟਾਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ' ਉਤੇ ਪਾਈ ਇਕ ਹੋਰ ਪੋਸਟ 'ਚ ਕਿਹਾ ਕਿ ਹੋਰਮੁਜ਼ 'ਚ ਅਮਰੀਕੀ ਨਾਕਾਬੰਦੀ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਅਮਰੀਕੀ ਨਾਕਾਬੰਦੀ ਸਿਰਫ਼ ਈਰਾਨ 'ਤੇ ਲਾਗੂ ਰਹੇਗੀ, ਜਦੋਂ ਤੱਕ ਈਰਾਨ ਨਾਲ ਸਾਡਾ ਸਮਝੌਤਾ 100 ਫ਼ੀਸਦੀ ਪੂਰਾ ਨਹੀਂ ਹੋ ਜਾਂਦਾ | ਟਰੰਪ ਦੇ ਇਸ ਬਿਆਨ ਤੋਂ ਸੰਕੇਤ ਮਿਲ ਰਹੇ ਹਨ ਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਦੇ ਨਵੇਂ ਰਸਤੇ ਖੁੱਲ੍ਹ ਸਕਦੇ ਹਨ | ਈਰਾਨ ਦੇ ਐਲਾਨ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਇਕਦਮ 10 ਫ਼ੀਸਦੀ ਡਿੱਗ ਗਈਆਂ | ਇਹ ਘਟਨਾਕ੍ਰਮ ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਵਲੋਂ ਅਮਰੀਕਾ ਅਤੇ ਈਰਾਨ ਵਿਚਕਾਰ ਟਕਰਾਅ ਨੂੰ ਸੁਲਝਾਉਣ ਲਈ ਇਸਲਾਮਾਬਾਦ ਦੇ ਯਤਨਾਂ ਦੇ ਹਿੱਸੇ ਵਜੋਂ ਤਹਿਰਾਨ 'ਚ ਉੱਚ ਈਰਾਨੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਤੋਂ ਇਕ ਦਿਨ ਬਾਅਦ ਆਇਆ ਹੈ |
ਈਰਾਨ ਨੇ ਹੋਰਮੁਜ਼ ਜਲ ਮਾਰਗ ਖੋਲਿ੍ਹਆ <br/>
ਅਜੀਤ ਡੈਸਕ
18-04-2026