ਜਤਿੰਦਰ ਭੰਬੀ
ਲੁਧਿਆਣਾ, 17 ਅਪ੍ਰੈਲ-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗੁਰਦੇਵ ਨਗਰ ਸਥਿਤ ਰਿਹਾਇਸ਼ 'ਤੇ ਇਨਫੋਰਸਮੈਂ ਡਾਇਰੈਕਟੋਰੇਟ (ਈ.ਡੀ.) ਵਲੋਂ ਛਾਪੇਮਾਰੀ ਕੀਤੀ ਗਈ | ਜਾਂਚ ਏਜੰਸੀ ਦੀਆਂ ਟੀਮਾਂ ਸ਼ੁੱਕਰਵਾਰ ਸਵੇਰੇ 7 ਵਜੇ ਦੇ ਕਰੀਬ ਸੰਜੀਵ ਅਰੋੜਾ ਦੀ ਕੋਠੀ ਪਹੁੰਚ ਗਈਆਂ ਸਨ | ਇਸ ਦੌਰਾਨ ਕੇਂਦਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਕੇ ਘਰ ਦੇ ਅੰਦਰ ਅਤੇ ਬਾਹਰ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਸਮੇਂ ਈ.ਡੀ. ਨੇ ਛਾਪੇਮਾਰੀ ਕੀਤੀ, ਉਸ ਸਮੇਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਘਰ 'ਚ ਮੌਜੂਦ ਨਹੀਂ ਸਨ | ਇਸ ਤੋਂ ਇਲਾਵਾ ਜਲੰਧਰ 'ਚ ਵੀ ਰੀਅਲ ਅਸਟੇਟ ਕਾਰੋਬਾਰੀ ਹੇਮੰਤ ਸੂਦ ਅਤੇ ਚੰਦਰਸ਼ੇਖਰ ਅਗਰਵਾਲ ਦੇ ਟਿਕਾਣਿਆਂ 'ਤੇ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ | ਸੂਦ 'ਹੈਾਮਟਨ ਹੋਮ' ਦੇ ਡਾਇਰੈਕਟਰ ਹਨ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਕਰੀਬੀਆਂ 'ਚੋਂ ਜਾਣੇ ਜਾਂਦੇ ਹਨ | ਅਗਰਵਾਲ ਦੀ ਵੀ ਸੰਜੀਵ ਅਰੋੜਾ ਦੇ ਰੀਅਲ ਅਸਟੇਟ ਕਾਰੋਬਾਰ 'ਚ ਸਾਂਝੇਦਾਰ ਹਨ | ਈ.ਡੀ. ਵਲੋਂ ਕੈਬਨਿਟ ਮੰਤਰੀ ਅਰੋੜਾ ਅਤੇ ਉਨ੍ਹਾਂ ਦੇ ਵਪਾਰਕ ਸਹਿਯੋਗੀਆਂ ਦੇ ਲੁਧਿਆਣਾ, ਜਲੰਧਰ, ਗੁਰੂਗ੍ਰਾਮ ਅਤੇ ਚੰਡੀਗੜ੍ਹ ਸਥਿਤ 13 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ | ਭਰੋਸੇਯੋਗ ਸੂਤਰਾਂ ਅਨੁਸਾਰ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਇਹ ਛਾਪੇਮਾਰੀ ਜ਼ਮੀਨ ਸੌਦਿਆਂ ਨੂੰ ਲੈ ਕੇ ਹੋਈ ਹੈ | ਈ.ਡੀ. ਨੂੰ ਸ਼ੱਕ ਹੈ ਕਿ ਮੰਤਰੀ ਅਰੋੜਾ ਨੇ ਸੂਦ ਦੇ ਨਾਲ ਮਿਲ ਕੇ ਹੈਾਮਟਨ ਹੋਮਜ਼ ਵਾਲੀ ਜ਼ਮੀਨ ਦਾ ਚੇਂਜ ਆਫ਼ ਲੈਂਡ ਯੂਜ਼ (ਸੀ.ਐਲ.ਯੂ.) ਗਲਤ ਤਰੀਕੇ ਨਾਲ ਕੀਤਾ ਹੈ, ਜਿਸ ਤੋਂ ਬਾਅਦ ਇੰਡਸਟਰੀਅਲ ਜ਼ਮੀਨ ਨੂੰ ਰਿਹਾਇਸ਼ੀ 'ਚ ਬਦਲ ਦਿੱਤਾ ਗਿਆ, ਜਿਸ ਵਿਚ ਨਿਯਮਾਂ ਨੂੰ ਅਣਦੇਖਾ ਕੀਤਾ ਗਿਆ ਹੈ | ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਸੰਜੀਵ ਅਰੋੜਾ ਨੇ ਲਿਖਿਆ ਹੈ ਕਿ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਨ ਅਤੇ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਨਗੇ |
ਜਲੰਧਰ 'ਚ ਵੀ ਛਾਪੇਮਾਰੀ
ਜਲੰਧਰ (ਸ਼ਿਵ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਵਲੋਂ ਅੱਜ ਜਲੰਧਰ ਵੀ ਕੁਝ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ | ਇਹ ਛਾਪੇਮਾਰੀ ਗੁਰੂ ਤੇਗ਼ ਬਹਾਦਰ ਨਗਰ ਦੇ ਕੋਲ ਜਿਥੇ ਇਕ ਕਾਰੋਬਾਰੀ ਦੀ ਕੋਠੀ ਹੈ, ਵਿਚ ਕੀਤੀ ਗਈ | ਦੱਸਿਆ ਜਾਂਦਾ ਹੈ ਕਿ ਟੀਮ ਭਗਵਾਨ ਵਾਲਮੀਕਿ (ਜੋਤੀ ਚੌਕ) ਦੇ ਕੋਲ ਵੀ ਇਕ ਇਮਾਰਤ ਵਿਚ ਵੀ ਗਈ | ਚੌਕ ਦੇ ਕੋਲ ਵੀ ਇਕ ਇਮਾਰਤ ਦੇ ਬਾਹਰ ਉਹ ਗੱਡੀਆਂ ਖੜੀਆਂ ਸਨ, ਜਿਨਾਂ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਫ਼ਸਰ ਆਏ ਸਨ | ਛਾਪੇਮਾਰੀ ਦੌਰਾਨ ਬਾਹਰ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਸਨ | ਅੱਜ ਇਕ ਕੈਬਨਿਟ ਮੰਤਰੀ ਦੇ ਲੁਧਿਆਣਾ ਸਥਿਤ ਘਰ ਵਿਚ ਜਦੋਂ ਈ. ਡੀ. ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ ਸੀ ਤਾਂ ਉਸ ਸਮੇਂ ਹੀ ਜਲੰਧਰ ਵਿਚ ਈ. ਡੀ. ਟੀਮਾਂ ਵਲੋਂ ਇਹ ਕਾਰਵਾਈ ਕੀਤੀ ਗਈ | ਇਕ ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਜਿਹੜੀਆਂ ਟੀਮਾਂ ਆਈਆਂ ਸਨ, ਉਸ ਵਿਚ ਚੰਡੀਗੜ੍ਹ ਤੇ ਜਲੰਧਰ ਦਫਤਰ ਦੇ ਅਧਿਕਾਰੀ ਸ਼ਾਮਿਲ ਦੱਸੇ ਜਾਂਦੇ ਸਨ, ਜਿਨ੍ਹਾਂ ਦੀ ਅੱਧੀ ਦਰਜਨ ਤੋਂ ਜ਼ਿਆਦਾ ਗਿਣਤੀ ਦੱਸੀ ਜਾ ਰਹੀ ਹੈ | ਈ.ਡੀ. ਦੀ ਕਾਰਵਾਈ ਕਾਫੀ ਸਮੇਂ ਤੱਕ ਚੱਲਦੀ ਰਹੀ, ਜਿਨ੍ਹਾਂ ਵਲੋਂ ਕਈ ਦਸਤਾਵੇਜ਼ਾਂ ਦੀ ਜਾਂਚ ਕੀਤੀ ਦੱਸੀ ਜਾ ਰਹੀ ਹੈ | ਈ.ਡੀ. ਦੀਆਂ ਟੀਮਾਂ ਅੱਜ ਸਵੇਰੇ ਹੀ 6 ਵਜੇ ਜਲੰਧਰ ਪਹੁੰਚ ਗਈਆਂ ਸਨ ਤੇ ਇਸ ਤੋਂ ਬਾਅਦ ਛਾਪੇਮਾਰੀ ਦੀ ਕਾਰਵਾਈ ਆਰੰਭੀ ਗਈ |
ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਈ.ਡੀ. ਵਲੋਂ ਛਾਪੇਮਾਰੀ
ਅਜੀਤ ਡੈਸਕ
18-04-2026