03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਭਾਰਤ ਦਾ ਚੁਣਾਵੀ ਨਕਸ਼ਾ ਬਦਲਣ ਦੀ ਕੋਸ਼ਿਸ਼-ਰਾਹੁਲ

Ad Position 21
No active advertisement
ਅਜੀਤ ਡੈਸਕ 18-04-2026

ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਸਭ ਤੋਂ ਵੱਡੀ ਸਚਾਈ ਇਹ ਹੈ ਕਿ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਿੱਲ (ਸੰਵਿਧਾਨਕ ਸੋਧ 2026) ਔਰਤਾਂ ਦੇ ਰਾਖਵੇਂਕਰਨ ਦਾ ਬਿੱਲ ਹੈ ਹੀ ਨਹੀਂ | ਔਰਤਾਂ ਦੇ ਲਈ ਬਿੱਲ ਸਤੰਬਰ 2023 'ਚ ਸਰਬਸੰਮਤੀ ਨਾਲ ਪਾਸ ਹੋਇਆ ਸੀ | ਇਹ ਔਰਤਾਂ ਦੇ ਨਾਂਅ 'ਤੇ ਦੇਸ਼ ਦਾ ਚੁਣਾਵੀ ਨਕਸ਼ਾ ਬਦਲਣ ਦੀ ਕੋਸ਼ਿਸ਼ ਹੈ | ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ 'ਚ ਔਰਤਾਂ ਲਈ ਰਾਖਵੇਂਕਰਨ ਬਾਰੇ ਬਿੱਲ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਉਕਤ ਬਿਆਨ ਦਿੱਤਾ | ਰਾਹੁਲ ਗਾਂਧੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਸੰਵਿਧਾਨ ਤੋਂ ਉਪਰ ਅਨੁਵਾਦ ਨੂੰ ਤਰਜੀਹ ਦੇਣਾ ਚਾਹੀਦੀ ਹੈ | ਉਨ੍ਹਾਂ (ਭਾਜਪਾ ਨੇ) ਇਹ ਬਿੱਲ ਜਾਤ ਆਧਾਰਿਤ ਮਰਦਮਸ਼ੁਮਾਰੀ ਨੂੰ ਕਿਨਾਰੇ ਕਰਨ ਲਈ ਲਿਆਂਦਾ ਹੈ | ਕਾਂਗਰਸੀ ਨੇਤਾ ਨੇ ਕਿਹਾ ਕਿ ਭਾਜਪਾ ਆਪਣੀ ਘਟਦੀ ਤਾਕਤ ਦੇ ਕਾਰਨ ਦੇਸ਼ ਦੇ ਨਕਸ਼ੇ ਨੂੰ ਬਦਲਣਾ ਚਾਹੁੰਦੀ ਹੈ | ਭਾਜਪਾ ਪਹਿਲਾਂ ਅਸਾਮ ਅਤੇ ਜੰਮੂ ਕਸ਼ਮੀਰ 'ਚ ਅਜਿਹਾ ਕਰ ਚੁੱਕੀ ਹੈ | ਹੁਣ ਸੱਤਾ 'ਚ ਰਹਿਣ ਲਈ ਦੱਖਣ ਭਾਰਤ ਦੇ, ਉੱਤਰ ਪੂਰਬ ਦੇ ਅਤੇ ਛੋਟੇ ਰਾਜਾਂ ਦੀ ਨੁਮਾਇੰਦਗੀ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਜਿਸ ਲਈ ਇਨ੍ਹਾਂ ਨੂੰ ਸੰਵਿਧਾਨ ਸੋਧ ਚਾਹੀਦੀ ਹੈ | ਉਨ੍ਹਾਂ ਇਸ ਕਵਾਇਦ ਦਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ (ਵਿਰੋਧੀ ਧਿਰ) ਤੁਹਾਨੂੰ ਅਜਿਹਾ ਨਹੀਂ ਕਰਨ ਦੇਵਾਂਗੇ | ਉਨ੍ਹਾਂ ਕਿਹਾ ਕਿ ਸਾਰੀਆਂ ਵਿਰੋਧੀ ਧਿਰਾਂ ਇਸ ਲਈ ਇਕਜੁੱਟ ਹਨ ਕਿ ਦਲਿਤਾਂ, ਓ. ਬੀ. ਸੀ. ਅਤੇ ਹੋਰ ਭਾਈਚਾਰਿਆਂ ਦੇ ਹੱਕ ਖੋਹਣ ਨਹੀਂ ਦੇਣੇ | ਰਾਹੁਲ ਗਾਂਧੀ ਨੇ ਇਨ੍ਹਾਂ ਪਿਛੜੇ ਵਰਗਾਂ ਦੀ ਘੱਟ ਨੁਮਾਇੰਦਗੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਨਿਆਂਪਾਲਿਕਾ, ਹਸਪਤਾਲਾਂ, ਸਿੱਖਿਆ ਖੇਤਰ 'ਚ ਦਲਿਤ ਕਿੱਥੇ ਹਨ | ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਤੁਸੀਂ ਓ. ਬੀ. ਸੀ. ਅਤੇ ਦਲਿਤਾਂ ਨੂੰ ਹਿੰਦੂ ਕਹਿੰਦੇ ਹੋ ਪਰ ਉਨ੍ਹਾਂ ਨੂੰ ਦੇਸ਼ 'ਚ ਕੋਈ ਥਾਂ ਨਹੀਂ ਦਿੰਦੇ | ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਉਨ੍ਹਾਂ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਨੇ ਆਪਣੇ 60 ਸਾਲਾਂ ਦੇ ਸ਼ਾਸਨ 'ਚ ਓ. ਬੀ. ਸੀ. ਨੂੰ ਰਾਖਵਾਂਕਰਨ ਕਿਉਂ ਨਹੀਂ ਦਿੱਤਾ | ਰਿਜਿਜੂ ਨੇ ਇਹ ਵੀ ਕਿਹਾ ਕਿ ਰਾਜੀਵ ਗਾਂਧੀ ਨੇ ਓ. ਬੀ. ਸੀ. ਰਾਖਵੇਂਕਰਨ ਦਾ ਵਿਰੋਧ ਕੀਤਾ ਸੀ | ਰਾਹੁਲ ਗਾਂਧੀ ਨੇ ਮੁੜ ਹੱਦਬੰਦੀ ਨੂੰ ਗੈਰ ਸੰਵਿਧਾਨਕ ਦੱਸਦਿਆਂ ਕਿਹਾ ਕਿ ਅਸੀਂ (ਵਿਰੋਧੀ ਧਿਰਾਂ) ਸਰਕਾਰ ਨੂੰ ਭਾਰਤ-ਜੋ ਰਾਜਾਂ ਦਾ ਸੰਘ ਹੈ-ਦੇ ਨਾਲ ਛੇੜ ਛਾੜ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ | ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਨੂੰ ਵੀ ਹੱਦਬੰਦੀ ਦੇ ਖਤਰੇ ਦਾ ਅਹਿਸਾਸ ਸੀ ਇਸ ਲਈ ਉਨ੍ਹਾਂ ਇਹ ਨਹੀਂ ਕੀਤਾ |
ਜਦੋਂ ਰਾਹੁਲ ਦੇ ਭਾਸ਼ਨ ਵਿਚ ਖੜ੍ਹੇ ਹੋਏ ਰੱਖਿਆ ਮੰਤਰੀ
ਰਾਹੁਲ ਗਾਂਧੀ ਵਲੋਂ ਆਪਣੇ ਭਾਸ਼ਨ ਦਰਮਿਆਨ ਆਪਣੇ ਬਚਪਨ 'ਚ ਦਾਦੀ ਵਲੋਂ ਦਿੱਤੀ ਸਿੱਖਿਆ ਦਾ ਵੀ ਜ਼ਿਕਰ ਕੀਤਾ ਗਿਆ ਜਿਸ 'ਚ ਉਨ੍ਹਾਂ (ਇੰਦਰਾ ਗਾਂਧੀ) ਨੇ ਰਾਹੁਲ ਨੂੰ ਆਪਣੇ ਦਿਮਾਗ ਦੇ ਡਰ ਭਜਾਉਣ ਲਈ ਹਨੇਰੇ ਅਤੇ ਸੱਚ ਦਾ ਸਾਹਮਣਾ ਕਰਨ ਨੂੰ ਕਿਹਾ ਸੀ | ਉਸੇ ਰੌਂਅ 'ਚ ਬੋਲਦਿਆਂ ਉਨ੍ਹਾਂ ਬਚਪਨ 'ਚ ਇਕ ਜਾਦੂਗਰ ਦੀ ਕਹਾਣੀ ਦਾ ਵੀ ਜ਼ਿਕਰ ਕੀਤਾ ਅਤੇ ਜਾਦੂਗਰ ਦੀ ਇਕ ਗਲਤ ਖੇਡ ਕਾਰਨ ਉਸ ਦਾ ਜਾਦੂ ਟੁਟਣ ਦਾ ਜ਼ਿਕਰ ਵੀ ਕੀਤਾ | ਇਸ ਕਹਾਣੀ ਰਾਹੀਂ ਉਨ੍ਹਾਂ ਬਿਨਾਂ ਨਾਂਅ ਲਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਜ਼ਿਕਰ ਕੀਤਾ | ਜਿਸ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ (ਰਾਹੁਲ ਗਾਂਧੀ) ਦੇ ਸ਼ਬਦਾਂ ਦੀ ਜਿੰਨੀ ਨਿਖੇਧੀ ਕੀਤੀ ਜਾਏ ਉਹ ਘੱਟ ਹੈ | ਉਨ੍ਹਾਂ ਕਿਹਾ ਕਿ ਇਹ ਕਿਸੇ ਵਿਅਕਤੀ ਦਾ ਨਹੀਂ ਸਗੋਂ ਦੇਸ਼ ਦੀ ਜਨਤਾ ਦਾ ਅਪਮਾਨ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਤੇ ਇਸ ਦੇ ਸਹਿਯੋਗੀਆਂ ਨੇ ਬਿਲ ਦੇ ਰਾਹ 'ਚ ਰੋੜਾ ਅਟਕਾਇਆ-ਸ਼ਾਹ ਅਗਲੀ ਖ਼ਬਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਈ.ਡੀ. ਵਲੋਂ ਛਾਪੇਮਾਰੀ
Ad Position 24
No active advertisement