ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਸੰਵਿਧਾਨ ਸੋਧ ਬਿੱਲ ਡਿੱਗਣ 'ਤੇ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਦੀ ਆਲੋਚਨਾ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਨ੍ਹਾਂ ਦੀ ਮਾਨਸਿਕਤਾ ਨਾ ਤਾਂ ਔਰਤਾਂ ਦੇ ਹਿੱਤ 'ਚ ਹੈ ਤੇ ਨਾ ਹੀ ਦੇਸ਼ ਦੇ ਹਿੱਤ 'ਚ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਤੇ ਇਸ ਦੇ ਸਹਿਯੋਗੀਆਂ ਨੇ ਅਤਿ ਜ਼ਰੂਰੀ ਬਿੱਲ ਨੂੰ ਪਾਸ ਨਹੀਂ ਹੋਣ ਦਿੱਤਾ, ਜਿਸ ਨਾਲ ਲੋਕ ਸਭਾ ਤੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਵਿਧਾਨ ਸਭਾਵਾਂ 'ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਮਿਲਦਾ | ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਦੇ ਰਾਖਵੇਂਕਰਨ ਨੂੰ ਲਾਗੂ ਕਰਨ ਲਈ ਲਿਆਂਦੇ 3 ਬਿੱਲਾਂ - ਸੰਵਿਧਾਨਕ (131) ਸੋਧ ਬਿੱਲ ਹੱਦਬੰਦੀ ਬਿੱਲ 2026 ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ 2026 'ਤੇ ਹੋਈ 2 ਦਿਨ ਲੰਬੀ ਬਹਿਸ, ਜਿਸ 'ਤੇ ਤਕਰੀਬਨ 21 ਘੰਟੇ ਚਰਚਾ ਹੋਈ, ਦਾ ਜਵਾਬ ਦਿੰਦਿਆਂ ਵਿਰੋਧੀ ਧਿਰਾਂ, ਖ਼ਾਸ ਤੌਰ 'ਤੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਵਿਰੋਧੀ ਧਿਰਾਂ ਸਿਰਫ਼ ਵਿਰੋਧ ਕਰਨ ਲਈ ਵਿਰੋਧ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਵਲੋਂ ਕਿੰਤੂ-ਪ੍ਰੰਤੂ ਕਰਦੇ ਔਰਤਾਂ ਦੇ ਰਾਖਵੇਂਕਰਨ ਨੂੰ ਦਿੱਤਾ ਸਮਰਥਨ ਵੀ ਅਮਲ 'ਚ ਉਸ ਦਾ ਵਿਰੋਧ ਹੀ ਕੀਤਾ | ਉਨ੍ਹਾਂ ਵਿਰੋਧੀ ਧਿਰਾਂ ਵਲੋਂ ਪ੍ਰਗਟਾਏ ਸ਼ੰਕੇ ਅਤੇ ਇਲਜ਼ਾਮਾਂ ਦੇ ਜਵਾਬ 'ਚ ਮੁੜ ਦੁਹਰਾਉਂਦਿਆਂ ਮੁਸਲਮਾਨ ਰਾਖਵੇਂਕਰਨ, ਜੋ ਕਿ ਸਮਾਜਵਾਦੀ ਪਾਰਟੀ ਦੀ ਮੰਗ ਸੀ, ਤੋਂ ਇਨਕਾਰ ਕਰਦਿਆਂ ਕਿਹਾ ਕਿ ਧਰਮ ਦੇ ਆਧਾਰ 'ਤੇ ਕਦੇ ਵੀ ਰਾਖਵਾਂਕਰਨ ਨਹੀਂ ਕੀਤਾ ਜਾਵੇਗਾ | ਨਾਲ ਹੀ ਕਾਂਗਰਸ ਵਲੋਂ ਓ.ਬੀ.ਸੀ. ਨੂੰ ਰਾਖਵੇਂਕਰਨ 'ਚ ਥਾਂ ਦੇਣ ਦੇ ਜਵਾਬ 'ਚ ਪਿਛਲੇ ਇਤਿਹਾਸ ਨੂੰ ਫਰੋਲਦਿਆਂ ਕਿਹਾ ਕਿ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦਾ ਸਭ ਤੋਂ ਲੰਬਾ ਭਾਸ਼ਨ ਮੰਡਲ ਕਮਿਸ਼ਨ ਦੇ ਵਿਰੋਧ 'ਚ ਸੀ |
50 ਫ਼ੀਸਦੀ ਸੀਟਾਂ ਵਧਾਉਣ ਵਾਲਾ ਸੋਧ ਬਿੱਲ ਲਿਆਉਣ ਨੂੰ ਤਿਆਰ
ਅਮਿਤ ਸ਼ਾਹ ਨੇ ਵਿਰੋਧੀ ਧਿਰਾਂ ਵਲੋਂ ਹੱਦਬੰਦੀ ਬਿੱਲਾਂ 'ਚ 50 ਫ਼ੀਸਦੀ ਸੀਟਾਂ ਨੂੰ ਅਨੁਪਾਤਕ ਢੰਗ ਨਾਲ ਨਾ ਲਿਖੇ ਹੋਣ ਦੀ ਮੰਗ 'ਤੇ ਵਿਰੋਧੀ ਧਿਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਕ ਘੰਟੇ ਸਦਨ ਬੰਦ ਕਰ ਦਿਓ | ਉਹ ਸੋਧ ਲਿਆਉਣ ਨੂੰ ਤਿਆਰ ਹਨ | ਹਾਲਾਂਕਿ ਜਦੋਂ ਕਾਂਗਰਸ ਨੇਤਾ ਕੇ.ਸੀ. ਵੇਣੂਗੋਪਾਲ ਨੇ ਦੂਜੀ ਸ਼ਰਤ ਦੱਸਦਿਆਂ ਕਿਹਾ ਕਿ ਹੱਦਬੰਦੀ 2026 ਦੀ ਮਰਦਮਸ਼ੁਮਾਰੀ ਦੇ ਆਧਾਰ 'ਤੇ ਹੋਵੇ | ਸ਼ਾਹ ਨੇ ਇਨਕਾਰ ਕਰਦਿਆਂ ਕਿਹਾ ਕਿ ਉਹ ਇਸਦੇ ਝਾਂਸੇ 'ਚ ਨਹੀਂ ਆਉਣਗੇ | ਸਪੀਕਰ ਓਮ ਬਿਰਲਾ ਨੇ ਵੀ ਸ਼ਾਹ ਦੇ ਇਕ ਘੰਟੇ ਸਦਨ ਬੰਦ ਕਰਕੇ ਸੋਧ ਬਿੱਲ ਲਿਆਉਣ ਦੇ ਐਲਾਨ 'ਤੇ ਵਿਰੋਧੀ ਧਿਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਕਈ ਵਾਰ ਸਦਨ 'ਚ ਫ਼ੈਸਲੇ ਹੋ ਜਾਂਦੇ ਹਨ | ਇਥੇ ਹੀ ਫ਼ੈਸਲਾ ਕਰ ਲਓ | ਪਰ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਭਾਜਪਾ ਪ੍ਰਤੀ ਬੇਭਰੋਸਗੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਦਾ 11 ਸਾਲ ਦਾ ਤਜਰਬਾ ਹੈ |
ਕਾਂਗਰਸ ਤੇ ਇਸ ਦੇ ਸਹਿਯੋਗੀਆਂ ਨੇ ਬਿਲ ਦੇ ਰਾਹ 'ਚ ਰੋੜਾ ਅਟਕਾਇਆ-ਸ਼ਾਹ
ਅਜੀਤ ਡੈਸਕ
18-04-2026