ਚੰਡੀਗੜ੍ਹ, 17 ਅਪ੍ਰੈਲ (ਅਜੀਤ ਬਿਊਰੋ)-ਖ਼ੁਰਾਕ ਤੇ ਖਪਤਕਾਰ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਵਲੋਂ ਕਣਕ ਖ਼ਰੀਦ ਸੀਜ਼ਨ 2026-27 ਦੇ ਸਬੰਧ 'ਚ ਪੰਜਾਬ ਨੂੰ ਢਿੱਲ ਦਿੱਤੀ ਗਈ ਹੈ | ਇਥੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰਾਂ (ਡੀ.ਐਫ.ਐਸ.ਸੀਜ਼) ਤੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਭਾਈਵਾਲਾਂ ਲਈ ਸਫਲ ਤੇ ਨਿਰਵਿਘਨ ਖ਼ਰੀਦ ਸੀਜ਼ਨ ਯਕੀਨੀ ਬਣਾਉਣ 'ਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ | ਮੰਤਰੀ ਨੇ ਕਿਹਾ ਕਿ ਉਪਜ ਦੀ ਖ਼ਰੀਦ ਤੋਂ 72 ਘੰਟਿਆਂ ਦੇ ਅੰਦਰ ਲਿਫ਼ਟਿੰਗ ਯਕੀਨੀ ਬਣਾਈ ਜਾਣੀ ਚਾਹੀਦੀ ਹੈ | ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਖ਼ਰੀਦੀਆਂ ਗਈਆਂ ਫ਼ਸਲਾਂ ਦੀ ਅਦਾਇਗੀ 48 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ 'ਚ ਕੀਤੀ ਜਾਵੇ | ਇਸ ਮੌਕੇ ਵਿਭਾਗ ਦੇ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਤੇ ਅਜੈਵੀਰ ਸਿੰਘ ਸਰਾਓ ਤੇ ਜੀ.ਐਮ. ਵਿੱਤ ਸਰਵੇਸ਼ ਕੁਮਾਰ ਹਾਜ਼ਰ ਸਨ |