ਅੰਮਿ੍ਤਸਰ, 26 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਖ਼ੈਬਰ ਓਪਸ ਦੇ ਲਾਂਡੀ ਕੋਤਲ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਚੋਟੀ ਦੇ ਕਮਾਂਡਰ ਸ਼ੇਖ਼ ਯੂਸਫ਼ ਅਫ਼ਰੀਦੀ ਦੀ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਉਹ ਲਸ਼ਕਰ ਦੇ ਅੱਤਵਾਦੀਆਂ ਦੀ ਭਰਤੀ ਅਤੇ ਸਿਖਲਾਈ 'ਚ ਸ਼ਾਮਿਲ ਸੀ | ਦੱਸਿਆ ਜਾ ਰਿਹਾ ਹੈ ਕਿ ਉਹ ਆਈ. ਐੱਸ. ਆਈ. ਐੱਸ. (ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ) ਨੈੱਟਵਰਕ ਨਾਲ ਵੀ ਜੁੜਿਆ ਹੋਇਆ ਸੀ ਅਤੇ ਅਫ਼ਗਾਨਿਸਤਾਨ 'ਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਅਹਿਲ-ਏ-ਹਦੀਸ ਇਸਲਾਮੀ ਵਿਚਾਰਧਾਰਾ ਵਾਲਾ ਅੱਤਵਾਦੀ ਸ਼ੇਖ਼ ਯੂਸਫ਼ ਲਸ਼ਕਰ ਨੈੱਟਵਰਕ ਦਾ ਸ਼ਾਖਾ ਮੁਖੀ ਅਤੇ ਖ਼ੈਬਰ ਦੇ ਜ਼ਖਾ ਖੇਲ ਕਬੀਲੇ ਨਾਲ ਵੀ ਸੰਬੰਧਿਤ ਸੀ | ਫਿਲਹਾਲ ਕਿਸੇ ਵੀ ਸਮੂਹ ਨੇ ਉਸ ਦੀ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ ਹੈ | ਇਸ ਤੋਂ ਪਹਿਲਾਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਲਸ਼ਕਰ ਅਹਿਲ-ਏ-ਹਦੀਸ ਦੇ ਕੱਟੜਪੰਥੀ ਮੌਲਾਨਾ ਦੀ ਹੱਤਿਆ ਕੀਤੀ ਗਈ ਸੀ |