ਕਿਹਾ, ਸਾਡੀ ਸਰਕਾਰ ਜਨਤਾ ਦਾ ਪੈਸਾ ਜਨਤਾ 'ਤੇ ਖਰਚ ਕਰਦੀ ਹੈ
ਘੋਗਰਾ (ਹੁਸ਼ਿਆਰਪੁਰ), 3 ਮਈ (ਆਰ. ਐੱਸ. ਸਲਾਰੀਆ)-ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਹਲਕੇ ਦੇ ਪਿੰਡ ਘੋਗਰਾ ਦੇ ਖੇਡ ਪਾਰਕ 'ਚ ਇਕ ਲੋਕ ਮਿਲਣੀ 'ਚ ਵਿਰੋਧੀ ਧਿਰਾਂ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਆਮ ਆਦਮੀ ਪਾਰਟੀ (ਆਪ) ਸੱਤਾ 'ਚ ਹੈ, ਔਰਤਾਂ ਨੂੰ ਸਨਮਾਨ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਪਹਿਲਾਂ ਆਈਆਂ ਸਰਕਾਰਾਂ 'ਚ ਸਿਰਫ਼ ਇਹੀ ਫਰਕ ਹੈ ਕਿ ਹੁਣ ਜਨਤਾ ਦਾ ਪੈਸਾ ਲੀਡਰਾਂ ਦੀਆਂ ਜੇਬਾਂ 'ਚ ਨਹੀਂ, ਸਗੋਂ ਜਨਤਾ 'ਤੇ ਖਰਚ ਕੀਤਾ ਜਾਂਦਾ ਹੈ | ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਬੇਮਿਸਾਲ ਤਰੱਕੀ ਅਤੇ ਖੁਸ਼ਹਾਲੀ ਤੋਂ ਈਰਖਾ ਕਰਦੇ ਹੋਏ ਵਿਰੋਧੀ ਮੇਰੇ ਖਿਲਾਫ਼ ਬੇਲੋੜਾ ਪ੍ਰਚਾਰ ਕਰ ਰਹੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਮੈਂ ਆਪਣਾ ਸਮੁੱਚਾ ਜੀਵਨ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਹੈ ਅਤੇ ਇਸ ਨੇਕ ਕਾਰਜ ਲਈ ਅਣਥੱਕ ਯਤਨ ਕਰ ਰਿਹਾ ਹਾਂ | ਉਨ੍ਹਾਂ ਅੱਗੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਲੋਕਾਂ ਨੂੰ ਆਪਣਾ ਵੋਟ ਬੈਂਕ ਸਮਝਿਆ ਹੈ ਅਤੇ ਕਦੇ ਵੀ ਉਨ੍ਹਾਂ ਦੇ ਭਲੇ ਦੀ ਚਿੰਤਾ ਨਹੀਂ ਕੀਤੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਸੱਚੇ ਮਨ ਨਾਲ ਸੂਬੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਨੇ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ 'ਚ ਹੋ ਰਹੇ ਸੁਧਾਰ ਅਤੇ ਵਿਕਾਸ ਪ੍ਰਾਜੈਕਟਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਰਵਾਏ ਸਰਬਪੱਖੀ ਵਿਕਾਸ ਦੇ ਆਧਾਰ 'ਤੇ ਆਮ ਆਦਮੀ ਪਾਰਟੀ 2017 'ਚ ਮੁੜ ਸਰਕਾਰ ਬਣਾਏਗੀ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਮੁੱਖ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਵਿਧਾਇਕ ਘੁੰਮਣ ਨੇ ਸੂਬਾ ਸਰਕਾਰ ਵਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਧੰਨਵਾਦ ਕਰਦਿਆਂ ਹਲਕੇ ਨਾਲ ਜੁੜੀਆਂ ਹੋਰ ਅਹਿਮ ਮੰਗਾਂ ਵੀ ਰੱਖੀਆਂ | ਇਸ ਮੌਕੇ ਜਸਵੀਰ ਸਿੰਘ ਰਾਜਾ ਗਿੱਲ ਵਿਧਾਇਕ ਟਾਂਡਾ, ਵਿਧਾਇਕ ਸ਼ਾਮ ਚੁਰਾਸੀ ਡਾ. ਰਵਜੋਤ ਸਿੰਘ, ਜਗਮੋਹਣ ਸਿੰਘ ਬੱਬੂ ਘੁੰਮਣ, ਮਾਰਕੀਟ ਕਮੇਟੀ ਦੇ ਚੇਅਰਮੈਨ ਕੰਵਲਪ੍ਰੀਤ ਸਿੰਘ ਕੇ.ਪੀ. ਸੰਧੂ , ਬਲਾਕ ਸੰਮਤੀ ਚੇਅਰਪਰਸਨ ਡਿੰਪਲ ਕੌਰ, ਜਗਮੋਹਨ ਸਿੰਘ ਬੱਬੂ ਘੁੰਮਣ, ਬਿੰਦਰ ਇਕਬਾਲ ਸਿੰਘ ਬਿੰਦੂ ਘੁੰਮਣ ਗਗਨਦੀਪ ਸਿੰਘ ਚੀਮਾ, ਜਗਦੀਪ ਸਿੰਘ, ਸ਼ੇਰਪ੍ਰਤਾਪ ਸਿੰਘ, ਕੁਲਦੀਪ ਸਿੰਘ ਸਰਾਂ, ਸਰਪੰਚ ਇਕਬਾਲ ਸਿੰਘ, ਸਰਪੰਚ ਸੁਖਵਿੰਦਰ ਸਿੰਘ ਘੋਗਰਾ, ਹਰਦੇਵ ਸਿੰਘ ਤੋਏ, ਅਮਨਦੀਪ ਸਿੰਘ ਬਲਾਕ ਪ੍ਰਧਾਨ, ਮਾ. ਜਸਵੰਤ ਸਿੰਘ ਅਤੇ ਵਾਇਸ ਚੇਅਰਮੈਨ ਗਗਨ ਚੀਮਾ ਸਮੇਤ ਦਸੂਹਾ, ਮੁਕੇਰੀਆ, ਟਾਂਡਾ ਅਤੇ ਤਲਵਾੜਾ ਤੋਂ ਵੱਡੀ ਗਿਣਤੀ 'ਚ ਆਗੂ ਅਤੇ ਵਰਕਰ ਮੌਜੂਦ ਸਨ |
'ਆਪ' ਸਰਕਾਰ ਸਮੇਂ ਔਰਤਾਂ ਨੂੰ 'ਸਨਮਾਨ ਰਾਸ਼ੀ' ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ-ਮੁੱਖ ਮੰਤਰੀ
ਅਜੀਤ ਡੈਸਕ
04-05-2026