ਕੋਲਕਾਤਾ, ਚੇਨਈ, 4 ਮਈ (ਏਜੰਸੀ)-ਪੱਛਮੀ ਬੰਗਾਲ ਵਿਚ ਇਤਿਹਾਸ ਸਿਰਜਦਿਆਂ ਭਾਜਪਾ ਨੇ ਸਪੱਸ਼ਟ ਬਹੁਮਤ ਹਾਸਿਲ ਕਰ ਲਿਆ ਹੈ ਅਤੇ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਸੂਬੇ 'ਚ ਸਰਕਾਰ ਬਣਾਉਣ ਜਾ ਰਹੀ ਹੈ | ਭਾਜਪਾ ਤਿ੍ਣਮੂਲ ਕਾਂਗਰਸ ਦੇ ਅਭੇਦ ਕਿਲ੍ਹੇ ਨੂੰ ਸੰਨ੍ਹ ਲਾਉਣ 'ਚ ਕਾਮਯਾਬ ਰਹੀ | ਸੂਬੇ 'ਚ ਤਿ੍ਣਮੂਲ ਕਾਂਗਰਸ ਦੇ 15 ਸਾਲ ਦੇ ਸ਼ਾਸਨ ਦਾ ਅੰਤ ਹੋ ਗਿਆ ਹੈ | 294 ਸੀਟਾਂ ਵਾਲੀ ਵਿਧਾਨ ਸਭਾ 'ਚ ਭਾਜਪਾ ਨੇ 206 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ ਜਦੋਂ ਕਿ ਤਿ੍ਣਮੂਲ ਕਾਂਗਰਸ 81 ਸੀਟਾਂ 'ਤੇ ਸਿਮਟ ਕੇ ਰਹਿ ਗਈ | ਇਸ ਚੋਣ ਚੱਕਰ 'ਚ ਤਾਮਿਲਨਾਡੂ 'ਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਪਾਰਟੀ ਟੀ. ਵੀ. ਕੇ. ਦਾ ਵੀ ਸ਼ਾਨਦਾਰ ਆਗਾਜ਼ ਹੋਇਆ ਹੈ | 234 ਸੀਟਾਂ 'ਚੋਂ ਟੀ. ਵੀ. ਕੇ. 107 ਸੀਟਾਂ 'ਤੇ ਜਿੱਤ ਦਰਜ ਕਰਕੇ ਸੂਬੇ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ | ਉਥੇ ਹੀ ਖੱਬੇ ਪੱਖੀਆਂ ਦਾ ਆਪਣੇ ਆਖਰੀ ਗੜ੍ਹ ਕੇਰਲ 'ਚ ਵੀ ਪੂਰੀ ਤਰਾਂ ਸਫਾਇਆ ਹੋ ਗਿਆ ਅਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਕੇਰਲ 'ਚ ਕਾਂਗਰਸ ਦੀ ਅਗਵਾਈ ਵਾਲੇ ਯੂ. ਡੀ. ਐਫ. ਜਿੱਤ ਨਾਲ ਸੱਤਾ 'ਚ ਆ ਰਹੀ ਹੈ | ਆਸਾਮ ਵਿਚ ਭਾਜਪਾ ਨੇ ਜਿੱਤ ਦਰਜ ਕਰਕੇ ਹੈਟਿ੍ਕ ਲਗਾਈ ਹੈ | ਪੁਡੂਚੇਰੀ ਵਿਚ ਵੀ ਮੁੜ ਜਿੱਤ ਦੇ ਨਾਲ ਐਨ. ਡੀ. ਏ. ਦੀ ਸਰਕਾਰ ਸੱਤਾ 'ਚ ਆਏਗੀ | ਬੰਗਾਲ 'ਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ 2.5 ਲੱਖ ਤੋਂ ਜ਼ਿਆਦਾ ਜਵਾਨਾਂ ਨੂੰ ਰਾਜ ਪੁਲਿਸ ਦੇ ਨਾਲ ਤਾਇਨਾਤ ਕੀਤਾ ਗਿਆ ਸੀ, ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਸਟਰਾਂਗ ਰੂਮਾਂ ਦੇ ਬਾਹਰ, ਜਿਥੇ ਈ. ਵੀ. ਐਮ. ਰੱਖੀਆਂ ਗਈਆਂ ਸਨ, ਟੀ. ਐਮ. ਸੀ. ਅਤੇ ਭਾਜਪਾ ਦਰਮਿਆਨ ਜ਼ੋਰਦਾਰ ਟਕਰਾਅ ਦੇਖਣ ਨੂੰ ਮਿਲਿਆ |
ਅਸਾਮ 'ਚ ਵੀ ਜਿਥੇ ਚੋਣਾਂ ਕਾਫੀ ਗਹਿਮਾ-ਗਹਿਮਾ ਵਾਲੀਆਂ ਸਨ, ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਭਾਜਪਾ ਨੂੰ ਲਗਾਤਾਰ ਇਕ ਹੋਰ ਜਿੱਤ ਦਿਵਾਈ | ਪਾਰਟੀ ਨੇ 126 'ਚੋਂ 82 ਸੀਟਾਂ ਜਿੱਤੀਆਂ ਅਤੇ ਕਾਂਗਰਸ 19 ਸੀਟਾਂ 'ਤੇ ਜਿੱਤ ਨਾਲ ਪੱਛੜ ਗਈ | ਕਾਂਗਰਸ ਦੇ ਸੂਬਾ ਪ੍ਰਧਾਨ ਗੌਰਵ ਗੋਗੋਈ ਜੋਰਹਾਟ 'ਚ ਪਹਿਲੀ ਵਾਰ ਚੋਣ ਹਾਰ ਗਏ | ਚੋਣ ਮਾਹਿਰਾਂ ਅਨੁਸਾਰ ਅੰਕੜਿਆਂ ਤੋਂ ਸਾਫ਼ ਹੋ ਗਿਆ ਸੀ ਕਿ ਸਖ਼ਤ ਸੁਭਾਅ ਵਾਲੀ ਮਮਤਾ ਬੈਨਰਜੀ ਲਈ ਹੁਣ ਸਭ ਕੁਝ ਖਤਮ ਹੋ ਚੁੱਕਾ ਸੀ ਤੇ ਇਹ ਬ੍ਰਾਂਡ ਮੋਦੀ ਦੀ ਇਕ ਹੋਰ ਜਿੱਤ ਸੀ |
ਪੱਛਮੀ ਬੰਗਾਲ
ਪੱਛਮੀ ਬੰਗਾਲ 'ਚ 294 ਵਿਧਾਨ ਸਭਾ ਸੀਟਾਂ 'ਚੋਂ ਭਾਜਪਾ ਨੇ 206 ਸੀਟਾਂ 'ਤੇ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜ ਦਿੱਤਾ ਹੈ ਤੇ ਪਹਿਲੀ ਵਾਰ ਸੂਬੇ 'ਚ ਸਰਕਾਰ ਬਣਾਉਣ ਜਾ ਰਹੀ ਹੈ | ਤਿ੍ਣਮੂਲ ਕਾਂਗਰਸ 81 ਸੀਟਾਂ 'ਤੇ ਜੇਤੂ ਰਹੀ | ਕਾਂਗਰਸ ਨੂੰ 2 ਸੀਟਾਂ ਮਿਲੀਆਂ ਹਨ | ਏ. ਜੇ. ਯੂ. ਪੀ. ਨੂੰ 2 ਅਤੇ ਸੀ. ਪੀ. ਆਈ. (ਐਮ) ਨੂੰ 1 ਸੀਟ ਮਿਲੀ ਜਦੋਂ ਕਿ ਏ. ਆਈ. ਐਸ. ਐਫ. ਨੂੰ 1 ਸੀਟ 'ਤੇ ਜਿੱਤ ਮਿਲੀ ਹੈ |
ਕੇਰਲਮ
ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਰ 140 ਸੀਟਾਂ ਵਾਲੀ ਕੇਰਲ ਵਿਧਾਨ ਸਭਾ ਲਈ ਹੋਈਆਂ ਚੋਣਾਂ ਦੇ ਆਏ ਨਤੀਜਿਆਂ 'ਚ ਕਾਂਗਰਸ ਦੀ ਅਗਵਾਈ ਵਾਲੇ ਯੂ.ਡੀ.ਐਫ ਨੂੰ ਕੁੱਲ 102 ਸੀਟਾਂ ਮਿਲੀਆਂ ਜਿਸ 'ਚ ਕਾਂਗਰਸ ਨੂੰ 63 ਸੀਟਾਂ 'ਤੇ ਜਿੱਤ ਮਿਲੀ ਹੈ | ਸੀ. ਪੀ. ਆਈ. (ਐਮ) 26 'ਤੇ, ਆਈ. ਯੂ. ਐਮ. ਐਲ. ਨੂੰ 22, ਸੀ. ਪੀ. ਆਈ. ਨੂੰ 8, ਕੇਰਲ ਕਾਂਗਰਸ ਨੂੰ 7, ਆਰ. ਐਸ. ਪੀ. ਨੂੰ 3, ਭਾਜਪਾ ਨੂੰ 3, ਆਰ. ਜੇ. ਡੀ. ਨੂੰ 1, ਆਰ. ਐਮ. ਪੀ. ਓ. ਆਈ. ਨੂੰ 1, ਕੇਰਲ ਕਾਂਗਰਸ (ਜੈਕਬ) ਨੂੰ 1, ਸੀ. ਐਮ. ਪੀ. ਕੇ. ਐਸ. ਸੀ. ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੇ 4 ਸੀਟਾਂ 'ਤੇ ਜਿੱਤ ਦਰਜ ਕੀਤੀ |
ਅਸਾਮ
ਆਸਾਮ ਵਿਧਾਨ ਸਭਾ ਦੀਆਂ ਕੁਲ 126 ਸੀਟਾਂ ਹਨ ਜਿਨ੍ਹਾਂ 'ਚੋਂ ਭਾਜਪਾ ਨੇ 82 ਸੀਟਾਂ 'ਤੇ ਜਿੱਤ ਦਰਜ ਕਰ ਕੇ ਤੀਜੀ ਵਾਰ ਸਰਕਾਰ ਬਣਾਉਣ ਦਾ ਰਸਤਾ ਪੱਧਰਾ ਕਰ ਲਿਆ ਹੈ | ਇਸ ਤੋਂ ਇਲਾਵਾ ਕਾਂਗਰਸ ਨੂੰ 19, ਬੋਡੋਲੈਂਡ ਪੀਪਲਜ਼ ਫਰੰਟ ਨੂੰ 10, ਅਸਮ ਗਣ ਪ੍ਰੀਸ਼ਦ ਨੂੰ 10, ਏ. ਆਈ. ਯੂ. ਡੀ. ਐਫ. ਨੂੰ 2, ਰਾਏਜੋਰ ਦਲ ਨੂੰ 2 ਅਤੇ ਤਿ੍ਣਮੂਲ ਕਾਂਗਰਸ ਨੂੰ 1 ਸੀਟ 'ਤੇ ਜਿੱਤ ਪ੍ਰਾਪਤ ਹੋਈ |
ਪੁਡੂਚੇਰੀ
ਪੁਡੂਚੇਰੀ ਵਿਧਾਨ ਸਭਾ ਦੀਆਂ 30 ਸੀਟਾਂ ਦੇ ਆਏ ਨਤੀਜਿਆਂ 'ਚ ਆਲ ਇੰਡੀਆ ਐਨ. ਆਰ. ਕਾਂਗਰਸ ਨੇ 12 ਸੀਟਾਂ 'ਤੇ ਜਿੱਤ ਦਰਜ ਕੀਤੀ | ਦ੍ਰਾਵਿੜ ਮੁਨੇਤਰ ਕਜ਼ਗਮ (ਡੀ. ਐਮ. ਕੇ.) ਨੇ 5, ਭਾਜਪਾ ਨੇ 4, ਤਮਿਲਗਾ ਵੇਟਰੀ ਕਜ਼ਗਮ (ਟੀ. ਵੀ. ਕੇ.) ਨੇ 2, ਕਾਂਗਰਸ ਨੇ 1, ਐਲ. ਜੇ. ਕੇ. ਨੇ 1, ਏ. ਡੀ. ਐਮ. ਕੇ. ਨੇ 1, ਨਿਆਮ ਮੱਕਲ ਕਜ਼ਗਮ ਨੇ 1 ਸੀਟ ਜਿੱਤੀ ਅਤੇ 3 ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ |
ਤਾਮਿਲਨਾਡੂ
ਤਾਮਿਲਨਾਡੂ ਵਿਧਾਨ ਸਭਾ ਦੀਆਂ 234 ਸੀਟਾਂ ਦੇ ਆਏ ਨਤੀਜਿਆਂ 'ਚ ਤਮਿਲਗਾ ਵੇਟਰੀ ਕਜ਼ਗਮ (ਟੀ. ਵੀ. ਕੇ.) 107 ਸੀਟਾਂ 'ਤੇ ਜਿੱਤ ਦਰਜ ਕਰਕੇ ਸੂਬੇ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ | ਡੀ. ਐਮ. ਕੇ. ਨੇ 60, ਏ. ਡੀ. ਐਮ. ਕੇ. ਨੇ 47, ਕਾਂਗਰਸ ਨੇ 5, ਪੀ. ਐਮ. ਕੇ. ਨੇ 4, ਆਈ. ਯੂ. ਐਮ. ਐਲ. ਨੇ 2, ਸੀ. ਪੀ. ਆਈ. ਨੇ 2, ਡੀ. ਐਮ. ਡੀ. ਕੇ. ਨੇ 1, ਵੀ. ਸੀ. ਕੇ. ਨੇ 2, ਸੀ. ਪੀ. ਆਈ. (ਐਮ) ਨੇ 2, ਭਾਜਪਾ ਨੇ 1 ਅਤੇ ਏ. ਐਮ. ਐਮ. ਕੇ. ਐਮ. ਐਨ. ਕੇ. ਜ਼ੈੱਡ. ਨੇ 1 ਸੀਟ 'ਤੇ ਜਿੱਤ ਦਰਜ ਕੀਤੀ |
ਕੇਰਲਮ 'ਚ ਐਲ. ਡੀ. ਐਫ. ਨੂੰ ਝਟਕਾ-21 'ਚੋਂ 13 ਮੰਤਰੀ ਚੋਣ ਹਾਰੇ
ਤਿਰੂਵਨੰਤਪੁਰਮ, (ਏਜੰਸੀ)-ਮੁੱਖ ਮੰਤਰੀ ਪਿਨਾਰਾਈ ਵਿਜਯਮ ਦੀ ਅਗਵਾਈ ਵਾਲੀ 21 ਮੈਂਬਰੀ ਐਲ. ਡੀ. ਐਫ. ਕੈਬਨਿਟ ਦੇ 13 ਮੈਂਬਰ ਕੇਰਲ ਵਿਧਾਨ ਸਭਾ ਚੋਣਾਂ ਹਾਰ ਗਏ | 21 ਮੰਤਰੀਆਂ 'ਚੋਂ ਸਿਰਫ ਮੁੱਖ ਮੰਤਰੀ, ਕੇ. ਰਾਜਨ (ਮਾਲੀਆ), ਜੀ. ਆਰ. ਅਨਿਲ (ਸਿਵਲ ਸਪਲਾਈ), ਕੇ. ਐਨ. ਬਾਲਾਗੋਪਾਲ (ਵਿੱਤ), ਪੀ. ਪ੍ਰਸਾਦ (ਖੇਤੀ) ਅਤੇ ਸਾਜੀ ਚੇਰੀਅਨ (ਸੱਭਿਆਚਾਰਕ ਮਾਮਲੇ) ਹੀ ਜੇਤੂ ਰਹੇ | ਹਾਰਨ ਵਾਲੇ ਪ੍ਰਮੁੱਖ ਮੰਤਰੀਆਂ 'ਚ ਸਿਹਤ ਮੰਤਰੀ ਵੀਣਾ ਜਾਰਜ ਵੀ ਸ਼ਾਮਿਲ ਸੀ | ਦੇਵਾਸਵਮ ਮੰਤਰੀ ਵੀ. ਐਨ., ਵਾਸਾਵਨ, ਕੋਟਾਯਾਮ ਦੇ ਏਟੁੱਮਾਨੂਰ 'ਚ ਕਾਂਗਰਸ ਉਮੀਦਵਾਰ ਨੱਟਾਕੋਮ ਸੁਰੇਸ਼ ਤੋਂ 19,752 ਵੋਟਾਂ ਨਾਲ ਹਾਰ ਗਏ | ਸਿੱਖਿਆ ਮੰਤਰੀ ਵੀ ਸ਼ਿਵਨਕੁੱਟੀ ਨੇ ਤਿਰੂਵਨੰਤਪੁਰਮ ਦੀ ਨੇਮੋਮ ਸੀਟ 'ਤੇ ਵੋਟਾਂ ਨਾਲ ਹਾਰ ਗਏ | ਇਕ ਹੋਰ ਵੱਡੀ ਹਾਰ ਕੇਰਲ ਕਾਂਗਰਸ (ਬੀ) ਦੇ ਨੇਤਾ ਅਤੇ ਆਵਾਜਾਈ ਮੰਤਰੀ ਕੇ. ਬੀ. ਗਣੇਸ਼ ਕੁਮਾਰ ਦੀ ਹੋਈ | ਕੇਰਲ ਕਾਂਗਰਸ (ਐਮ) ਦੇ ਐਲ. ਡੀ. ਐਫ. ਮੰਤਰੀ ਰੋਸ਼ੀ ਆਗਸਟੀਨ ਨੂੰ ਵੀ ਇਡੁੱਕੀ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ | ਉਦਯੋਗ ਮੰਤਰੀ ਪੀ. ਰਾਜੀਵ ਏਰਨਾਕੁਲਮ ਜ਼ਿਲ੍ਹੇ ਦੇ ਕਲਾਮਸੇਰੀ 'ਚ ਹਾਰ ਗਏ | ਸੀ. ਪੀ. ਆਈ. ਨੇਤਾ ਅਤੇ ਮੰਤਰੀ ਜੇ ਚਿੰਚੂਰਾਨੀ ਚਦਯਮੰਗਲਮ 'ਚ ਕਾਂਗਰਸ ਉਮੀਦਵਾਰ ਐਮ. ਐਮ. ਨਸੀਰ ਤੋਂ 7400 ਤੋਂ ਵੱਧ ਵੋਟਾਂ ਨਾਲ ਹਾਰੇ | ਕਾਂਗਰਸ (ਸੈਕੂਲਰ) ਦੇ ਸੀਨੀਅਰ ਨੇਤਾ ਅਤੇ ਮੰਤਰੀ ਕਡਨਪੱਲੀ ਰਾਮਚੰਦਰਨ ਵੀ ਚੋਣ ਹਾਰ ਗਏ | ਮੰਤਰੀ ਓ. ਆਰ ਕੇਲੂ ਵਾਇਨਾਡ ਦੇ ਮਨੰਤਵਾੜੀ ਤੋਂ ਹਾਰ ਗਏ | ਇਕ ਹੋਰ ਹੈਰਾਨ ਕਰਨ ਵਾਲੀ ਹਾਰ ਐਨ. ਸੀ. ਪੀ. (ਐਸ. ਪੀ.) ਨੇਤਾ ਅਤੇ ਮੰਤਰੀ ਏ. ਕੇ. ਸਸਿੰਦਰਨ ਦੀ ਸੀ | ਸਥਾਨਿਕ ਸਵੈ ਸਾਸ਼ਨ ਮੰਤਰੀ ਐਮ. ਬੀ. ਰਾਜੇਸ਼ ਵੀ ਹਾਰ ਗਏ | ਉੱਚ ਸਿੱਖਿਆ ਮੰਤਰੀ ਆਰ. ਬਿੰਦੂ ਤਿ੍ਸ਼ੂਰ ਜ਼ਿਲ੍ਹੇ ਦੇ ਇਰਿਨਜਾਲਕੁਡੀ 'ਚ ਹਾਰ ਗਏ | ਮੱਲਪੁਰਮ ਦੇ ਤਿਰੂਰ ਤੋਂ ਖੇਡ ਮੰਤਰੀ ਵੀ ਅਬਦੁਰ ਰਹਿਮਾਨ ਚੋਣਾਂ ਹਾਰ ਗਏ |
ਅਸਾਮ 'ਚ ਐਨ.ਡੀ.ਏ. ਨੂੰ ਦੋ ਤਿਹਾਈ ਬਹੁਮਤ ਮਿਲਿਆ
ਗੁਹਾਟੀ, 4 ਮਈ (ਏਜੰਸੀ)-ਸੱਤਾਧਾਰੀ ਐਨ. ਡੀ. ਏ. ਲਗਾਤਾਰ ਤੀਜੀ ਵਾਰ ਅਸਾਮ ਵਿਚ ਸਰਕਾਰ ਬਣਾਉਣ ਲਈ ਤਿਆਰ ਹੈ | ਗੱਠਜੋੜ ਨੇ ਸੋਮਵਾਰ ਨੂੰ 126 ਮੈਂਬਰਾਂ ਵਾਲੀ ਵਿਧਾਨ ਸਭਾ 'ਚ 102 ਸੀਟਾਂ ਜਿੱਤ ਕੇ ਦੋ ਤਿਹਾਈ ਬਹੁਮਤ ਹਾਸਿਲ ਕਰ ਲਿਆ ਹੈ | ਭਾਜਪਾ ਨੇ 82 ਸੀਟਾਂ 'ਤੇ ਜਿੱਤ ਦਰਜ ਕੀਤੀ ਜਦ ਕਿ ਉਸ ਦੇ ਸਹਿਯੋਗੀ ਦਲਾਂ ਬੋਡੋ ਪੀਪਲਜ਼ ਫਰੰਟ ਅਤੇ ਅਸਮ ਗਣ ਪ੍ਰੀਸ਼ਦ ਨੇ 10-10 ਸੀਟਾਂ 'ਤੇ ਜਿੱਤ ਦਰਜ ਕੀਤੀ | ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਲਗਾਤਾਰ ਛੇਵੀਂ ਵਾਰ ਜਾਲੁਕਬਾਰੀ ਸੀਟ ਤੋਂ ਜਿੱਤ ਹਾਸਿਲ ਕੀਤੀ |
ਪੱਛਮੀ ਬੰਗਾਲ 'ਚ ਭਾਜਪਾ ਦੀ ਇਤਿਹਾਸਕ ਜਿੱਤ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਣਾਏਗੀ ਸਰਕਾਰ
ਅਜੀਤ ਡੈਸਕ
05-05-2026