ਕੁਰਾਲੀ, 4 ਮਈ (ਹਰਪ੍ਰੀਤ ਸਿੰਘ)-ਨਸ਼ਿਆਂ ਦੇ ਖ਼ਾਤਮੇ ਲਈ ਖੇਡਾਂ ਦਾ ਹੋਣਾ ਬਹੁਤ ਜ਼ਰੂਰੀ ਹੈ | ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਨੋਰਥ ਨਾਲ ਸੂਬੇ ਭਰ 'ਚ 3100 ਖੇਡ ਮੈਦਾਨ ਜਲਦ ਸ਼ੁਰੂ ਕੀਤੇ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੇੜਲੇ ਪਿੰਡ ਕਾਲੇਵਾਲ ਵਿਖੇ ਸੂਬੇ ਭਰ ਦੇ 250 ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕਰਨ ਸੰਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਦੀ ਸੂਬਾ ਸਰਕਾਰ ਪੰਜਾਬ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ | ਸਰਕਾਰ ਵਲੋਂ ਖੇਡਾਂ ਲਈ ਬਜਟ 'ਚ ਕਈ ਗੁਣਾ ਵਾਧਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੁਝ ਸਮੇਂ 'ਚ ਹੀ ਸੂਬੇ ਭਰ 'ਚ ਬਣਾਏ ਜਾ ਰਹੇ ਕੁੱਲ 3100 ਖੇਡ ਸਟੇਡੀਅਮ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ | ਹਰ ਖੇਡ ਮੈਦਾਨ ਦਾ ਨਿਰਮਾਣ ਯੋਜਨਾਬੰਦ ਤਰੀਕੇ ਨਾਲ ਕੀਤਾ ਗਿਆ ਹੈ ਅਤੇ ਹਰ ਸਹੂਲਤ ਨਾਲ ਲੈੱਸ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਿੰਡ ਪੱਧਰ 'ਤੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ 'ਚੋਂ ਨੈਸ਼ਨਲ ਪੱਧਰ ਤੱਕ ਦੇ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਇੰਟਰਨੈਸ਼ਨਲ ਪੱਧਰ 'ਤੇ ਵੀ ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ, ਜਿਸ ਲਈ ਵਿਸ਼ੇਸ਼ ਕੋਚਾਂ ਦੀ ਨਿਯੁਕਤੀ ਕੀਤੀ ਜਾਵੇਗੀ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਖਿਡਾਰੀਆਂ ਨੂੰ 8 ਲੱਖ ਰੁ. ਤੱਕ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਤਾਂ ਜੋ ਖਿਡਾਰੀ ਆਪਣੀ ਪੂਰੀ ਤਿਆਰੀ ਨਾਲ ਦੇਸ਼ ਅਤੇ ਸੂਬੇ ਲਈ ਤਗ਼ਮੇ ਜਿੱਤਦੇ ਹੋਏ ਦੇਸ਼ ਦਾ ਨਾਂਅ ਰੌਸ਼ਨ ਕਰਨ | ਉਨ੍ਹਾਂ ਕਿਹਾ ਕਿ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜਿਨ੍ਹਾਂ ਨੂੰ ਪੇਂਡੂ ਉਲੰਪਿਕ ਵੀ ਕਿਹਾ ਜਾਂਦਾ ਹੈ, 'ਚ ਬੈਲ ਗੱਡੀਆਂ ਦੀਆਂ ਸਦੀਆਂ ਪੁਰਾਣੀਆਂ ਦੌੜਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਦੀ ਕਿਸੇ ਵੀ ਰਵਾਇਤੀ ਪਾਰਟੀ ਨੇ ਇਨ੍ਹਾਂ ਖੇਡਾਂ ਨੂੰ ਦੁਬਾਰਾ ਸ਼ੁਰੂ ਕਰਨ 'ਚ ਕੋਈ ਦਿਲਚਸਪੀ ਨਹੀਂ ਦਿਖਾਈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਜਿਥੇ ਬੈਲ ਗੱਡੀਆਂ ਦੀਆਂ ਦੌੜਾਂ ਦੁਬਾਰਾ ਸ਼ੁਰੂ ਕਰਵਾਈਆਂ ਗਈਆਂ ਹਨ, ਉਥੇ ਹੀ ਜਲਦ ਹੀ ਪੰਜਾਬ 'ਚ ਕਬੂਤਰਬਾਜ਼ੀ ਦੇ ਮੁਕਾਬਲੇ ਵੀ ਸ਼ੁਰੂ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪਿੰਡਾਂ 'ਚ ਕੇਵਲ ਵਿਕਾਸ ਦੇ ਨਾਂਅ 'ਤੇ ਸ਼ਮਸ਼ਾਨਘਾਟ ਹੀ ਬਣਾਏ ਹਨ, ਜਦਕਿ ਖੇਡ ਨੀਤੀ ਬਣਾਉਣ ਦੀ ਕਿਸੇ ਨੇ ਵੀ ਲੋੜ ਨਹੀਂ ਸਮਝੀ | ਇਸੇ ਦੌਰਾਨ ਉਨ੍ਹਾਂ ਨੇ 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਔਰਤਾਂ ਨੂੰ ਹਮੇਸ਼ਾ ਮਾਣ-ਸਤਿਕਾਰ ਦਿੱਤਾ ਹੈ | ਇਸੇ ਦੌਰਾਨ ਉਨ੍ਹਾਂ ਵਾਲੀਬਾਲ ਦੇ ਮੈਦਾਨ 'ਚ ਖਿਡਾਰੀਆਂ ਨਾਲ ਖੇਡ ਦਾ ਅਨੰਦ ਵੀ ਮਾਣਿਆ | ਇਸ ਮੌਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ, ਹਲਕਾ ਵਿਧਾਇਕਾ ਅਨਮੋਲ ਗਗਨ ਮਾਨ, ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਪੰਜਾਬ ਯੂਥ ਡਿਵੈੱਲਪਮੈਂਟ ਬੋਰਡ, ਅੰਜੂ ਚੰਦਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਖਰੜ, ਸਾਬਕਾ ਕੌਂਸਲਰ ਬਹਾਦਰ ਸਿੰਘ ਓ. ਕੇ., ਰਾਣਾ ਹਰੀਸ਼ ਕੁਮਾਰ ਚੇਅਰਮੈਨ, ਅਸ਼ਵਨੀ ਸ਼ਰਮਾ ਤੇ ਗੁਰਪਾਲ ਸਿੰਘ ਆਦਿ ਆਗੂ ਤੇ ਪਤਵੰਤੇ ਵੀ ਹਾਜ਼ਰ ਸਨ |