100 ਕਰੋੜ ਤੋਂ ਵੱਧ ਦੇ ਫ਼ਰਜ਼ੀ ਜੀ.ਐਸ.ਟੀ. ਬਿਲਿੰਗ ਮਾਮਲੇ 'ਚ 10 ਘੰਟੇ ਤੱਕ ਚੱਲੀ ਕਾਰਵਾਈ
ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 9 ਮਈ-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਈ.ਡੀ. ਦੀ ਟੀਮ ਉਨ੍ਹਾਂ ਨੂੰ ਪੁੱਛਗਿੱਛ ਲਈ ਦਿੱਲੀ ਹੈੱਡਕੁਆਟਰ ਲੈ ਗਈ ਹੈ | ਜ਼ਿਕਰਯੋਗ ਹੈ ਕਿ ਸਨਿਚਰਵਾਰ ਤੜਕੇ ਹੀ ਵੱਡੀ ਗਿਣਤੀ 'ਚ ਕੇਂਦਰੀ ਸੁਰੱਖਿਆ ਬਲਾਂ ਨਾਲ ਈ.ਡੀ. ਦੀਆਂ ਟੀਮਾਂ ਸੰਜੀਵ ਅਰੋੜਾ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਅਤੇ ਹੋਰ ਟਿਕਾਣਿਆਂ 'ਤੇ ਪਹੁੰਚ ਗਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਕਿਆਸਰਾਈਆਂ ਸ਼ੁਰੂ ਹੋ ਗਈਆਂ ਸਨ | ਆਿਖ਼ਰਕਾਰ ਇਹ ਅਟਕਲਾਂ ਸੱਚ ਸਾਬਤ ਹੋਈਆਂ ਅਤੇ ਈ.ਡੀ. ਨੇ ਕਰੀਬ 10 ਘੰਟੇ ਦੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ | ਈ.ਡੀ. ਵਲੋਂ ਦਿੱਲੀ, ਗੁਰੂਗ੍ਰਾਮ ਅਤੇ ਚੰਡੀਗੜ੍ਹ 'ਚ ਹੈਮਪਟਨ ਸਕਾਈ ਰਿਆਲਟੀ ਲਿਮਟਿਡ ਦੇ ਦਫ਼ਤਰਾਂ ਅਤੇ ਸੰਜੀਵ ਅਰੋੜਾ ਨਾਲ ਜੁੜੇ ਕੁੱਲ ਪੰਜ ਟਿਕਾਣਿਆਂ 'ਤੇ ਇਕੋ ਸਮੇਂ ਛਾਪੇਮਾਰੀ ਕੀਤੀ ਗਈ | ਜਾਂਚ ਏਜੰਸੀ ਨੂੰ ਕਥਿਤ ਤੌਰ 'ਤੇ 100 ਕਰੋੜ ਰੁਪਏ ਤੋਂ ਵੱਧ ਦੇ ਫ਼ਰਜ਼ੀ ਜੀ.ਐਸ.ਟੀ. ਖਰੀਦ ਬਿੱਲਾਂ ਅਤੇ ਮਨੀ ਲਾਂਡਰਿੰਗ ਨਾਲ ਸੰਬੰਧਿਤ ਗੰਭੀਰ ਇਨਪੁੱਟ ਮਿਲੇ ਹਨ | ਈ.ਡੀ. ਦੇ ਸੂਤਰਾਂ ਅਨੁਸਾਰ ਸੰਜੀਵ ਅਰੋੜਾ ਦੀ ਕੰਪਨੀ ਰਾਹੀਂ ਮੋਬਾਈਲ ਫੋਨਾਂ ਦੀ ਫ਼ਰਜ਼ੀ ਜੀ.ਐਸ.ਟੀ. ਖ਼ਰੀਦ ਦਰਸਾ ਕੇ ਵੱਡੇ ਪੱਧਰ 'ਤੇ ਇਨਪੁੱਟ ਟੈਕਸ ਕਰੈਡਿਟ (ਆਈ.ਟੀ.ਸੀ.) ਦਾ ਦਾਅਵਾ ਕੀਤਾ ਗਿਆ | ਇਸ ਤੋਂ ਬਾਅਦ ਦਰਾਮਦ ਕ੍ਰੈਡਿਟ 'ਤੇ ਜੀ.ਐਸ.ਟੀ. ਰਿਫੰਡ ਅਤੇ ਡਿਊਟੀ ਡਰਾਬੈਕ ਹਾਸਿਲ ਕਰਨ ਲਈ ਦਿੱਲੀ ਦੀਆਂ ਕਥਿਤ ਗੈਰ-ਮੌਜੂਦ ਫਰਮਾਂ ਤੋਂ ਫ਼ਰਜ਼ੀ ਬਿੱਲ ਪ੍ਰਾਪਤ ਕੀਤੇ ਗਏ ਸਨ | ਜਾਂਚ ਏਜੰਸੀ ਦਾ ਦਾਅਵਾ ਹੈ ਕਿ ਇਸ ਪੂਰੇ ਜਾਲ ਰਾਹੀਂ ਦੁਬਈ ਤੋਂ ਭਾਰਤ ਤੱਕ ਗੈਰ-ਕਾਨੂੰਨੀ ਢੰਗ ਨਾਲ ਪੈਸੇ ਦੀ ਰਾਊਾਡ-ਟਿ੍ਪਿੰਗ ਕਰਕੇ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ ਕੀਤੀ ਗਈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਿਆ ਅਤੇ ਨਿੱਜੀ ਲਾਭ ਕਮਾਇਆ ਗਿਆ | ਇਸ ਦੌਰਾਨ ਈ.ਡੀ. ਦੇ ਛਾਪੇਮਾਰੀ ਵਿਚਕਾਰ ਡਾਕਟਰਾਂ ਦੀ ਟੀਮ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਸਿਹਤ ਜਾਂਚ ਵੀ ਕੀਤੀ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਦਿੱਲੀ ਲਿਜਾਏ ਜਾਣ ਸੰਬੰਧੀ ਲੋੜੀਂਦੀ ਕਾਰਵਾਈ ਪੂਰੀ ਕੀਤੀ ਗਈ | ਫ਼ਿਲਹਾਲ ਈ.ਡੀ. ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ | ਈ.ਡੀ. ਮੁਤਾਬਿਕ 17 ਅਪ੍ਰੈਲ ਨੂੰ ਗੁਰੂਗ੍ਰਾਮ ਸਥਿਤ ਹੈਮਪਟਨ ਸਕਾਈ ਰਿਆਲਟੀ ਲਿਮਟਿਡ, ਇਸ ਦੇ ਮੁੱਖ ਸ਼ੇਅਰਧਾਰਕ ਮੈਸਰਜ਼ ਫਿੰਡੋਕ ਫਿਨਵੇਸਟ ਪ੍ਰਾਈਵੇਟ ਲਿਮਟਿਡ ਅਤੇ ਸੰਜੀਵ ਅਰੋੜਾ, ਕਾਵਿਆ ਅਰੋੜਾ, ਹੇਮੰਤ ਸੂਦ ਅਤੇ ਚੰਦਰ ਸ਼ੇਖਰ ਨਾਲ ਜੁੜੇ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ | ਕੰਪਨੀ ਨੇ ਆਪਣੇ ਨਿਰਦੇਸ਼ਕਾਂ, ਕਰਮਚਾਰੀਆਂ ਅਤੇ ਹੋਰ ਸੰਬੰਧਿਤ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਸ਼ੈੱਲ ਕੰਪਨੀਆਂ ਦੇ ਜਾਲ ਰਾਹੀਂ ਕਥਿਤ ਤੌਰ 'ਤੇ ਫ਼ਰਜ਼ੀ ਖ਼ਰੀਦ ਚਾਲਾਨ ਤਿਆਰ ਕੀਤੇ ਅਤੇ ਫ਼ਰਜ਼ੀ ਵਿਕਰੀ ਤੇ ਨਿਰਯਾਤ ਦਰਸਾਏ | ਈ.ਡੀ. ਨੇ ਦਾਅਵਾ ਕੀਤਾ ਹੈ ਕਿ 157.12 ਕਰੋੜ ਰੁਪਏ ਦੇ ਕੁੱਲ ਘੋਸ਼ਿਤ ਐਕਸਪੋਰਟ 'ਚੋਂ 102.50 ਕਰੋੜ ਰੁਪਏ ਦੇ ਲੈਣ-ਦੇਣ ਸਿਰਫ਼ ਯੂ.ਏ.ਈ. ਸਥਿਤ ਦੋ ਸੰਸਥਾਵਾਂ (ਫੋਰਟਬੈਲ ਟੈਲੀਕਾਮ ਅਤੇ ਡਰੈਗਨ ਗਲੋਬਲ) ਰਾਹੀਂ ਕੀਤੇ ਗਏ | ਏਜੰਸੀ ਮੁਤਾਬਿਕ ਫੋਰਟਬੈਲ ਟੈਲੀਕਾਮ ਦਾ ਸੰਬੰਧ ਮੈਸਰਜ਼ ਫੋਰਟਬੈਲ ਗੈਜਟਸ ਪ੍ਰਾਈਵੇਟ ਲਿਮਟਿਡ ਨਾਲ ਹੈ, ਜਿਸ ਦੇ ਮਾਲਕ ਹੇਮੰਤ ਸੂਦ ਅਤੇ ਚੰਦਰ ਸ਼ੇਖਰ ਦੱਸੇ ਜਾ ਰਹੇ ਹਨ | ਜਾਂਚ ਦੌਰਾਨ ਏਜੰਸੀ ਨੂੰ ਵਿਦੇਸ਼ੀ ਸੰਸਥਾਵਾਂ ਰਾਹੀਂ ਪੈਸੇ ਦੀ 'ਰਾਊਾਡ-ਟਿ੍ਪਿੰਗ' ਦਾ ਵੀ ਸ਼ੱਕ ਹੋਇਆ ਹੈ, ਜਿਸ ਨੂੰ 'ਫ਼ੇਮਾ' ਦੀ ਧਾਰਾ 7 ਅਤੇ 'ਫ਼ੇਮਾ' (ਨਿਰਯਾਤ ਮਾਲ ਅਤੇ ਸੇਵਾਵਾਂ) ਨਿਯਮ, 2015 ਦੇ ਨਿਯਮ 9 ਦੀ ਕਥਿਤ ਉਲੰਘਣਾ ਨਾਲ ਜੋੜਿਆ ਜਾ ਰਿਹਾ ਹੈ | ਈ.ਡੀ. ਵਲੋਂ ਜ਼ਬਤ ਕੀਤੀਆਂ ਜਾਇਦਾਦਾਂ 'ਚ ਹੈਮਪਟਨ ਸਕਾਈ ਰਿਆਲਟੀ ਲਿਮਟਿਡ ਦੇ ਬੈਂਕ ਖਾਤੇ, ਕਾਵਿਆ ਅਰੋੜਾ ਦੇ ਡੀਮੈਟ ਖਾਤੇ ਅਤੇ ਮਿਊਚਲ ਫ਼ੰਡ ਹੋਲਡਿੰਗਜ਼ ਦੇ ਨਾਲ ਲੁਧਿਆਣਾ, ਮੁਹਾਲੀ ਅਤੇ ਗੁਰੂਗ੍ਰਾਮ ਸਥਿਤ ਅਚੱਲ ਜਾਇਦਾਦਾਂ ਵੀ ਸ਼ਾਮਿਲ ਹਨ |
ਈ.ਡੀ. ਵਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਗਿ੍ਫ਼ਤਾਰ
ਅਜੀਤ ਡੈਸਕ
10-05-2026