ਕਿਹਾ, 'ਆਪ' ਸਰਕਾਰ ਨੇ ਆਪਣੇ ਹਰ ਵਾਅਦੇ ਨੂੰ ਪੂਰਾ ਕੀਤਾ
ਸੰਗਰੂਰ, 9 ਮਈ (ਸੁਖਵਿੰਦਰ ਸਿੰਘ ਫੁੱਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ 40 ਲੱਖ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਦੀ ਲਾਗਲੇ ਪਿੰਡ ਭਲਵਾਨ ਤੋਂ ਸ਼ੁਰੂਆਤ ਕੀਤੀ | ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ ਛੋਲਿਆਂ ਦੀ 2 ਕਿੱਲੋ ਦਾਲ, 2 ਕਿੱਲੋ ਖੰਡ, 2 ਕਿੱਲੋ ਲੂਣ, 200 ਗ੍ਰਾਮ ਹਲਦੀ ਅਤੇ 1 ਲੀਟਰ ਸਰੋਂ੍ਹ ਦਾ ਤੇਲ ਦਿੱਤਾ ਜਾਣਾ ਹੈ | 'ਮੇਰੀ ਰਸੋਈ ਯੋਜਨਾ' ਦਾ ਆਰੰਭ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ 'ਆਪ' ਸਰਕਾਰ ਆਪਣੇ ਹਰ ਵਾਅਦੇ ਨੂੰ ਪੂਰਾ ਕਰ ਚੁੱਕੀ ਹੈ | ਵਾਅਦਿਆਂ ਤੋਂ ਇਲਾਵਾ ਮੁਫ਼ਤ ਬਿਜਲੀ, ਮੁਫ਼ਤ ਸਿਹਤ ਯੋਜਨਾ ਅਤੇ ਹੁਣ ਖ਼ੁਰਾਕ ਸੁਰੱਖਿਆ ਸਕੀਮ ਵੀ ਮੁਹੱਈਆ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਨੂੰ ਬਿਜਲੀ ਖੰਭਾ ਰਹਿਤ ਸੂਬਾ ਬਣਾਇਆ ਜਾਣਾ ਹੈ ਅਤੇ ਇਸ ਦੀ ਸ਼ੁਰੂਆਤ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੇ ਆਪਣੇ ਪਿੰਡ ਸਤੌਜ ਤੋਂ ਕੀਤੀ ਜਾਵੇਗੀ | ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਕਣਕ ਅਤੇ ਦਾਲਾਂ ਵੰਡਣ ਤੱਕ ਹੀ ਸੀਮਤ ਰਹੀਆਂ, ਜਦਕਿ 'ਆਪ' ਸਰਕਾਰ ਨੇ ਰਸੋਈ ਦੀਆਂ ਹੋਰ ਜ਼ਰੂਰੀ ਵਸਤੂਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ | ਮੇਰੀ ਰਸੋਈ ਯੋਜਨਾ ਅਧੀਨ ਹਰ ਪਰਿਵਾਰ ਨੂੰ 3 ਮਹੀਨੇ ਬਾਅਦ ਇਨ੍ਹਾਂ ਚੀਜ਼ਾਂ ਦੀ ਕਿੱਟ ਮਿਲਿਆ ਕਰੇਗੀ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ 90 ਪ੍ਰਤੀਸ਼ਤ ਘਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਬੱਚਤ ਹੋਣੀ ਸ਼ੁਰੂ ਹੋ ਗਈ ਹੈ | ਖੇਤਾਂ ਨੂੰ ਲਗਾਤਾਰ ਬਿਜਲੀ ਜਾ ਰਹੀ ਹੈ | ਇਸ ਤੋਂ ਪਹਿਲਾਂ ਕਿਸਾਨਾਂ ਨੂੰ ਰਾਤ ਨੂੰ ਜਾਗਣਾ ਪੈਂਦਾ ਸੀ | ਨਹਿਰੀ ਪਾਣੀ ਖੇਤਾਂ ਵਿਚ ਅਖੀਰ ਤੱਕ ਜਾਣ ਲੱਗ ਪਿਆ ਹੈ | ਭਗਵੰਤ ਮਾਨ ਨੇ ਕਿਹਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਪੰਜਾਬ ਦੀਆਂ ਅÏਰਤਾਂ ਨੂੰ ਵੱਡਾ ਫ਼ਾਇਦਾ ਹੋਵੇਗਾ | ਮੁੱਖ ਮੰਤਰੀ ਸਿਹਤ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਹੁਣ ਨਿੱਜੀ ਹਸਪਤਾਲਾਂ ਵਿਚ ਵੀ ਆਪਣਾ ਇਲਾਜ ਕਰਵਾ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਇਲਾਜ ਲਈ ਆਪਣੀ ਜ਼ਮੀਨਾਂ ਜਾਂ ਕੀਮਤੀ ਸਾਮਾਨ ਵੇਚਣਾ ਨਹੀਂ ਪਵੇਗਾ | ਇਸ ਯੋਜਨਾ ਤਹਿਤ ਹੁਣ ਤੱਕ 35 ਲੱਖ ਸਿਹਤ ਕਾਰਡ ਵੰਡੇ ਜਾ ਚੁੱਕੇ ਹਨ ਅਤੇ ਇਸ ਯੋਜਨਾ ਨੂੰ ਹੋਰ ਵਧਾਇਆ ਜਾ ਰਿਹਾ ਹੈ | ਇਸ ਮੌਕੇ ਖ਼ੁਰਾਕ ਅਤੇ ਸੂਬਾਈ ਮੰਤਰੀ ਲਾਲ ਚੰਦ ਕਟਾਰੂਚੱਕ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਜ਼ਿਲ੍ਹਾ ਪੁਲਿਸ ਮੁਖੀ ਰਵਜੋਤ ਕੌਰ ਗਰੇਵਾਲ, ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ, ਦਲਬੀਰ ਸਿੰਘ ਢਿੱਲੋਂ ਚੇਅਰਮੈਨ ਲਘੂ ਉਦਯੋਗ ਅਤੇ ਨਿਰਯਾਤ ਨਿਗਮ, ਸਤਿੰਦਰ ਸਿੰਘ ਚੱਠਾ, ਰਛਪਾਲ ਸਿੰਘ ਭੁੱਲਰਹੇੜੀ, ਰਜਿੰਦਰ ਸਿੰਘ ਕਾਂਝਲਾ, ਭਲਵਾਨ ਸਿੰਘ ਸਰਪੰਚ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |
ਮੁੱਖ ਮੰਤਰੀ ਵਲੋਂ 40 ਲੱਖ ਲੋੜਵੰਦ ਪਰਿਵਾਰਾਂ ਲਈ 'ਮੇਰੀ ਰਸੋਈ ਯੋਜਨਾ' ਦੀ ਸ਼ੁਰੂਆਤ
ਅਜੀਤ ਡੈਸਕ
10-05-2026