ਮਮਦੋਟ , 19 ਮਈ (ਰਾਜਿੰਦਰ ਸਿੰਘ ਹਾਂਡਾ)-ਇਕ ਅਨੁਮਾਨ ਮੁਤਾਬਿਕ ਪੰਜਾਬ 'ਚ ਲਾਵਾਰਸ ਕੁੱਤਿਆਂ ਦੀ ਗਿਣਤੀ 3 ਲੱਖ ਤੋ ਜ਼ਿਆਦਾ ਹੈ, ਪਰ ਉਨ੍ਹਾਂ ਦੀ ਸਾਂਭ-ਸੰਭਾਲ ਲਈ ਸ਼ਾਇਦ ਹੀ ਕੋਈ ਸੈਲਟਰ ਹੋਮ ਬਣਿਆ ਹੋਵੇ | ਇਸ ਦੇ ਨਾਲ ਹੀ ਰਾਜ ਸਰਕਾਰ ਵਲੋਂ ਲਾਵਾਰਸ ਕੁੱਤਿਆਂ ਦੀ ਪੈਦਾਇਸ਼ ਨੂੰ ਰੋਕਣ ਸੰਬੰਧੀ ਨਸਬੰਦੀ ਵਰਗਾ ਕੋਈ ਵੀ ਅਭਿਆਨ ਨਹੀਂ ਚਲਾਇਆ ਗਿਆ, ਜਿਸ ਕਾਰਨ ਲਾਵਾਰਸ ਕੁੱਤਿਆਂ ਦੀ ਗਿਣਤੀ ਦਿਨ-ਬਦਿਨ ਵਧਦੀ ਜਾ ਰਹੀ ਹੈ | ਰਾਹ-ਰਸਤਿਆਂ, ਸਾਂਝੀਆਂ ਥਾਵਾਂ, ਪੈਲੇਸਾਂ, ਹੋਟਲਾਂ, ਢਾਬਿਆਂ, ਹੱਡਾਰੋੜੀਆਂ, ਗਲੀਆਂ ਤੇ ਹੋਰ ਖਾਲੀ ਥਾਵਾਂ 'ਤੇ ਖ਼ੰੂਖ਼ਾਰ ਲਾਵਾਰਸ ਕੁੱਤਿਆਂ ਦੇ ਝੁੰਡ ਆਮ ਹੀ ਘੁੰਮਦੇ ਦਿਖਾਈ ਦਿੰਦੇ ਹਨ | ਇਹ ਖ਼ੰੂਖ਼ਾਰ ਕੁੱਤਿਆਂ ਦੇ ਝੁੰਡ ਜਿਵੇਂ ਹੀ ਇਕੱਲੇ ਆਦਮੀ, ਔਰਤ ਜਾਂ ਬੱਚੇ ਨੂੰ ਦੇਖਦੇ ਹਨ ਤਾਂ ਉਨ੍ਹਾਂ ਨੂੰ ਮੌਤ ਤੇ ਘਾਟ ਉਤਾਰ ਦਿੰਦੇ ਹਨ ਜਾਂ ਗੰਭੀਰ ਜ਼ਖ਼ਮੀ ਕਰ ਦਿੰਦੇ ਹਨ | ਹਲ਼ਕਾਅ (ਰੈਬੀਜ਼) ਦਾ ਸ਼ਿਕਾਰ ਹੋਣ ਕਾਰਨ ਉਹ ਵਿਅਕਤੀ ਜਾਂ ਉਸ ਦੇ ਸੰਪਰਕ 'ਚ ਆਉਣ ਵਾਲੇ ਪਰਿਵਾਰਕ ਮੈਂਬਰ ਮੌਤ ਦੇ ਮੂੰਹ ਜਾ ਪੈਂਦੇ ਹਨ | ਪਿਛਲੇ ਕੁਝ ਸਾਲਾਂ ਤੋਂ ਲਾਵਾਰਸ ਖ਼ੰੂਖ਼ਾਰ ਕੁੱਤਿਆਂ ਵਲੋਂ ਕੱਟੇ ਜਾਣ ਦੇ ਅਨੇਕਾਂ ਮਾਮਲੇ ਸਾਹਮਣੇ ਆਉਣ ਕਾਰਨ ਆਮ ਲੋਕਾਂ 'ਚ ਲਾਵਾਰਸ ਖ਼ੰੂਖ਼ਾਰ ਕੁੱਤਿਆਂ ਦਾ ਖ਼ੌਫ਼ ਇੰਨਾ ਵਧ ਗਿਆ ਹੈ ਕਿ ਰਾਤ ਸਮੇਂ ਇਕੱਲੇ ਕਿਸਾਨ ਖੇਤਾਂ 'ਚ ਜਾਣ ਤੋਂ ਕਤਰਾਉਣ ਲੱਗੇ ਹਨ | ਲੋਕ ਆਪਣੇ ਬੱਚਿਆਂ ਨੂੰ ਸੁੰਨਸਾਨ ਤੇ ਲਾਵਾਰਸ ਕੁੱਤਿਆਂ ਦੀ ਠਹਿਰ ਵਾਲੇ ਰਸਤਿਆਂ ਰਾਹੀ ਬੱਚਿਆ ਨੂੰ ਇਕੱਲੇ ਸਕੂਲ ਭੇਜਣ ਤੋਂ ਵੀ ਡਰਦੇ ਹੋਏ ਮਾਪੇ ਬੱਚਿਆ ਨੂੰ ਖੁਦ ਸਕੂਲ ਜਾਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੱਕ ਛੱਡਣ ਜਾਂਦੇ ਹਨ |