ਸ੍ਰੀਨਗਰ, 25 ਮਈ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਗੁਲਮਰਗ ਵਿਚ ਅੱਜ ਕੇਬਲ ਕਾਰ ਸਿਸਟਮ (ਗੰਡੋਲਾ ਸੇਵਾ) ਵਿਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ 65 ਕੈਬਿਨਾਂ 'ਚ ਸਵਾਰ ਲਗਪਗ 300 ਸੈਲਾਨੀ ਘੰਟਿਆਂਬੱਧੀ ਹਵਾ ਵਿਚ ਫਸੇ ਰਹੇ | ਇਸ ਦੌਰਾਨ ਪ੍ਰਸ਼ਾਸਨ ਵਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ ਪਰ ਭਾਰੀ ਬਾਰਿਸ਼ ਨੇ ਬਚਾਅ ਕਾਰਜਾਂ 'ਚ ਰੁਕਾਵਟਾਂ ਪੈਦਾ ਕੀਤੀਆਂ | ਦੇਰ ਸ਼ਾਮ ਸਥਾਨਕ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਹੀ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਬਚਾਅ ਕਾਰਜ ਸਮਾਪਤ ਹੋ ਗਏ ਹਨ | ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਸਥਿਤ ਗੁਲਮਰਗ (ਗੰਡੋਲਾ ਸੇਵਾ) ਕੇਬਲ ਕਾਰ ਦੁਨੀਆ ਦੇ ਤੀਜੇ ਸਭ ਤੋਂ ਉੱਚੇ ਰੋਪਵੇਅ ਵਿਚ ਤਕਨੀਕੀ ਖਰਾਬੀ ਆ ਗਈ | ਦੁਪਹਿਰ 12:00 ਵਜੇ ਰੋਪਵੇਅ ਦੇ ਸਾਰੇ ਕੈਬਿਨ ਅਚਾਨਕ ਬੰਦ ਹੋ ਗਏ¢ 300 ਤੋਂ ਵੱਧ ਸੈਲਾਨੀ ਉਨ੍ਹਾਂ ਦੇ ਅੰਦਰ ਸਨ, ਅਤੇ ਉਹ ਸਾਰੇ ਹਵਾ ਵਿਚ ਫਸ ਗਏ | ਅਧਿਕਾਰੀਆਂ ਨੇ ਦੱਸਿਆ ਕਿ ਸਿਸਟਮ ਵਿਚ ਖਰਾਬੀ ਆਉਣ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕੀਤੇ ਗਏ ਸਨ ਪਰ ਭਾਰੀ ਬਾਰਿਸ਼ ਬਚਾਅ ਕਾਰਜਾਂ ਵਿਚ ਰੁਕਾਵਟ ਪਾ ਰਹੀ ਸੀ | ਸਥਾਨਕ ਅਧਿਕਾਰੀਆਂ ਅਨੁਸਾਰ 65 ਕੈਬਿਨ ਹਵਾ ਵਿਚ ਲਟਕਾਏ ਗਏ ਸਨ | ਹਰੇਕ ਕੈਬਿਨ ਵਿਚ ਵੱਧ ਤੋਂ ਵੱਧ ਛੇ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਸ਼ਾਮ ਤੱਕ ਰੱਸੀਆਂ ਅਤੇ ਪੌੜੀਆਂ ਦੀ ਵਰਤੋਂ ਕਰਕੇ ਸਾਰੇ ਹੀ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਕੁਝ ਕੈਬਿਨ 500 ਫੁੱਟ ਦੀ ਉੱਚਾਈ 'ਤੇ ਸਨ |
ਉਮਰ ਅਬਦੁਲਾ ਵਲੋਂ ਜਾਂਚ ਦੇ ਆਦੇਸ਼
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲਾ ਨੇ ਐਲਾਨ ਕੀਤਾ ਕਿ ਗੁਲਮਾਰਗ ਦੇ ਗੰਡੋਲਾ 'ਚ ਆਈ ਖਰਾਬੀ ਦੀ ਜਾਂਚ ਕੀਤੀ ਜਾਵੇਗੀ, ਜਿਸ ਦੇ ਕਾਰਨ 300 ਤੋਂ ਜ਼ਿਆਦਾ ਸੈਲਾਨੀ ਘੰਟਿਆਂਬੱਧੀ ਹਵਾ 'ਚ ਹੀ ਫ਼ਸੇ ਰਹੇ | ਉਨ੍ਹਾਂ ਭਰੋਸਾ ਦਿਵਾਇਆ ਕਿ ਇਕ ਜਾਂਚ ਕਮੇਟੀ ਬਣਾਈ ਜਾਵੇਗੀ ਤੇ ਜੇਕਰ ਕੋਈ ਲਾਪ੍ਰਵਾਹੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ |
ਗੁਲਮਰਗ ਵਿਖੇ ਹਵਾ 'ਚ ਲਟਕੇ ਕੇਬਲ ਕਾਰ ਦੇ 65 ਕੈਬਿਨ-300 ਸੈਲਾਨੀ ਬਚਾਏ <br/>
ਅਜੀਤ ਡੈਸਕ
26-05-2026