ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 25 ਮਈਪੰਜਾਬ 'ਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਾਂ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਪੈਣਗੀਆਂ | ਵੋਟ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੋਲਿੰਗ ਪਾਰਟੀਆਂ ਸੋਮਵਾਰ ਨੂੰ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਵੱਲ ਰਵਾਨਾ ਹੋ ਗਈਆਂ | ਸਵੇਰੇ ਤੋਂ ਹੀ ਵੱਖ-ਵੱਖ ਜ਼ਿਲਿ੍ਹਆਂ ਦੇ ਡਿਸਪੈਚ ਸੈਂਟਰਾਂ 'ਚ ਚੋਣ ਅਮਲੇ ਦੀ ਭਾਰੀ ਚਹਿਲ-ਪਹਿਲ ਵੇਖਣ ਨੂੰ ਮਿਲੀ, ਜਿੱਥੇ ਕਰਮਚਾਰੀਆਂ ਨੂੰ ਬੈਲਟ ਪੇਪਰ, ਬੈਲਟ ਬਾਕਸ, ਚੋਣ ਰਜਿਸਟਰ ਅਤੇ ਹੋਰ ਲੋੜੀਂਦੀ ਸਮਗਰੀ ਮੁਹੱਈਆ ਕਰਵਾਈ ਗਈ | ਚੋਣ ਅਧਿਕਾਰੀਆਂ ਵਲੋਂ ਹਰ ਪੋਲਿੰਗ ਪਾਰਟੀ ਨੂੰ ਵੋਟ ਪ੍ਰਕਿਰਿਆ ਨਾਲ ਸੰਬੰਧਿਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ | ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਵੱਡੀ ਤਾਇਨਾਤੀ ਕੀਤੀ ਗਈ | ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਸੂਬੇ ਦੀਆਂ 103 ਸਥਾਨਕ ਸਰਕਾਰਾਂ ਦੇ 1896 ਵਾਰਡਾਂ ਲਈ ਹੋ ਰਹੀਆਂ ਚੋਣਾਂ ਵਿਚ ਕੁੱਲ 7555 ਉਮੀਦਵਾਰ ਚੋਣ ਮੈਦਾਨ ਵਿਚ ਹਨ | ਇਨ੍ਹਾਂ ਵਿਚ 8 ਨਗਰ ਨਿਗਮਾਂ ਦੇ 396 ਵਾਰਡਾਂ ਲਈ 1613, 75 ਨਗਰ ਕੌਂਸਲਾਂ ਦੇ 1282 ਵਾਰਡਾਂ ਲਈ 5142 ਅਤੇ 20 ਨਗਰ ਪੰਚਾਇਤਾਂ ਦੇ 218 ਵਾਰਡਾਂ ਲਈ 800 ਉਮੀਦਵਾਰ ਚੋਣ ਲੜ ਰਹੇ ਹਨ | ਚੋਣ ਕਮਿਸ਼ਨ ਵਲੋਂ 740 ਸੰਵੇਦਨਸ਼ੀਲ ਅਤੇ 274 ਅਤਿ-ਸੰਵੇਦਨਸ਼ੀਲ ਪੋਲਿੰਗ ਬੂਥ ਘੋਸ਼ਿਤ ਕੀਤੇ ਗਏ ਹਨ | ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ 35 ਹਜ਼ਾਰ ਦੇ ਕਰੀਬ ਚੋਣ ਕਰਮਚਾਰੀ ਅਤੇ 32 ਹਜ਼ਾਰ ਪੁਲਿਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ | ਇਸ ਵਾਰ ਚੋਣਾਂ ਵਿਚ 18,33,712 ਪੁਰਸ਼, 17,11,635 ਔਰਤਾਂ ਅਤੇ 220 ਹੋਰ, ਭਾਵ ਕੁੱਲ 35,45,567 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ | ਪ੍ਰਸ਼ਾਸਨ ਵਲੋਂ ਵੋਟਰਾਂ ਨੂੰ ਨਿਡਰ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ, ਜਦਕਿ ਸਿਆਸੀ ਪਾਰਟੀਆਂ ਨੇ ਵੀ ਆਖ਼ਰੀ ਵੇਲੇ ਤੱਕ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ | ਕਈ ਜ਼ਿਲਿ੍ਹਆਂ ਵਿਚ ਪੋਲਿੰਗ ਪਾਰਟੀਆਂ ਨੂੰ ਸਰਕਾਰੀ ਬੱਸਾਂ ਅਤੇ ਸੁਰੱਖਿਆ ਵਾਹਨਾਂ ਰਾਹੀਂ ਪੋਲਿੰਗ ਸਟੇਸ਼ਨਾਂ ਤੱਕ ਭੇਜਿਆ ਗਿਆ | ਡਿਸਪੈਚ ਸੈਂਟਰਾਂ 'ਤੇ ਚੋਣ ਸਮਗਰੀ ਦੀ ਜਾਂਚ ਅਤੇ ਰਿਕਾਰਡ ਦੀ ਤਸਦੀਕ ਤੋਂ ਬਾਅਦ ਹੀ ਟੀਮਾਂ ਨੂੰ ਰਵਾਨਾ ਕੀਤਾ ਗਿਆ | ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਹਨ |
ਫੈਕਟਰੀਆਂ 'ਚ ਕੰਮ ਕਰਨ ਵਾਲੇ ਕਾਮਿਆਂ ਨੂੰ ਵੋਟ ਪਾਉਣ ਲਈ ਕੰਮ ਤੋਂ ਛੋਟ
ਚੰਡੀਗੜ੍ਹ, 25 ਮਈ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਫੈਕਟਰੀਆਂ ਸਮੇਤ ਪੰਜਾਬ ਦੇ ਅਦਾਰਿਆਂ ਵਿਚ ਕੰਮ ਕਰਨ ਵਾਲੇ ਸਾਰੇ ਬਾਲਗ ਕਾਮਿਆਂ ਅਤੇ ਕਰਮਚਾਰੀਆਂ ਲਈ ਨਗਰ ਨਿਗਮ ਦੀਆਂ ਆਮ ਚੋਣਾਂ 2026 ਵਿਚ ਆਪਣੀ ਵੋਟ ਪਾਉਣ ਲਈ ਛੋਟ ਦਾ ਐਲਾਨ ਕੀਤਾ ਹੈ | ਇਹ ਛੋਟ ਉਨ੍ਹਾਂ ਸੰਬੰਧਿਤ ਨਗਰ ਨਿਗਮਾਂ ਦੇ ਮਾਲ ਅਧਿਕਾਰ ਖੇਤਰ ਵਿਚ ਕੰਮ ਕਰਨ ਵਾਲੇ ਸਾਰੇ ਯੋਗ ਵੋਟਰਾਂ 'ਤੇ ਲਾਗੂ ਹੁੰਦੀ ਹੈ ਜਿੱਥੇ 26 ਮਈ ਨੂੰ ਵੋਟਿੰਗ ਹੋਣੀ ਹੈ | ਕਿਰਤ ਵਿਭਾਗ ਪੰਜਾਬ ਵਲੋਂ ਜਾਰੀ ਨੋਟੀਫਿਕੇਸਨ ਦੀ ਕਾਪੀ ਨੱਥੀ ਹੈ |
ਪੰਜਾਬ 'ਚ ਨਗਰ ਨਿਗਮਾਂ, ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਵੋਟਾਂ ਅੱਜ <br/>
ਅਜੀਤ ਡੈਸਕ
26-05-2026