ਨਵੀਂ ਦਿੱਲੀ, 25 ਮਈ (ਏਜੰਸੀ)-ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੀ ਐਨ. ਆਈ. ਏ. ਵਲੋਂ ਕੀਤੀ ਜਾਂਚ 'ਚ ਦੋਸ਼ੀਆਂ ਵਲੋਂ ਲਖਨਊ 'ਚ ਵਿਧਾਨ ਸਭਾ ਅਤੇ ਹੋਰ ਭਾਰੀ ਆਵਾਜਾਈ ਵਾਲੇ ਪ੍ਰਮੁੱਖ ਸਥਾਨਾਂ 'ਤੇ ਲੜੀਵਾਰ ਅੱਤਵਾਦੀ ਹਮਲੇ ਕਰਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਸਾਜਿਸ਼ ਦਾ ਖੁਲਾਸਾ ਹੋਇਆ ਹੈ | ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਦੋ ਪ੍ਰਮੁੱਖ ਦੋਸ਼ੀਆਂ ਡਾ. ਮੁਜ਼ੱਮਿਲ ਸ਼ਕੀਲ ਅਤੇ ਡਾ. ਸ਼ਾਹੀਨ ਸਈਦ ਨੇ ਇਸ ਅੱਤਵਾਦੀ ਸਾਜਿਸ਼ ਲਈ ਸੋਚੀ-ਸਮਝੀ ਰੇਕੀ ਕਰਨ ਦੇ ਹਿੱਸੇ ਵਜੋਂ 25 ਅਤੇ 30 ਅਗਸਤ ਦਰਮਿਆਨ ਫਰੀਦਾਬਾਦ ਤੋਂ ਲਖਨਊ ਦਾ ਦੌਰਾ ਕੀਤਾ | ਮੁਜ਼ੱਮਿਲ ਨੇ ਉੱਤਰ ਪ੍ਰਦੇਸ਼ 'ਚ ਸਰਕਾਰ ਦੇ ਪ੍ਰਤੀਕ ਵੱਖ-ਵੱਖ ਨਿਸ਼ਾਨਿਆਂ ਦੀ ਦੁਸ਼ਮਣੀਪੂਰਨ ਜਾਸੂਸੀ ਕੀਤੀ | ਸੂਤਰਾਂ ਨੇ ਕਿਹਾ ਕਿ ਉਸ ਨੇ ਵਿਧਾਨ ਸਭਾ ਦੇ ਆਮ ਖੇਤਰ, ਬਾਪੂ ਭਵਨ (ਸਿਵਲ ਸਕੱਤਰੇਤ) ਅਤੇ ਭਾਰੀ ਆਵਾਜਾਈ ਵਾਲੇ ਇਮਾਮਬਾੜਾ, ਲਾਲ ਬਾਗ਼ ਅਤੇ ਅਮੀਨਾਬਾਗ਼ ਵਰਗੇ ਖੇਤਰਾਂ ਦੀ ਰੇਕੀ ਕੀਤੀ | ਦੋਸ਼ੀ ਵਿਅਕਤੀਆਂ ਨੇ ਆਪਣੇ ਮਿਸ਼ਨ ਲਈ ਇਨ੍ਹਾਂ ਸਥਾਨਾਂ ਨੂੰ ਢੁਕਵੇਂ ਟੀਚੇ ਮੰਨਿਆ | ਉਹ ਇਨ੍ਹਾਂ ਇਮਾਰਤਾਂ ਦੇ ਅਹਾਤਿਆਂ ਨੇੜੇ ਵਿਸਫੋਟ ਨਾਲ ਭਰੀ ਕਾਰ ਨਾਲ ਧਮਾਕਾ ਕਰਨ ਦੀ ਯੋਜਨਾ 'ਤੇ ਵਿਚਾਰ ਕਰ ਰਹੇ ਸਨ | ਐਨ. ਆਈ. ਏ. ਦੀ ਜਾਂਚ 'ਚ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਮੁਜ਼ੱਮਿਲ ਨੇ ਆਪਣੇ ਫੋਨ ਦੀ ਵਰਤੋਂ ਕਰ ਕੇ ਲਖਨਊ 'ਚ ਕੈਮੀਕਲ ਦੀਆਂ ਉਹ ਦੁਕਾਨਾਂ ਲੱਭੀਆਂ, ਜਿਥੇ ਟ੍ਰਾਈਏਸੀਟੋਨ ਟ੍ਰਾਈਪਰਾਕਸਾਈਡ ਬਣਾਉਣ ਲਈ ਜ਼ਰੂਰੀ ਦੋ ਪ੍ਰੀਕਰਸਰ ਕੈਮੀਕਲ ਮਿਲਦੇ ਸਨ | ਟੀ. ਏ. ਟੀ. ਪੀ. ਬੇਹੱਦ ਅਸਥਿਰ ਪੇਰੋਕਸਾਈਡ ਵਿਸਫੋਟਕ ਹੈ, ਜਿਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਦਰ ਆਫ ਸੈਟਨ ਨੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇਸੇ ਵਿਸਫੋਟਕ ਦੀ ਵਰਤੋਂ ਪਿਛਲੇ ਸਾਲ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ 'ਚ ਹੋਏ ਕਾਰ ਧਮਾਕੇ 'ਚ ਕੀਤੀ ਗਈ ਸੀ | ਸੂਤਰਾਂ ਨੇ ਦੱਸਿਆ ਕਿ ਮੁਜ਼ੱਮਿਲ ਦੇ ਨਿਰਦੇਸ਼ 'ਤੇ ਸ਼ਾਹੀਨ ਨੇ ਇਨ੍ਹਾਂ ਸੰਬੰਧਿਤ ਦੁਕਾਨਾਂ ਦੇ ਨਾਂਅ ਆਪਣੀ ਲਿਖਾਵਟ 'ਚ ਲਿਖ ਲਏ ਸਨ, ਇਹ ਸੂਚੀ ਬਾਅਦ ਵਿਚ ਐਨ. ਆਈ. ਏ. ਨੂੰ ਉਸ ਦੇ ਫੋਨ 'ਚੋਂ ਮਿਲੀ | ਇਹ ਦੋਵੇਂ ਲਖਨਊ 'ਚ ਸ਼ਾਹੀਨ ਦੇ ਇਕ ਰਿਸ਼ਤੇਦਾਰ ਦੇ ਘਰ ਠਹਿਰੇ ਸਨ | ਸੂਤਰਾਂ ਅਨੁਸਾਰ ਦੋਸ਼ੀਆਂ ਨੇ ਸ਼ਹਿਰ ਦੇ ਕਿਸੇ ਦੂਰ ਦਰਾਜ ਵਾਲੇ ਇਲਾਕੇ 'ਚ ਇਕ ਅਜਿਹੀ ਜਗ੍ਹਾ ਵੀ ਲੱਭੀ ਸੀ, ਜਿਥੇ ਉਹ ਵਿਸਫੋਟਕ ਬਣਾਉਣ ਦੀਆਂ ਗਤੀਵਿਧੀਆਂ ਨੂੰ ਗੁਪਚੁਪ ਤਰੀਕੇ ਨਾਲ ਅੰਜ਼ਾਮ ਦੇ ਸਕਣ | ਇਹ ਖੁਲਾਸੇ ਐਨ. ਆਈ. ਏ. ਵਲੋਂ 14 ਮਈ ਨੂੰ ਦਾਇਰ ਕੀਤੇ 7500 ਪੰਨਿਆਂ ਦੇ ਵਿਸ਼ਾਲ ਦੋਸ਼ ਪੱਤਰ ਦਾ ਹਿੱਸਾ ਹਨ |