ਨਵੀਂ ਦਿੱਲੀ, 25 ਮਈ (ਏਜੰਸੀ)-ਸੀ.ਬੀ.ਐਸ.ਈ. ਦੀ ਮੁੜ ਮੁਲਾਂਕਣ ਪ੍ਰਕਿਰਿਆ 'ਚ ਤਕਨੀਕੀ ਗੜਬੜੀਆਂ ਅਤੇ ਅੰਤਰ ਨੂੰ ਲੈ ਕੇ ਵਧਦੀਆਂ ਸ਼ਿਕਾਇਤਾਂ ਦਰਮਿਆਨ 12ਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਨੇ ਦੋਸ਼ ਲਗਾਇਆ ਹੈ ਕਿ ਬੋਰਡ ਵਲੋਂ ਅਪਲੋਡ ਕੀਤੀ ਗਈ ਉਨ੍ਹਾਂ ਦੀ ਉੱਤਰ ਪੱਤਰੀ (ਉੱਤਰ ਸ਼ੀਟ) ਦੇ ਸਕੈਨ ਦੀਆਂ ਕਾਪੀਆਂ ਉਨ੍ਹਾਂ ਦੀ ਲਿਖਾਵਟ ਨਾਲ ਮੇਲ ਨਹੀਂ ਖਾਂਦੀਆਂ | ਇਸ ਨਾਲ ਆਨ ਸਕ੍ਰੀਨ ਮਾਰਕਿੰਗ (ਓ.ਐਸ.ਐਮ.) ਸਿਸਟਮ 'ਚ ਉੱਤਰ ਕਾਪੀਆਂ ਦੀ ਅਦਲਾ-ਬਦਲੀ ਦੇ ਖਦਸ਼ੇ ਵਧ ਗਏ ਹਨ | ਸੀ. ਬੀ. ਐਸ. ਈ. ਨੇ ਇਨ੍ਹਾਂ ਦੋਸ਼ਾਂ ਦੇ ਸੰਬੰਧ 'ਚ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ | ਸੋਸ਼ਲ ਮੀਡੀਆ 'ਤੇ ਇਕ ਵਿਸਤਿ੍ਤ ਪੋਸਟ 'ਚ ਦਿੱਲੀ ਦੇ ਰਹਿਣ ਵਾਲੇ ਵੇਦਾਂਤ ਨਾਂਅ ਦੇ ਵਿਦਿਆਰਥੀ ਨੇ ਦੋਸ਼ ਲਾਇਆ ਕਿ ਸੀ. ਬੀ. ਐਸ. ਈ. ਵਲੋਂ ਮੁੜ ਮੁਲਾਂਕਣ ਪ੍ਰਕਿਰਿਆ ਤਹਿਤ ਅਪਲੋਡ ਕੀਤੀ ਗਈ ਫਿਜ਼ਿਕਸ ਦੀ ਉੱਤਰ ਕਾਪੀ 'ਚ ਲਿਖੀ ਲਿਖਾਵਟ ਉਸ ਦੀ ਆਪਣੀ ਲਿਖਾਵਟ ਨਾਲ ਮੇਲ ਨਹੀਂ ਖਾਂਦੀ | ਵਿਦਿਆਰਥੀ ਨੇ ਲਿਖਿਆ ਕਿ ਫਿਜ਼ਿਕਸ 'ਚ ਉਮੀਦ ਤੋਂ ਘੱਟ ਨੰਬਰ ਆਉਣ ਬਾਅਦ ਅਸੀਂ ਸੀ. ਬੀ. ਐਸ. ਈ. ਦੀ ਮੁੜ ਸਮੀਖਿਆ ਪ੍ਰਕਿਰਿਆ ਜ਼ਰੀਏ ਆਪਣੀ ਉੱਤਰ ਕਾਪੀ ਦੀ ਫੋਟੋਕਾਪੀ ਲਈ ਅਰਜ਼ੀ ਦਿੱਤੀ ਸੀ | 12ਵੀਂ ਦੀ ਇਕ ਹੋਰ ਵਿਦਿਆਰਥਣ ਸੰਜਨਾ ਨੇ ਵੀ ਸੋਸ਼ਲ ਮੀਡੀਆ 'ਤੇ ਦੋਸ਼ ਲਗਾਇਆ ਕਿ ਮੁੜ ਸਮੀਖਿਆ ਪ੍ਰਕਿਰਿਆ ਦੌਰਾਨ ਅਪਲੋਡ ਕੀਤੀ ਗਈ ਕੈਮਿਸਟਰੀ ਦੀ ਉੱਤਰ ਕਾਪੀ ਉਸ ਦੀ ਲਿਖਾਵਟ ਨਾਲ ਮੇਲ ਨਹੀਂ ਖਾ ਰਹੀ ਸੀ | ਬਾਅਦ 'ਚ ਕਈ ਹੋਰ ਵਿਦਿਆਰਥੀਆਂ ਨੇ ਵੀ ਸੋਸ਼ਲ ਮੀਡੀਆ 'ਤੇ ਜਾ ਕੇ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਦੋਸ਼ ਲਾਏ | ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਆਈ. ਆਈ. ਟੀ.-ਮਦਰਾਸ ਅਤੇ ਆਈ. ਆਈ. ਟੀ.-ਕਾਨਪੁਰ ਦੇ ਤਕਨੀਕੀ ਮਾਹਿਰ ਇਸ ਸਾਲ ਪ੍ਰੀਖਿਆ ਬਾਅਦ ਦੀ ਦੁਬਾਰਾ ਮੁਲਾਂਕਣ ਸੇਵਾਵਾਂ ਸ਼ੁਰੂ ਹੋਣ ਬਾਅਦ ਸਾਹਮਣੇ ਆਈਆਂ ਸਾਰੀਆਂ ਤਕਨੀਕੀ ਸਮੱਸਿਆਵਾਂ ਦੀ ਜਾਂਚ ਕਰਨਗੇੇ |