ਨਵੀਂ ਦਿੱਲੀ, 25 ਮਈ (ਏਜੰਸੀ)-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਨੇ ਹੋਰਮੁਜ਼ ਜਲਡਮਰੂ ਨੂੰ ਮੁੜ ਖੋਲ੍ਹਣ ਲਈ ਈਰਾਨ ਨਾਲ ਗੱਲਬਾਤ 'ਚ ਕਾਫੀ ਪ੍ਰਗਤੀ ਕੀਤੀ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਅਜੇ ਵੀ ਚੌਕਸੀ ਭਰਪੂਰ ਰਵੱਈਆ ਅਪਣਾ ਰਹੇ ਹਨ ਅਤੇ ਕਿਸੇ ਵੀ ਬੁਰੇ ਸਮਝੌਤੇ ਨੂੰ ਸਵੀਕਾਰ ਨਹੀਂ ਕਰਨਗੇ | ਰੂਬੀਓ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ, ਜਦੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਅਮਰੀਕਾ ਅਤੇ ਈਰਾਨ ਇਕ ਵਿਆਪਕ ਸ਼ਾਂਤੀ ਸਮਝੌਤੇ 'ਤੇ ਪਹੁੰਚਣ ਤੋਂ ਪਹਿਲਾਂ ਇਸ ਸ਼ਿਪਿੰਗ ਮਾਰਗ ਨੂੰ ਮੁੜ ਖੋਲ੍ਹਣ ਲਈ ਇਕ ਸ਼ੁਰੂਆਤੀ ਸਮਝੌਤੇ 'ਤੇ ਵਿਚਾਰ ਕਰ ਰਹੇ ਹਨ | ਆਗਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਇਕ ਛੋਟੇ ਸਮੂਹ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੰਮ ਅਜੇ ਵੀ ਜਾਰੀ ਹੈ | ਰੂਬੀਓ ਨੇ ਕਿਹਾ ਕਿ ਸਾਡੇ ਕੋਲ ਜੋ ਪ੍ਰਸਤਾਵ ਹੈ, ਉਹ ਕਾਫੀ ਠੋਸ ਹੈ, ਇਸ ਤਹਿਤ ਹੋਰਮੁਜ਼ ਜਲਡਮਰੂ ਨੂੰ ਖੋਲਿ੍ਹਆ ਜਾਵੇਗਾ, ਪ੍ਰਮਾਣੂ ਮਾਮਲਿਆਂ 'ਤੇ ਇਕ ਵਾਸਤਵਿਕ, ਮਹੱਤਵਪੂਰਨ ਅਤੇ ਸਮਾਂ ਸੀਮਾ ਵਾਲੀ ਗੱਲਬਾਤ ਸ਼ੁਰੂ ਕੀਤੀ ਜਾਵੇਗੀ ਤੇ ਉਮੀਦ ਹੈ ਕਿ ਅਸੀਂ ਇਸ ਵਿਚ ਸਫਲ ਹੋਵਾਂਗੇ | ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪੱਛਮੀ ਏਸ਼ੀਆ 'ਚ ਟਕਰਾਅ ਨੂੰ ਸਮਾਪਤ ਕਰਨ ਲਈ ਚੱਲ ਰਹੇ ਯਤਨਾਂ ਨੂੰ ਕੌਮਾਂਤਰੀ ਸਮਰਥਨ ਮਿਲਿਆ ਹੈ ਪਰ ਉਨ੍ਹਾਂ ਇਹ ਵੀ ਜੋੜਿਆ ਕਿ ਸ਼ਾਂਤੀ ਦਾ ਮਾਰਗ ਏਨਾ ਆਸਾਨ ਨਹੀਂ ਹੈ |
ਭਾਰਤ ਵਿਰੋਧੀ ਦੋਸ਼ਾਂ ਨੂੰ ਕੀਤਾ ਖ਼ਾਰਜ, ਕਿਹਾ-ਟਰੰਪ ਮੋਦੀ ਦੇ ਵੱਡੇ ਪ੍ਰਸੰਸਕ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸੋਮਵਾਰ ਨੂੰ ਅਮਰੀਕਾ 'ਚ ਭਾਰਤ ਵਿਰੋਧੀ ਬਿਆਨਬਾਜ਼ੀ ਵਧਣ ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਨਜ਼ਰ ਆਏ | ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਵੱਡੇ ਪ੍ਰਸੰਸਕ ਹਨ | ਰੂਬੀਓ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਜਦੋਂ ਐਤਵਾਰ ਨੂੰ ਇਕ ਪੱਤਰਕਾਰ ਦੇ ਸਵਾਲ ਦੇ ਜਵਾਬ ਦਾ ਉਨ੍ਹਾਂ ਦਾ ਵੀਡੀਓ ਵਾਇਰਲ ਹੋਣ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ | ਰੂਬੀਓ ਨੇ ਕਿਸੇ ਵੀ ਤਰਾਂ ਦੀ ਯੋਜਨਾਬੱਧ ਦੁਸ਼ਮਣੀ ਦੀ ਗੱਲ ਨੂੰ ਸਿਰੇ ਤੋਂ ਖ਼ਾਰਜ ਕੀਤਾ ਅਤੇ ਭਾਰਤ ਪ੍ਰਤੀ ਅਮਰੀਕੀ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ | ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਭਾਰਤ ਦੇ ਬਹੁਤ ਵੱਡੇ ਪ੍ਰਸੰਸਕ ਹਨ, ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਵੱਡੇ ਪ੍ਰਸੰਸਕ ਹਨ | ਜੇਕਰ ਰਾਸ਼ਟਰਪਤੀ ਨਾ ਚਾਹੁੰਦੇ ਤਾਂ ਉਹ ਇਥੇ ਨਹੀਂ ਆਉਂਦੇ | ਉਹ ਸਰਜੀਓ ਗੋਰ ਵਰਗੇ ਕਿਸੇ ਵਿਅਕਤੀ ਨੂੰ ਰਾਜਦੂਤ ਬਣਾ ਕੇ ਨਹੀਂ ਭੇਜਦੇ, ਜੋ ਰਾਸ਼ਟਰਪਤੀ ਦੇ ਬੇਹੱਦ ਨੇੜੇ ਹਨ |
ਅਮਰੀਕਾ ਨੇ ਹੋਰਮੁਜ਼ ਜਲਡਮਰੂ ਮੁੜ ਖੋਲ੍ਹਣ ਲਈ ਈਰਾਨ ਨਾਲ ਗੱਲਬਾਤ 'ਚ ਕਾਫੀ ਪ੍ਰਗਤੀ ਕੀਤੀ-ਰੂਬੀਓ <br/>
ਅਜੀਤ ਡੈਸਕ
26-05-2026