ਨਵੀਂ ਦਿੱਲੀ, 25 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਨਾਲ ਜੁੜੇ ਵਿਅਕਤੀਆਂ ਦੀਆਂ ਗਤੀਵਿਧੀਆਂ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ 'ਤੇ ਫੌਰੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ | ਪਟੀਸ਼ਨਕਰਤਾ ਐਨ.ਕੇ. ਗੋਸਵਾਮੀ ਵਲੋਂ ਦਾਇਰ ਪਟੀਸ਼ਨ 'ਚ ਕਿਹਾ ਕਿ ਸੀ.ਜੇ.ਪੀ., ਨਿਆਂਪਾਲਿਕਾ ਦੀ ਛਵੀ ਖਰਾਬ ਕਰ ਰਹੀ ਹੈ | ਵਕੀਲ ਨੇ ਕਿਹਾ ਕਿ ਚੀਫ ਜਸਟਿਸ ਦੇ ਕਾਕਰੋਚ ਦੇ ਬਿਆਨ 'ਤੇ ਦਿੱਤੇ ਗਏ ਸਪੱਸ਼ਟੀਕਰਨ ਦੇ ਬਾਵਜੂਦ ਇਕ ਗਲਤ ਭਾਵਨਾ ਵਾਲਾ ਨੈਰੇਟਿਵ ਲਗਾਤਾਰ ਜਾਰੀ ਹੈ | ਚੀਫ ਜਸਟਿਸ ਸੂਰਿਆਕਾਂਤ ਨੇ ਵਕੀਲ ਨੂੰ ਕਿਹਾ ਕਿ ਇਸ ਨੂੰ ਏਨਾ ਭਾਵਨਾਤਮਿਕਤਾ ਰੂਪ ਨਾਲ ਨਾ ਲਓ | ਉਨ੍ਹਾਂ ਕਿਹਾ ਕਿ ਫਿਲਹਾਲ ਇਸ ਕੇਸ ਨੂੰ ਸੁਣਨ ਦੀ ਫੌਰੀ ਕੋਈ ਲੋੜ ਨਹੀਂ ਹੈ ਅਤੇ ਸਮੇਂ ਆਉਣ 'ਤੇ ਇਸ ਦੀ ਸੁਣਵਾਈ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਚੀਫ ਜਸਟਿਸ ਸੂਰਿਆਕਾਂਤ ਵਲੋਂ ਕੀਤੀ ਇਕ ਟਿੱਪਣੀ ਦੇ ਵਿਰੋਧ 'ਚ ਸੋਸ਼ਲ ਮੀਡੀਆ 'ਤੇ ਸੀ.ਜੇ.ਪੀ. ਬਣਾਈ ਗਈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਆਨਲਾਈਨ ਸਰਗਰਮੀ ਦੇ ਨਾਂਅ 'ਤੇ ਵਿਵਸਥਾ 'ਤੇ ਹਮਲਾ ਕਰਨ ਵਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਾਕਰੋਚ ਜਿਹਾ ਮੰਨਿਆ ਜਾ ਸਕਦਾ ਹੈ | ਹਾਲਾਂਕਿ ਵਿਰੋਧ ਵਧਣ 'ਤੇ ਚੀਫ ਜਸਟਿਸ ਨੇ ਸਪੱਸ਼ਟੀਕਰਨ ਦਿੱਤਾ ਸੀ ਕਿ ਉਨ੍ਹਾਂ ਦਾ ਇਸ਼ਾਰਾ ਫਰਜ਼ੀ ਡਿਗਰੀ ਰੱਖਣ ਵਾਲੇ ਵਿਅਕਤੀਆਂ ਵੱਲ ਸੀ ਨਾ ਕਿ ਸਾਰੇ ਨੌਜਵਾਨਾਂ ਵੱਲ |