ਚੰਡੀਗੜ੍ਹ 7 ਜੂਨ (ਅਜੀਤ ਬਿਊਰੋ)-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਧੂਰੀ ਰੈਲੀ ਨੂੰ ਲੈ ਕੇ ਭਾਜਪਾ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਧੂਰੀ ਦੀ ਰੈਲੀ 'ਚ ਪੰਜਾਬ ਦੀ ਜਨਤਾ ਨੇ ਭਾਜਪਾ ਨੂੰ ਉਸ ਦਾ ਅਸਲੀ ਸ਼ੀਸ਼ਾ ਦਿਖਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ 'ਚ ਰੈਲੀ ਕਰਨ ਪਹੁੰਚੇ ਤਾਂ ਜ਼ਰੂਰ ਪਰ ਉਨ੍ਹਾਂ ਨੂੰ ਉਥੇ ਜਨਤਾ ਦੀ ਥਾਂ ਸਿਰਫ਼ ਤੇ ਸਿਰਫ਼ ਖ਼ਾਲੀ ਕੁਰਸੀਆਂ ਦੀਆਂ ਕਤਾਰਾਂ ਮਿਲੀਆਂ | ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸੈਣੀ ਉਨ੍ਹਾਂ ਹੀ ਖ਼ਾਲੀ ਕੁਰਸੀਆਂ ਨੂੰ ਸੰਬੋਧਨ ਕਰਕੇ ਵਾਪਸ ਪਰਤ ਗਏ, ਜੋ ਇਹ ਸਾਫ਼ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਭਾਜਪਾ ਲਈ ਕੋਈ ਥਾਂ ਨਹੀਂ ਬਚੀ | ਭਾਜਪਾ ਦੇ ਆਗੂ ਪੰਜਾਬ 'ਚ ਜਿੰਨੇ ਮਰਜ਼ੀ ਚੱਕਰ ਕੱਟ ਲੈਣ ਪਰ ਪੰਜਾਬ ਦੇ ਜਾਗਰੂਕ ਲੋਕ ਉਨ੍ਹਾਂ ਨੂੰ ਕਦੇ ਮੂੰਹ ਨਹੀਂ ਲਗਾਉਣ ਵਾਲੇ |