18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜਥੇਦਾਰ ਨੂੰ ਬਾਦਲ ਪਰਿਵਾਰ ਦੇ ਸਿਆਸੀ ਮੋਹਰੇ ਵਜੋਂ ਕੰਮ ਨਹੀਂ ਕਰਨਾ ਚਾਹੀਦਾ-ਬਲਤੇਜ ਪੰਨੂ <br/>

Ad Position 21
No active advertisement
ਅਜੀਤ ਡੈਸਕ 16-06-2026

ਚੰਡੀਗੜ੍ਹ, 15 ਜੂਨ (ਅਜੀਤ ਬਿਊਰੋ)-'ਆਪ' ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਿਆਸਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਖੁੱਲ੍ਹੇਆਮ ਇਕ ਖਾਸ ਸਿਆਸੀ ਪਾਰਟੀ ਦੇ ਪੱਖ 'ਚ ਖੜ੍ਹੇ ਹੋ ਕੇ ਰਾਜਨੀਤੀ ਕਰ ਰਹੇ ਹਨ | ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਦਾ ਸਰਵਉੱਚ ਅਤੇ ਪੂਜਣਯੋਗ ਅਸਥਾਨ ਹੈ, ਨਾ ਕਿ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੀ ਨਿੱਜੀ ਜਾਗੀਰ | ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਅੱਧੀ ਰਾਤ ਨੂੰ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ, ਬਿਨਾਂ ਕਿਸੇ ਸਿੱਖ ਸੰਪਰਦਾ ਜਾਂ ਜਥੇਬੰਦੀ ਦੀ ਰਾਇ ਲਏ ਬਗੈਰ ਇਕ ਅਜਿਹੀ ਜਗ੍ਹਾ 'ਤੇ ਜਥੇਦਾਰ ਥਾਪ ਦਿੱਤਾ ਗਿਆ ਸੀ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੱਕ ਨਹੀਂ ਸੀ | ਅਜਿਹੇ 'ਚ ਉਨ੍ਹਾਂ ਦਾ ਬਾਦਲ ਪਰਿਵਾਰ ਪ੍ਰਤੀ ਵਫ਼ਾਦਾਰੀ ਨਿਭਾਉਣਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਖੁਦ ਨੂੰ ਸੁਖਬੀਰ ਦਾ ਸਿਪਾਹੀ ਦੱਸਣਾ, ਇਨ੍ਹਾਂ ਮਹਾਨ ਸਿੱਖ ਸੰਸਥਾਵਾਂ ਦੇ ਸਿਆਸੀਕਰਨ ਦਾ ਜਿਉਂਦਾ-ਜਾਗਦਾ ਸਬੂਤ ਹੈ | ਬਲਤੇਜ ਪੰਨੂ ਨੇ ਜਥੇਦਾਰ ਵਲੋਂ ਜਾਰੀ ਕੀਤੀ ਗਈ ਫੋਰੈਂਸਿਕ ਰਿਪੋਰਟ 'ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਇਸ ਰਿਪੋਰਟ 'ਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਵੀਡੀਓ 'ਚ ਦਿਖਾਈ ਦੇ ਰਿਹਾ ਵਿਅਕਤੀ ਕੌਣ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਤੁਹਾਡੀ ਰਿਪੋਰਟ ਮੰਨ ਵੀ ਲਈਏ ਕਿ ਵੀਡੀਓ (ਏ.ਆਈ.) ਨਾਲ ਨਹੀਂ ਬਣੀ ਹੈ | ਪਰ ਰਿਪੋਰਟ ਇਹ ਦੱਸਣ 'ਚ ਪੂਰੀ ਤਰ੍ਹਾਂ ਨਾਕਾਮ ਹੈ ਕਿ ਵੀਡੀਓ 'ਚ ਅਸਲ 'ਚ ਕੌਣ ਹੈ | ਪੰਨੂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਨਤਾ ਸਾਹਮਣੇ ਕਰ ਕੇ ਰਹੇਗੀ | ਅਕਾਲੀ ਦਲ ਦੇ ਇਤਿਹਾਸ ਨੂੰ ਕਾਲੇ ਪੰਨਿਆਂ ਨਾਲ ਭਰਿਆ ਦੱਸਦਿਆਂ ਪੰਨੂ ਨੇ ਕਿਹਾ ਕਿ ਸਾਲ 2015 'ਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਚੋਰੀ ਹੋਈ, ਸਿੱਖਾਂ ਨੂੰ ਭੱਦੀ ਭਾਸ਼ਾ 'ਚ ਪੋਸਟਰ ਲਗਾ ਕੇ ਚੁਣੌਤੀ ਦਿੱਤੀ ਗਈ ਤੇ ਅਕਤੂਬਰ ਮਹੀਨੇ 'ਚ ਗੁਰੂ ਸਾਹਿਬ ਦੇ ਅੰਗ ਕੂੜੇ ਦੇ ਢੇਰਾਂ 'ਚ ਰੋਲੇ ਗਏ | ਉਸ ਸਮੇਂ ਪੰਥਕ ਮੁਖੌਟਾ ਪਹਿਨ ਕੇ ਵਾਰ-ਵਾਰ ਸਰਕਾਰ ਬਣਾਉਣ ਵਾਲੇ ਸੁਖਬੀਰ ਤੇ ਉਨ੍ਹਾਂ ਦੇ ਲੋਕ ਸੁੱਤੇ ਰਹੇ | ਉਨ੍ਹਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਦਬਾਇਆ, ਗਵਾਹਾਂ ਨੂੰ ਪੁਲਿਸ ਨੌਕਰੀਆਂ ਦੇ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਧਾਨ ਸਭਾ ਦੇ ਬਾਹਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਇਕ-ਦੋ ਰੁਪਏ 'ਚ ਰੱਦੀ ਦੇ ਭਾਅ ਵੇਚਿਆ | ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਸਬੂਤ ਮਿਟਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਅੱਜ ਸੁਖਬੀਰ, ਸੁਮੇਧ ਸੈਣੀ ਅਤੇ ਉਮਰਾਨੰਗਲ ਵਰਗੇ ਲੋਕ ਅਦਾਲਤ ਤੋਂ ਜ਼ਮਾਨਤ 'ਤੇ ਬਾਹਰ ਘੁੰਮ ਰਹੇ ਹਨ | ਇਨ੍ਹਾਂ ਨੂੰ ਡਰ ਹੈ ਕਿ ਬਹਿਬਲ ਕਲਾਂ ਦੀ ਜਾਂਚ ਵੀ ਜਲਦੀ ਹੀ ਇਨ੍ਹਾਂ ਦੇ ਗਲੇ ਦੀ ਫ਼ਾਹੀ ਬਣਨ ਵਾਲੀ ਹੈ | ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ ਨੂੰ ਸਭ ਤੋਂ ਵੱਡੀ ਤਕਲੀਫ਼ ਇਸ ਗੱਲ ਦੀ ਹੈ ਕਿ ਜਿਸ ਭਗਵੰਤ ਮਾਨ ਨੂੰ ਉਹ ਹਮੇਸ਼ਾ ਬਦਨਾਮ ਕਰਦੇ ਸਨ, ਉਸੇ ਮਾਨ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ 'ਸਤਿਕਾਰ ਐਕਟ' 'ਚ ਇਤਿਹਾਸਕ ਸੋਧ ਕਰ ਕੇ ਸਖ਼ਤ ਕਾਨੂੰਨ ਲਾਗੂ ਕਰ ਦਿੱਤਾ ਹੈ | ਹੁਣ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਭੁਗਤਣੀ ਪਵੇਗੀ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਦਾ ਅਧਿਕਾਰ ਐਕਟ ਲਾਗੂ ਨਾ ਕਰਨ 'ਤੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਤੇ ਕੇਂਦਰ ਨੂੰ ਨੋਟਿਸ ਅਗਲੀ ਖ਼ਬਰ ਮੁੱਖ ਮੰਤਰੀ ਨੈਤਿਕਤਾ ਦੇ ਆਧਾਰ 'ਤੇ ਤੁਰੰਤ ਅਸਤੀਫ਼ਾ ਦੇਣ-ਧਾਮੀ
Ad Position 24