ਵਾਸ਼ਿੰਗਟਨ/ਇਸਲਾਮਾਬਾਦ, 20 ਜੂਨ (ਪੀ. ਟੀ. ਆਈ.)-ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਕਿ ਈਰਾਨ ਨਾਲ ਸ਼ਾਂਤੀ ਗੱਲਬਾਤ ਪਟੜੀ ‘ਤੇ ਹੈ ਅਤੇ ਵਾਰਤਾਕਾਰ ਸਟੀਵ ਵਿਟਕੌਫ ਅਤੇ ਜੈਰੇਡ ਕੁਸ਼ਨਰ ਸਵਿਟਜ਼ਰਲੈਂਡ ਵਿਚ ਮੌਜੂਦ ਹਨ। ਵੈਂਸ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਅਗਲੇ ਕੁਝ ਦਿਨਾਂ ਵਿਚ ਗੱਲਬਾਤ ‘ਚ ਸ਼ਾਮਿਲ ਹੋਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਈਰਾਨੀ ਸਰਕਾਰ, ਕਤਰ ਅਤੇ ਪਾਕਿਸਤਾਨ ਦੇ ਕੂਟਨੀਤਿਕਾਂ ਦੇ ਆਉਣ ‘ਤੇ ਗੱਲਬਾਤ ਦੀ ਯੋਜਨਾ ਬਣਾਵਾਂਗੇ। ਪਾਕਿਸਤਾਨ, ਜੋ ਕਿ ਪੱਛਮੀ ਏਸ਼ੀਆ ਵਿਚ ਸ਼ਾਂਤੀ ਬਹਾਲ ਕਰਨ ਦੇ ਉਦੇਸ਼ ਨਾਲ ਗੱਲਬਾਤ ਵਿਚ ਮੁੱਖ ਵਿਚੋਲਾ ਹੈ, ਨੇ ਇਹ ਵੀ ਕਿਹਾ ਕਿ ਤਕਨੀਕੀ ਪੱਧਰ ਦੀ ਗੱਲਬਾਤ ਐਤਵਾਰ ਨੂੰ ਬਰਗੇਨਸਟੌਕ ਐਲਪਾਈਨ ਰਿਜ ਵਿਚ ਸ਼ੁਰੂ ਹੋਵੇਗੀ। ਇਸਲਾਮਾਬਾਦ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਕਤਰ ਦੇ ਵਿਚੋਲੇ ਵੀ ਗੱਲਬਾਤ ‘ਚ ਸ਼ਾਮਿਲ ਹੋਣਗੇ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਸਮਝੌਤਾ ਪੱਤਰ ‘ਤੇ ਹਸਤਾਖ਼ਰ ਕੀਤੇ ਸਨ, ਜਿਸ ਨੇ 60 ਦਿਨਾਂ ਲਈ ਗੱਲਬਾਤ ਦੀ ਸ਼ੁਰੂਆਤ ਕੀਤੀ ਸੀ।ਗੱਲਬਾਤ ਦੇ ਤਕਨੀਕੀ ਪਹਿਲੂ ਸ਼ੁੱਕਰਵਾਰ (19 ਜੂਨ) ਤੋਂ ਸ਼ੁਰੂ ਹੋਣੇ ਸਨ ਪਰ ਇਜ਼ਰਾਈਲ ਵਲੋਂ ਲਿਬਨਾਨ ‘ਤੇ ਬੰਬਾਰੀ ਕਾਰਨ ਈਰਾਨ ਨੇ ਗੱਲਬਾਤ ਰੱਦ ਕਰ ਦਿੱਤੀ ਸੀ।