ਤਹਿਰਾਨ, 20 ਜੂਨ (ਯੂ. ਐਨ. ਆਈ.)-ਈਰਾਨ ਨੇ ਸਨਿਚਰਵਾਰ ਨੂੰ ਕਿਹਾ ਕਿ ਉਸ ਨੇ ‘ਸਟ੍ਰੇਟ ਆਫ਼ ਹੋਰਮੁਜ਼’ ਨੂੰ ਜਹਾਜ਼ਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਹੈ, ਜੋ ਕਿ ਦੁਨੀਆ ਭਰ ‘ਚ ਊਰਜਾ ਦੀ ਸਪਲਾਈ ਲਈ ਇਕ ਪ੍ਰਮੁੱਖ ਤੰਗ ਸਮੁੰਦਰੀ ਰਸਤਾ ਹੈ।ਈਰਾਨ ਨੇ ਇਹ ਕਦਮ ਦੱਖਣੀ ਲਿਬਨਾਨ ਵਿਚ ਭਾਰੀ ਇਜ਼ਰਾਈਲੀ ਬੰਬਾਰੀ ਦੇ ਰੋਸ ਵਜੋਂ ਉਠਾਇਆ ਹੈ, ਜਿਥੇ 47 ਤੋਂ ਵੱਧ ਮੌਤਾਂ ਹੋ ਜਾਣ ਦੀ ਖ਼ਬਰ ਹੈ, ਜਦੋਂਕਿ ਲਿਬਨਾਨ ‘ਚ ਹੁਣ ਤੱਕ 4000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।ਈਰਾਨ ਦੀ ਕੇਂਦਰੀ ਫ਼ੌਜੀ ਕਮਾਂਡ (ਖਤਮ-ਅਲ-ਅੰਬੀਆ) ਨੇ ਹੋਰਮੁਜ਼ ਜਲਮਾਰਗ ਨੂੰ ਸਾਰੇ ਸਮੁੰਦਰੀ ਆਵਾਜਾਈ ਲਈ ਬੰਦ ਕਰਨ ਦਾ ਐਲਾਨ ਕੀਤਾ ਅਤੇ ਦੋਸ਼ ਲਗਾਇਆ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਤਹਿਰਾਨ ਤੇ ਵਾਸ਼ਿੰਗਟਨ ਵਿਚਕਾਰ ਸਮਝੌਤਿਆਂ ਦੀ ਵਾਰ-ਵਾਰ ਉਲੰਘਣਾ ਕੀਤੀ ਹੈ,ਜਿਸ ਕਾਰਨ ਹੋਰਮੁਜ਼ ਜਲਮਾਰਗ ਨੂੰ ਜਹਾਜ਼ਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਕਦਮ ਦੁਸ਼ਮਣ ਦੇ ਵਾਅਦੇ ਦੀ ਉਲੰਘਣਾ ਦਾ ਜਵਾਬ ਹੈ ਅਤੇ ਜੇਕਰ ਹਮਲਾ ਜਾਰੀ ਰਹਿੰਦੇ ਹਨ ਤਾਂ ਦੁਸ਼ਮਣ ਨੂੰ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਮਜਬੂਰ ਕਰਨ ਲਈ ਹੋਰ ਕਦਮਾਂ ਦੀ ਯੋਜਨਾ ਬਣਾਈ ਜਾਵੇਗੀ ਅਤੇ ਚੁੱਕੇ ਜਾਣਗੇ।ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਹਿਜ਼ਬੁੱਲਾ ਨੇ ਦੱਖਣੀ ਲਿਬਨਾਨ ਵਿਚ ਕੰਮ ਕਰ ਰਹੀਆਂ ਇਜ਼ਰਾਈਲੀ ਫ਼ੌਜਾਂ ਵੱਲ ਰਾਤ ਭਰ 50 ਤੋਂ ਵੱਧ ਪ੍ਰੋਜੈਕਟਾਈਲ ਦਾਗੇ, ਜਦੋਂਕਿ ਹਿਜ਼ਬੁੱਲਾ ਨੇ ਕਿਹਾ ਕਿ ਉਹ ਜੰਗਬੰਦੀ ਪ੍ਰਤੀ ਵਚਨਬੱਧ ਹੈ ਪਰ ਨਾਲ ਹੀ ਚਿਤਾਵਨੀ ਦਿੱਤੀ ਕਿ ਉਹ ਦੱਖਣੀ ਲਿਬਨਾਨ ਵਿਚ ਖੇਤਰ ਨੂੰ ਅੱਗੇ ਵਧਾਉਣ ਜਾਂ ਕਬਜ਼ਾ ਕਰਨ ਦੀ ਕਿਸੇ ਵੀ ਇਜ਼ਰਾਈਲੀ ਕੋਸ਼ਿਸ਼ ਦਾ ਜਵਾਬ ਦੇਵੇਗਾ।