ਨਵੀਂ ਦਿੱਲੀ, 25 ਜੂਨ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਨਕਲੀ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ । ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਟੀਕਿਆਂ, ਐਂਟੀਬਾਇਓਟਿਕ ਦਵਾਈਆਂ ਅਤੇ ਕੈਂਸਰ ਦੀਆਂ ਦਵਾਈਆਂ ‘ਤੇ ਕਿਯੂ.ਆਰ. ਕੋਡ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ । ਬਦਲੇ ਹੋਏ ਨਿਯਮਾਂ ਤਹਿਤ ਜ਼ਰੂਰੀ ਦਵਾਈਆਂ ‘ਤੇ ਕਿਯੂ.ਆਰ. ਕੋਡ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤਾਂ ਜੋ ਦਵਾਈ ਕਿੱਥੇ ਬਣੀ ਅਤੇ ਕਿਵੇਂ ਬਣੀ, ਸਭ ਕੁਝ ਇਕ ਕਲਿੱਕ ਵਿਚ ਜਾਣਿਆ ਜਾ ਸਕੇਗਾ । ਕੇਂਦਰੀ ਸਿਹਤ ਮੰਤਰਾਲੇ ਨੇ ਇਸ ਲਈ ਡਰੱਗਜ਼ ਰੂਲਜ਼ 1945 ਵਿਚ ਸੋਧ ਕੀਤੀ ਹੈ । ਪਹਿਲਾਂ ਇਹ ਨਿਯਮ ਸਿਰਫ਼ 300 ਦਵਾਈਆਂ ’ਤੇ ਲਾਗੂ ਸੀ ਪਰ ਹੁਣ ਇਸ ਦਾ ਦਾਇਰਾ ਵਧਾ ਕੇ ਇਸ ਵਿਚ ਐਨ. ਡੀ. ਪੀ. ਐੱਸ. ਐਕਟ ਦੇ ਅਧੀਨ ਆਉਣ ਵਾਲੀਆਂ ਸਾਰੀਆਂ ਟੀਕਿਆਂ, ਐਂਟੀਬਾਇਓਟਿਕਸ , ਨਸ਼ੀਲੇ ਪਦਾਰਥਾਂ ਅਤੇ ਮਨੋਵਿਗਿਆਨਕ ਦਵਾਈਆਂ ਅਤੇ ਸਾਰੀਆਂ ਕੈਂਸਰ ਦਵਾਈਆਂ ਨੂੰ ਸ਼ਾਮਿਲ ਕੀਤਾ ਗਿਆ ਹੈ । ਇਹ ਨਿਯਮ 1 ਜੁਲਾਈ, 2027 ਤੋਂ ਟੀਕਿਆਂ, ਨਸ਼ੀਲੇ ਪਦਾਰਥਾਂ ਅਤੇ ਕੈਂਸਰ ਦੀਆਂ ਦਵਾਈਆਂ ‘ਤੇ ਲਾਗੂ ਹੋਣਗੇ। ਐਂਟੀਬਾਇਓਟਿਕਸ ਲਈ ਇਹ ਨਿਯਮ 1 ਜੁਲਾਈ, 2028 ਤੋਂ ਲਾਗੂ ਹੋਣਗੇ ।