02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਬਿਜਲੀ ਨਿਗਮ ਮਹਿੰਗੇ ਬਿਜਲੀ ਬਿੱਲਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਲਵੇਗਾ ਸਪੀਡ ਪੋਸਟ ਦਾ ਸਹਾਰਾ

Ad Position 21
No active advertisement
ਅਜੀਤ ਡੈਸਕ 26-06-2026

ਪਟਿਆਲਾ, 25 ਜੂਨ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਵਲੋਂ ਸੂਬੇ ਭਰ ਵਿਚ ਬਿਲਿੰਗ ਅਤੇ ਮੀਟਰ ਰੀਡਿੰਗ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਅਹਿਮ ਫੈਸਲਾ ਲੈਂਦਿਆਂ ਪੱਤਰ ਜਾਰੀ ਕਰਦਿਆਂ ਦੱਸਿਆ ਹੈ ਕਿ ਪੰਜ ਹਜਾਰ ਰੁਪਏ ਤੋਂ ਉਪਰ ਦੇ ਬਿਜਲੀ ਬਿੱਲ ਸਪੀਡ ਪੋਸਟ ਜਦੋਂ ਕਿ ਇਕ ਤੋਂ ਪੰਜ ਹਜਾਰ ਰੁਪਏ ਤੱਕ ਦੇ ਬਿਜਲੀ ਬਿੱਲ ਸੰਬੰਧਤ ਸਬ ਡਵੀਜਨਾਂ ਵਲੋਂ ਵੰਡੇ ਜਾਣਗੇ ਅਤੇ ਇਸ ਉਤੇ ਆਉਣ ਵਾਲਾ ਖਰਚਾ ਵੀ ਸਬ ਡਵੀਜਨ ਦੇ ਸੰਕਟ ਕਾਲੀਨ ਬਜਟ ਵਿਚੋਂ ਕੀਤਾ ਜਾਵੇਗਾ। ਇਹ ਫੈਸਲਾ ਬਿਜਲੀ ਨਿਗਮ ਦੇ ਸੀ.ਐਮ.ਡੀ. ਡਾ. ਬਸੰਤ ਗਰਗ ਵਲੋਂ ਲੰਬੇ ਸਮੇਂ ਤੋਂ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਆ ਰਹੀਆਂ ਬਿਜਲੀ ਬਿੱਲਾਂ ਅਤੇ ਮੀਟਰ ਰੀਡਿੰਗ ਸੰਬੰਧੀ ਸਮੱਸਿਆਵਾਂ ਦੇ ਮੱਦੇਨਜਰ ਲਿਆ ਗਿਆ ਹੈ ਕਿਉਂਕਿ ਬਿਜਲੀ ਨਿਗਮ ਦੇ ਤਕਨੀਕੀ ਵਿਭਾਗ ਤੋਂ ਨਵੇਂ ਬਿਜਲੀ ਮੀਟਰਿੰਗ ਸਾਫਟਵੇਅਰ ਅਤੇ ਸੈਪ ਕਾਰਨ ਪਏ ਪੰਗਿਆਂ ਦਾ ਲੰਬੇ ਸਮੇਂ ਤੋਂ ਹੱਲ ਨਹੀਂ ਨਿਕਲ ਰਿਹਾ ਅਤੇ ਨਾ ਹੀ ਲੋਕਾਂ ਦੇ ਬਿਜਲੀ ਬਿੱਲ ਬਣ ਰਹੇ ਹਨ। ਖਪਤਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਪਰੋਕਤ ਹਾਲਾਤ ਕਾਰਨ ਸੂਬੇ ਦੇ ਬਿਜਲੀ ਨਿਗਮ ਉਤੇ ਵਿੱਤੀ ਸੰਕਟ ਛਾਇਆ ਪਿਆ ਹੈ ਕਿਉਂਕਿ ਬਿਜਲੀ ਨਿਗਮ ਨੂੰ ਰੋਜਾਨਾ ਬਿਜਲੀ ਖਰੀਦਣੀ ਪੈਂਦੀ ਹੈ ਅਤੇ ਬਿਜਲੀ ਬਿੱਲਾਂ ਤੋਂ ਹੋਣ ਵਾਲੀ ਭਰਪਾਈ ਬਿਜਲੀ ਬਿੱਲ ਨਾ ਆਉਣ ਕਾਰਨ ਬਹੁਤ ਥੋੜ੍ਹੀ ਰਹਿ ਗਈ ਹੈ। ਡਾ. ਬਸੰਤ ਗਰਗ ਨੇ ਦੱਸਿਆ ਕਿ ਵਿੱਤੀ ਸੰਕਟ ਆਉਣ ਕਾਰਨ ਅਤੇ ਜਿਹੜੇ ਸਮਾਰਟ ਮੀਟਰ ਲਗਾਏ ਗਏ ਸਨ, ਉਨ੍ਹਾਂ ’ਤੇ ਲੋਕਾਂ ਦੇ ਮੋਬਾਈਲ ਨੰਬਰ ਤੇ ਈ.ਮੇਲ ਅਪਡੇਟ ਨਹੀਂ ਕੀਤੇ ਗਏ ਸਨ, ਜਿਸ ਤੋਂ ਬਾਅਦ ਵਿਭਾਗ ਵਲੋਂ ਖਪਤਕਾਰਾਂ ਲਈ ਇਕ ਐਪ ਬਣਾਈ ਗਈ, ਜਿਸ ਦੁਆਰਾ ਖਪਤਕਾਰ ਕਿਊ.ਆਰ. ਕੋਡ ਸਕੈਨ ਕਰਕੇ ਤੇ ਆਪਣਾ ਈ.ਮੇਲ ਤੇ ਮੋਬਾਈਲ ਨੰਬਰ ਭਰ ਕੇ ਆਪਣੇ ਖਾਤੇ ’ਤੇ ਬਿਜਲੀ ਬਿੱਲ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਸਕਣਗੇ। ਇਸ ਸਬੰਧੀ ਬਿਜਲੀ ਨਿਗਮ ਵਲੋਂ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਅਖਬਾਰਾਂ ’ਚ ਵੱਡੇ ਇਸ਼ਤਿਹਾਰਾਂ ਰਾਹੀਂ ਜਾਣੂ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਲੰਘੇ ਕੁਝ ਮਹੀਨਿਆਂ ਤੋਂ ਮੀਟਰ ਰੀਡਰਾਂ ਵਲੋਂ ਹੜਤਾਲ ਕੀਤੀ ਗਈ ਹੈ ਜਿਸ ਕਾਰਨ ਬਿਲਿੰਗ ਅਤੇ ਮੀਟਰ ਰੀਡਿੰਗ ਸੇਵਾਵਾਂ ਪ੍ਰਭਾਵਿਤ ਹੋਣ ਦੇ ਨਾਲ ਨਾਲ ਨਾ ਸੂਬੇ ਦੇ ਬਿਜਲੀ ਖਪਤਕਾਰਾਂ ਦੇ ਬਿਜਲੀ ਮੀਟਰਾਂ ਦੀ ਰੀਡਿੰਗ ਨੋਟ ਕੀਤੀ ਜਾ ਰਹੀ ਹੈ ਅਤੇ ਨਾ ਹੀ ਬਿਜਲੀ ਬਿੱਲ ਜਾਰੀ ਹੋ ਰਹੇ ਹਨ। ਇਹੋ ਕਾਰਨ ਹੈ ਕਿ ਬਿਜਲੀ ਨਿਗਮ ਨੂੰ ਸੂਬੇ ਭਰ ਵਿਚ 10 ਲੱਖ ਤੋਂ ਉਪਰ ਖਪਤਕਾਰਾਂ ਨੂੰ (ਐੱਨ ਕੋਡ) ਅਸਥਾਈ ਬਿੱਲ ਜਾਰੀ ਕਰਨੇ ਪਏ ਹਨ। ਇਹ ਅੰਦਾਜ਼ਨ ਬਿੱਲ ਉਹ ਹਨ ਜੋ ਕਿ ਅਸਲ ਮੀਟਰ ਰੀਡਿੰਗ ਉਪਲੱਬਧ ਨਾ ਹੋਣ ਦੀ ਸਥਿਤੀ ਵਿਚ ਤਿਆਰ ਅਤੇ ਜਾਰੀ ਕੀਤੇ ਜਾਂਦੇ ਹਨ। ਇਸ ਅਨੁਸਾਰ ਕਿਸੇ ਖਪਤਕਾਰ ਦੇ ਲੰਘੇ ਸਾਲ ਦੇ ਜੂਨ ਮਹੀਨੇ ਦਾ ਜਿੰਨਾ ਬਿੱਲ ਆਇਆ ਸੀ ਤਾਂ ਅਸਲ ਰੀਡਿੰਗ ਆਉਣ ਤੱਕ ਇਸ ਵਾਰੀ ਵੀ ਉਨੀ ਹੀ ਰਾਸ਼ੀ ਦਾ ਬਿੱਲ ਵਸੂਲ ਕੀਤਾ ਜਾਵੇਗਾ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 90 ਹਜਾਰ ਸਮਾਰਟ ਮੀਟਰ ਉਪਭੋਗਤਾਵਾਂ ਨੂੰ ਵੱਖ ਵੱਖ ਸਮੱਸਿਆਵਾਂ ਨਾਲ ਪ੍ਰੇਸ਼ਾਨ ਹੋਣ ਕਾਰਨ ਬਿਜਲੀ ਬਿੱਲਾਂ ਦੀ ਗੜਬੜੀ ਦਾ ਖਮਿਆਜਾ ਭੁਗਤਣਾ ਪਿਆ ਹੈ ਜਦੋਂ ਕਿ ਦੂਜੇ ਪਾਸੇ ਸੂਬੇ ਦੇ ਸਾਢੇ 9 ਲੱਖ ਦੇ ਕਰੀਬ ਖਪਤਕਾਰਾਂ ਦੇ ਬਿੱਲਾਂ ਦੀ ਖਪਤ ਦਾ ਅੰਕੜਾ ਨਾ ਹੋਣ ਕਾਰਨ (ਐਨ ਕੋਡ) ਦੇ ਬਿੱਲ ਜਾਰੀ ਕੀਤੇ ਗਏ ਹਨ। ਬੇਸ਼ੱਕ ਬਿਜਲੀ ਨਿਗਮ ਦੇ ਅਧਿਕਾਰੀਆਂ ਵਲੋਂ ਇਹ ਸਾਫ ਕੀਤਾ ਗਿਆ ਹੈ ਕਿ ਫਿਲਹਾਲ ਵਿਭਾਗ ਵਲੋਂ ਅਸਥਾਈ ਬਿੱਲ ਜਾਰੀ ਕੀਤੇ ਗਏ ਹਨ ਅਤੇ ਮੀਟਰ ਰੀਡਿੰਗ ਦੀ ਸਮੱਸਿਆ ਦਾ ਹੱਲ ਨਿਕਲਣ ’ਤੇ ਬਿਜਲੀ ਬਿੱਲਾਂ ਵਿਚ ਤੁਰੰਤ ਸੋਧ ਕਰ ਦਿੱਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਵੈਕਸੀਨ, ਐਂਟੀਬਾਇਓਟਿਕਸ ਤੇ ਕੈਂਸਰ ਦੀਆਂ ਦਵਾਈਆਂ ’ਤੇ ਲਾਜ਼ਮੀ ਹੋਏਗਾ ‘ਕਿਊ.ਆਰ.’ ਕੋਡ ਅਗਲੀ ਖ਼ਬਰ ਅਕਾਲ ਤਖ਼ਤ ਸਕੱਤਰੇਤ ਵਲੋਂ ਸਿੱਖ ਮੰਤਰੀਆਂ, ਵਿਧਾਇਕਾਂ ਤੇ ਸਪੀਕਰ ਨੂੰ 29 ਨੂੰ ਆਪਣਾ ਪੱਖ ਰੱਖਣ ਲਈ ਤਲਬ ਹੋਣ ਸੰਬੰਧੀ ਲਿਖ...
Ad Position 24
No active advertisement