ਅੰਮ੍ਰਿਤਸਰ, 25 ਜੂਨ (ਜਸਵੰਤ ਸਿੰਘ ਜੱਸ)-ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ -2026 ਪ੍ਰਤੀ ਪ੍ਰਗਟਾਏ ਇਤਰਾਜ਼ਾਂ ਦੇ ਸੰਬੰਧ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ 15 ਜੂਨ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੱਡ ਕੇ ਪੰਜਾਬ ਵਜ਼ਾਰਤ ਦੇ 87 ਸਿੱਖ ਮੰਤਰੀਆਂ ਅਤੇ ਸਿੱਖ ਵਿਧਾਇਕਾਂ ਨੂੰ ਆਪਣਾ ਪੱਖ ਰੱਖਣ ਲਈ ਤਲਬ ਹੋਣ ਸੰਬੰਧੀ ਜਾਰੀ ਆਦੇਸ਼ਾਂ ਤੋਂ ਬਾਅਦ ਉਕਤ 92 ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਤੇ ਆਜ਼ਾਦ ਸਿੱਖ ਵਿਧਾਇਕਾਂ, ਮੰਤਰੀਆਂ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪਿਛਲੇ ਦਿਨੀਂ ਜਾਰੀ ਕੀਤੇ ਹਦਾਇਤ ਪੱਤਰਾਂ ਨੂੰ ਜਨਤਕ ਕਰਦਿਆਂ ਉਨ੍ਹਾਂ ਨੂੰ 29 ਜੂਨ ਨੂੰ ਸਵੇਰੇ 11 ਵਜੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ। ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਵਲੋਂ 17 ਜੂਨ ਨੂੰ ਲਿਖੇ ਅਤੇ ਅੱਜ ਜਨਤਕ ਕੀਤੇ ਉਕਤ ਪੱਤਰਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੀ ਕੈਬਨਿਟ ਵਲੋਂ ਮਿਤੀ 11 ਅਪ੍ਰੈਲ, 2026 ਨੂੰ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ਨੂੰ ਦੋ ਦਿਨ ਬਾਅਦ ਹੀ ਪੰਜਾਬ ਵਿਧਾਨ ਸਭਾ ਵਲੋਂ 13 ਅਪ੍ਰੈਲ ਨੂੰ ਕੇਂਦਰੀ ਸਿੱਖ ਸੰਸਥਾਵਾਂ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨਾਲ ਰਾਇ ਅਤੇ ਸਹਿਮਤੀ ਤੋਂ ਬਿਨਾਂ ਪਾਸ ਕਰ ਦਿੱਤਾ ਗਿਆ। ਇਸ ਕਾਨੂੰਨੀ ਸੋਧ ਕਾਰਨ ਸਿੱਖ ਸੰਗਤ ਅੰਦਰ ਭਾਰੀ ਰੋਸ ਅਤੇ ਆਪਸੀ ਖਾਨਾਜੰਗੀ ਵਾਲਾ ਮਾਹੌਲ ਪੈਦਾ ਹੋਇਆ ਹੈ। ਸਿੱਖਾਂ ਵਲੋਂ ਕਾਨੂੰਨ ਸੰਬੰਧੀ ਪੁੱਜੇ ਖਦਸ਼ਿਆਂ ਤੇ ਇਤਰਾਜ਼ਾਂ ਦਾ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮਿਤੀ 15 ਜੂਨ, 2026 ਦੌਰਾਨ ਗੰਭੀਰਤਾ ਨਾਲ ਵਿਚਾਰਿਆ ਗਿਆ। ਖ਼ਾਲਸਾ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਪ੍ਰਵਾਨ ਹੋਏ ਮਤਾ ਨੰਬਰ 01 ਦੀ ਰੋਸ਼ਨੀ ਵਿਚ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਉਕਤ ਮਾਮਲੇ ਵਿਚ ਬਤੌਰ ਸਿੱਖ ਆਪਣਾ ਪੱਖ ਰੱਖਣ ਅਤੇ ਵਿਚਾਰ ਲਈ 29 ਜੂਨ ਨੂੰ ਸਵੇਰੇ 11 ਵਜੇ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣਾ ਹੈ।
ਮੁੱਖ ਮੰਤਰੀ ਨੂੰ ਛੱਡ ਕੇ 9 ਸਿੱਖ ਮੰਤਰੀਆਂ ਨੂੰ ਪੇਸ਼ ਹੋਣ ਦੀ ਹਦਾਇਤ
ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੱਡ ਕੇ ਜਿਨ੍ਹਾਂ 9 ਸੂਬਾਈ ਸਿੱਖ ਮੰਤਰੀਆਂ ਨੂੰ ਉਕਤ ਮਾਮਲੇ ਵਿਚ ‘ਬਤੌਰ ਸਿੱਖ’ ਆਪਣਾ ਪੱਖ ਰੱਖਣ ਅਤੇ ਵਿਚਾਰ ਲਈ ਸਕੱਤਰੇਤ ਵਿਖੇ ਪੁੱਜਣ ਲਈ ਪੱਤਰ ਲਿਖੇ ਗਏ ਹਨ, ਉਨ੍ਹਾਂ ਵਿਚ ਹਰਪਾਲ ਸਿੰਘ ਚੀਮਾ ਦਿੜ੍ਹਬਾ, ਬੀਬੀ ਬਲਜੀਤ ਕੌਰ ਮਲੋਟ, ਹਰਭਜਨ ਸਿੰਘ ਈ. ਟੀ. ਓ. ਜੰਡਿਆਲਾ ਗੁਰੂ, ਹਰਜੋਤ ਸਿੰਘ ਬੈਂਸ ਸ੍ਰੀ ਅਨੰਦਪੁਰ ਸਾਹਿਬ, ਤਰਨਪ੍ਰੀਤ ਸਿੰਘ ਸੌਂਦ ਖੰਨਾ, ਗੁਰਮੀਤ ਸਿੰਘ ਖੁੱਡੀਆਂ ਲੰਬੀ, ਰਵਜੋਤ ਸਿੰਘ ਸ਼ਾਮਚੁਰਾਸੀ, ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ, ਹਰਦੀਪ ਸਿੰਘ ਸਾਹਨੇਵਾਲ ਸ਼ਾਮਿਲ ਹਨ, ਜਦੋਂਕਿ ਜਿਹੜੇ ਪੰਜ ਗ਼ੈਰ-ਸਿੱਖ ਸੂਬਾਈ ਮੰਤਰੀਆਂ ਤੋਂ 29 ਜੂਨ ਤੱਕ ਇਸ ਮਾਮਲੇ ਸੰਬੰਧੀ ਲਿਖਤੀ ਸਪੱਸ਼ਟੀਕਰਨ ਮੰਗਿਆ ਗਿਆ ਹੈ, ਉਨ੍ਹਾਂ ਵਿਚ ਸੰਜੀਵ ਅਰੋੜਾ ਲੁਧਿਆਣਾ ਪੱਛਮੀ, ਅਮਨ ਅਰੋੜਾ ਸੁਨਾਮ, ਵਰਿੰਦਰ ਕੁਮਾਰ ਗੋਇਲ ਲਹਿਰਾਗਾਗਾ, ਲਾਲ ਚੰਦ ਕਟਾਰੂਚੱਕ ਭੋਆ ਤੇ ਮਹਿੰਦਰ ਭਗਤ ਜਲੰਧਰ ਪੱਛਮੀ, ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਅਕਾਲ ਤਖ਼ਤ ਸਕੱਰਤੇਤ ਵਲੋਂ ਮੁੜ ਵੱਖਰਾ ਪੱਤਰ ਲਿਖ ਕੇ 29 ਜੂਨ ਨੂੰ ਬਤੌਰ ਸਿੱਖ ਪੱਖ ਰੱਖਣ ਤੇ ਵਿਚਾਰ ਲਈ ਪੇਸ਼ ਹੋਣ ਦੀ ਤਾਕੀਦ ਕੀਤੀ ਗਈ ਹੈ।
ਤਲਬ ਕੀਤੇ ਗਏ 77 ਸਿੱਖ ਵਿਧਾਇਕਾਂ ਦੇ ਨਾਂਅ
ਇਸੇ ਦੌਰਾਨ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਲੋਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਜਿਨ੍ਹਾਂ 77 ਸਿੱਖ ਵਿਧਾਇਕਾਂ ਨੂੰ ਬਤੌਰ ਸਿੱਖ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ, ਉਨ੍ਹਾਂ ਵਿਚ ਵਿਧਾਇਕ ਵਿਕਰਮਜੀਤ ਸਿੰਘ ਫਿਲੌਰ, ਬੀਬੀ ਇੰਦਰਜੀਤ ਕੌਰ ਨਕੋਦਰ, ਹਰਦੇਵ ਸਿੰਘ ਸ਼ਾਹਕੋਟ, ਬਲਕਾਰ ਸਿੰਘ ਕਰਤਾਰਪੁਰ, ਅਵਤਾਰ ਸਿੰਘ ਜਲੰਧਰ ਉੱਤਰੀ, ਪ੍ਰਗਟ ਸਿੰਘ ਜਲੰਧਰ ਕੈਂਟ, ਸੁਖਵਿੰਦਰ ਸਿੰਘ ਆਦਮਪੁਰ, ਕਰਮਬੀਰ ਸਿੰਘ ਦਸੂਹਾ, ਜਸਵੀਰ ਸਿੰਘ ਉੜਮੁੜ ਟਾਂਡਾ, ਜੈ ਕ੍ਰਿਸ਼ਨ ਸਿੰਘ ਗੜਸ਼ੰਕਰ, ਚਰਨਜੀਤ ਸਿੰਘ ਸ੍ਰੀ ਚਮਕੌਰ ਸਾਹਿਬ, ਬੀਬੀ ਅਨਮੋਲ ਗਗਨ ਮਾਨ ਖਰੜ, ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੁਪਿੰਦਰ ਸਿੰਘ ਬੱਸੀ ਪਠਾਣਾ, ਲਖਬੀਰ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ, ਗੁਰਿੰਦਰ ਸਿੰਘ ਅਮਲੋਹ, ਜਗਤਾਰ ਸਿੰਘ ਸਮਰਾਲਾ, ਦਲਜੀਤ ਸਿੰਘ ਲੁਧਿਆਣਾ ਪੂਰਬੀ, ਬੀਬੀ ਰਜਿੰਦਰ ਪਾਲ ਕੌਰ ਲੁਧਿਆਣਾ ਦੱਖਣੀ, ਕੁਲਵੰਤ ਸਿੰਘ ਆਤਮ ਨਗਰ, ਜੀਵਨ ਸਿੰਘ ਗਿੱਲ, ਮਨਵਿੰਦਰ ਸਿੰਘ ਪਾਇਲ, ਮਨਪ੍ਰੀਤ ਸਿੰਘ ਇਆਲੀ ਦਾਖਾ, ਬੀਬੀ ਸਰਬਜੀਤ ਕੌਰ ਜਗਰਾਉਂ, ਮਨਜੀਤ ਸਿੰਘ ਨਿਹਾਲ ਸਿੰਘ ਵਾਲਾ, ਦਵਿੰਦਰਜੀਤ ਸਿੰਘ ਧਰਮਕੋਟ, ਰਣਬੀਰ ਸਿੰਘ ਫਿਰੋਜ਼ਪੁਰ ਕੈਂਟ, ਫੌਜਾ ਸਿੰਘ ਗੁਰੂ ਹਰਸਹਾਇ, ਨਰਿੰਦਰਪਾਲ ਸਿੰਘ ਫਾਜ਼ਿਲਕਾ, ਅਮਨਦੀਪ ਸਿੰਘ ਬੱਲੂਆਣਾ, ਹਰਦੀਪ ਸਿੰਘ ਗਿੱਦੜਬਾਹਾ, ਜਗਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ, ਗੁਰਦਿੱਤ ਸਿੰਘ ਫਰੀਦਕੋਟ, ਅਮੋਲਕ ਸਿੰਘ ਜੈਤੋ, ਬਲਕਾਰ ਸਿੰਘ ਰਾਮਪੁਰਾ ਫੂਲ, ਜਗਸੀਰ ਸਿੰਘ ਭੁੱਚੋ ਮੰਡੀ, ਜਗਰੂਪ ਸਿੰਘ ਬਠਿੰਡਾ ਸ਼ਹਿਰੀ ਤੇ ਬੀਬੀ ਬਲਜਿੰਦਰ ਕੌਰ ਤਲਵੰਡੀ ਸਾਬੋ, ਸੁਖਵੀਰ ਸਿੰਘ ਮੌੜ, ਗੁਰਪ੍ਰੀਤ ਸਿੰਘ ਸਰਦੂਲਗੜ੍ਹ, ਲਾਭ ਸਿੰਘ ਭਦੌੜ, ਕੁਲਦੀਪ ਸਿੰਘ ਬਰਨਾਲਾ, ਕੁਲਵੰਤ ਸਿੰਘ ਮਹਿਲ ਕਲਾਂ, ਜਸਵੰਤ ਸਿੰਘ ਅਮਰਗੜ੍ਹ, ਬੀਬੀ ਨਰਿੰਦਰ ਕੌਰ ਸੰਗਰੂਰ, ਗੁਰਦੇਵ ਸਿੰਘ ਨਾਭਾ, ਕੁਲਜੀਤ ਸਿੰਘ ਡੇਰਾ ਬੱਸੀ, ਗੁਰਲਾਲ ਸਿੰਘ ਘਨੌਰ, ਹਰਮੀਤ ਸਿੰਘ ਸਨੌਰ, ਅਜੀਤ ਪਾਲ ਸਿੰਘ ਪਟਿਆਲਾ, ਚੇਤਨ ਸਿੰਘ ਸਮਾਣਾ, ਕੁਲਵੰਤ ਸਿੰਘ ਸ਼ੁਤਰਾਨਾ ਬੀਬੀ ਅਮਨਦੀਪ ਕੌਰ ਮੋਗਾ, ਹਾਕਮ ਸਿੰਘ ਰਾਏਕੋਟ, ਅੰਮ੍ਰਿਤਪਾਲ ਸਿੰਘ ਬਾਘਾ ਪੁਰਾਣਾ ਤੇ ਜਗਦੀਪ ਸਿੰਘ ਜਲਾਲਾਬਾਦ, ਬਰਿੰਦਰਮੀਤ ਸਿੰਘ ਗੁਰਦਾਸਪੁਰ, ਪ੍ਰਤਾਪ ਸਿੰਘ ਬਾਜਵਾ ਕਾਦੀਆਂ, ਅਮਨਸ਼ੇਰ ਸਿੰਘ ਕਲਸੀ ਬਟਾਲਾ, ਅਮਰਪਾਲ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਫਤਿਹਗੜ੍ਹ ਚੂੜੀਆਂ, ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ, ਕੁਲਦੀਪ ਸਿੰਘ ਧਾਲੀਵਾਲ ਅਜਨਾਲਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਰਾਜਾਸਾਂਸੀ, ਬੀਬਾ ਗਨੀਵ ਕੌਰ ਮਜੀਠੀਆ ਮਜੀਠਾ, ਜਸਬੀਰ ਸਿੰਘ ਸੰਧੂ ਅੰਮ੍ਰਿਤਸਰ ਪੱਛਮੀ, ਬੀਬਾ ਜੀਵਨਜੋਤ ਕੌਰ ਅੰਮ੍ਰਿਤਸਰ ਪੂਰਬੀ, ਡਾ: ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਦੱਖਣੀ, ਜਸਵਿੰਦਰ ਸਿੰਘ ਰਮਦਾਸ ਅਟਾਰੀ, ਹਰਮੀਤ ਸਿੰਘ ਸੰਧੂ ਤਰਨ ਤਾਰਨ, ਸਰਵਨ ਸਿੰਘ ਖੇਮਕਰਨ, ਮਨਜਿੰਦਰ ਸਿੰਘ ਖਡੂਰ ਸਾਹਿਬ, ਦਲਬੀਰ ਸਿੰਘ ਟੌਂਗ ਬਾਬਾ ਬਕਾਲਾ ਸਾਹਿਬ, ਸੁਖਪਾਲ ਸਿੰਘ ਭੁੱਲਰ ਭੁਲੱਥ, ਰਾਣਾ ਗੁਰਜੀਤ ਸਿੰਘ ਸੋਢੀ ਕਪੂਰਥਲਾ, ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਅਤੇ ਬਲਵਿੰਦਰ ਸਿੰਘ ਫਗਵਾੜਾ ਵਿਧਾਇਕ ਸ਼ਾਮਿਲ ਹਨ। ਇਥੇ ਜ਼ਿਕਰਯੋਗ ਹੈ ਕਿ ਗ਼ੈਰ ਸਿੱਖ ਮੰਤਰੀਆਂ ਪਾਸੋਂ ਤਾਂ ਸਕੱਤਰੇਤ ਵਲੋਂ ਲਿਖਤੀ ਸਪੱਸ਼ਟੀਕਰਨ ਮੰਗਿਆ ਗਿਆ ਹੈ ਪਰ 25 ਗ਼ੈਰ-ਸਿੱਖ ਵਿਧਾਇਕਾਂ ਤੋਂ ਕੋਈ ਸਪੱਸ਼ਟੀਕਰਨ ਨਹੀਂ ਮੰਗਿਆ ਗਿਆ।
ਕਿਹੜੇ ਮੰਤਰੀ ਤੇ ਵਿਧਾਇਕ ਜਥੇਦਾਰ ਸਨਮੁਖ ਹੋਣਗੇ ਪੇਸ਼?
ਇਸੇ ਦੌਰਾਨ ਇਸ ਮਾਮਲੇ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਅਤੇ ਸਰਕਾਰ ਦਰਮਿਆਨ ਪੈਦਾ ਹੋਏ ਟਕਰਾਅ ਦੇ ਚੱਲਦਿਆਂ ਅਜੇ ਭਾਵੇਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਿੱਖ ਮੰਤਰੀਆਂ ਤੇ ਵਿਧਾਇਕਾਂ ਦੇ ਜਥੇਦਾਰ ਦੇ ਆਦੇਸ਼ ਅਨੁਸਾਰ 29 ਜੂਨ ਨੂੰ ਪੇਸ਼ ਹੋਣ ਜਾਂ ਨਾ ਹੋਣ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ ਪਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਆਜ਼ਾਦ ਵਿਧਾਇਕਾਂ ਵਲੋਂ ਜਥੇਦਾਰ ਸਨਮੁੱਖ ਸਕੱਤਰੇਤ ਵਿਖੇ ਪੇਸ਼ ਹੋਣ ਦੀ ਹਾਮੀ ਜ਼ਰੂਰ ਭਰੀ ਗਈ ਹੈ। ਬਤੌਰ ਸਿੱਖ ਸੱਦੇ ਗਏ ਸਿੱਖ ਮੰਤਰੀਆਂ ਤੇ ਵਿਧਾਇਕਾਂ ਵਿਚ ਕਿੰਨੇ ਸਾਬਤ ਸੂਰਤ ਤੇ ਕਿੰਨੇ ਪਤਿਤ ਸਿੱਖ ਹਨ? ਇਸ ਬਾਰੇ ਵੀ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਫ਼ਿਲਹਾਲ ਇਸ ਅਨੋਖੀ ਤਰ੍ਹਾਂ ਦੇ ਅਤੇ ਪੇਚੀਦਾ ਮਾਮਲੇ ਅਤੇ ਇਸ ਦੇ ਹੱਲ ਦੀਆਂ ਕਿਆਸ ਅਰਾਈਆਂ ਨੂੰ ਲੈ ਕੇ ਪੰਥਕ ਤੇ ਦੇਸ਼ ਵਿਦੇਸ਼ ਦੇ ਸਿਆਸੀ ਹਲਕਿਆਂ ਵਿਚ ਚਰਚਾ ਸਿਖਰਾਂ ‘ਤੇ ਹੈ ਅਤੇ ਸਭ ਦੀਆਂ ਨਜ਼ਰਾਂ 29 ਜੂਨ ‘ਤੇ ਟਿਕੀਆਂ ਹੋਈਆਂ ਹਨ। ਇਥੇ ਦੱਸਣਯੋਗ ਹੈ ਕਿ 15 ਜੂਨ ਨੂੰ ਜਿਥੇ ਪੰਜ ਸਿੰਘ ਸਾਹਿਬਾਨ ਵਲੋਂ ਸਤਿਕਾਰ ਸੋਧ ਐਕਟ ਸੰਬੰਧੀ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੂੰ 29 ਜੂਨ ਨੂੰ ਤਲਬ ਹੋਣ ਦਾ ਆਦੇਸ਼ ਕੀਤਾ ਗਿਆ, ਉਥੇ ਮੁੱਖ ਮੰਤਰੀ ਨੂੰ ਵੀਡੀਓ ਵਾਇਰਲ ਮਾਮਲੇ ਵਿਚ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਸੀ।
ਅਕਾਲ ਤਖ਼ਤ ਸਕੱਤਰੇਤ ਵਲੋਂ ਸਿੱਖ ਮੰਤਰੀਆਂ, ਵਿਧਾਇਕਾਂ ਤੇ ਸਪੀਕਰ ਨੂੰ 29 ਨੂੰ ਆਪਣਾ ਪੱਖ ਰੱਖਣ ਲਈ ਤਲਬ ਹੋਣ ਸੰਬੰਧੀ ਲਿਖੇ ਪੱਤਰ ਜਨਤਕ
ਅਜੀਤ ਡੈਸਕ
26-06-2026