02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੰਜਾਬ ਕਾਂਗਰਸ ਦੀ ਖਾਨਾਜੰਗੀ ਵਿਚਾਲੇ ਭੁਪੇਸ਼ ਬਘੇਲ ਅੱਜ ਚੰਡੀਗੜ੍ਹ ਆਉਣਗੇ

Ad Position 21
No active advertisement
ਅਜੀਤ ਡੈਸਕ 06-07-2026

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 5 ਜੁਲਾਈ- ਪੰਜਾਬ ਕਾਂਗਰਸ ਦੀ ਖਾਨਾਜੰਗੀ ਵਿਚਾਲੇ ਹਾਈਕਮਾਨ ਦੀ ਹਦਾਇਤ ’ਤੇ ਭੁਪੇਸ਼ ਭਗੇਲ ਭਲਕੇ ਚੰਡੀਗੜ੍ਹ ਆ ਰਹੇ ਹਨ । ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਵਿਦੇਸ਼ ਵਾਪਸੀ ਤੋਂ ਪਹਿਲਾਂ ਮੌਜੂਦਾ ਹਾਲਾਤ ਦੀ ਸਾਰੀ ਜਾਣਕਾਰੀ ਇਕੱਤਰ ਕਰਨ ਅਤੇ ਕਾਂਗਰਸ ਵਿਚ ਛਿੜੇ ਕਾਟੋ ਕਲੇਸ਼ ਨੂੰ ਲੈ ਕੇ ਸੀਨੀਅਰ ਕਾਂਗਰਸ ਲੀਡਰਸ਼ਿੱਪ ਨਾਲ ਮੁਲਾਕਾਤ ਲਈ ਬਘੇਲ ਨੂੰ ਚੰਡੀਗੜ੍ਹ ਭੇਜਿਆ ਜਾ ਰਿਹਾ ਹੈ । ਹਾਲਾਂਕਿ ਉਨ੍ਹਾਂ ਵਲੋਂ ਚੰਡੀਗੜ੍ਹ ਆਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਕਿਸੇ ਕਾਰਨ ਉਹ ਅੱਜ ਨਹੀਂ ਆ ਸਕੇ ਅਤੇ ਉਨ੍ਹਾਂ ਦੇ ਕੱਲ੍ਹ ਚੰਡੀਗੜ੍ਹ ਪਹੁੰਚ ਕੇ ਸੀਨੀਅਰ ਲੀਡਰਸ਼ਿਪ ਨਾਲ ਇਸ ਗੰਭੀਰ ਮਸਲੇ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨ ਦੀ ਸੰਭਾਵਨਾ ਹੈ । ਉੱਧਰ ਚੰਨੀ ਦੇ ਸ਼ਕਤੀ ਪ੍ਰਦਰਸ਼ਨ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੀ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਕੇ ਲਾਮਬੰਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਰਾਜਾ ਵੜਿੰਗ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਅਤੇ ਹੋਰ ਕਈ ਆਗੂਆਂ ਨਾਲ ਮੁਲਾਕਾਤ ਕਰਕੇ ਲਾਮਬੰਦੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕਾਂਗਰਸ ਦੀ ਖੁੱਲ੍ਹਕੇ ਸਾਹਮਣੇ ਆਈ ਧੜੇਬੰਦੀ ਦਰਮਿਆਨ ਸਿੱਧੂ ਧੜੇ ਦੀ ‘ਐਂਟਰੀ’ ਵੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਮੁਹੰਮਦ ਮੁਸਤਫਾ ਵਲੋਂ ਰਾਹੁਲ ਗਾਂਧੀ ਨੂੰ ਵਿਸਫੋਟਕ ਚਿੱਠੀ ਲਿਖ ਕੇ ਪਾਰਟੀ ਦੀ ਬੇਹਤਰੀ ਲਈ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਪਾਸੇ ਹਟ ਕੇ ਹਾਈ ਕਮਾਨ ਦਾ ਫੈਸਲਾ ਮੰਨਣ ਦੀ ਗੱਲ ਵੀ ਕਹੀ ਗਈ ਹੈ । ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੂੰ ਲਿਖੀ ਇਸ ਚਿੱਠੀ ਵਿਚ ਮੁਸਤਫ਼ਾ ਨੇ ਪੰਜਾਬ ਕਾਂਗਰਸ ਦੇ ਪਿਛਲੇ 6 ਮਹੀਨਿਆਂ ਦੇ ਘਟਨਾਕ੍ਰਮ ਨੂੰ ਮਹਿਜ਼ ਮਜ਼ਾਕ ਕਰਾਰ ਦਿੱਤਾ ਹੈ । ਪੰਜਾਬ ਕਾਂਗਰਸ ’ਚ ਸੂਬਾ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਇਕ ਨਵੇਂ ਸਿਆਸੀ ਮੋੜ ’ਤੇ ਪਹੁੰਚ ਗਿਆ ਹੈ । ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲੀਡਰਸ਼ਿਪ ਬਦਲਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਹੁਣ ਮੁਹੰਮਦ ਮੁਸਤਫਾ ਦੇ ਖੁੱਲ੍ਹ ਕੇ ਸਾਹਮਣੇ ਆਉਣ ਨਾਲ ਪਾਰਟੀ ਅੰਦਰ ਨਵੇਂ ਸਮੀਕਰਨ ਬਣਨੇ ਸ਼ੁਰੂ ਹੋ ਗਏ ਹਨ । ਸਿੱਧੂ ਧੜਾ ਜੋ ਪਿਛਲੇ ਲੰਮੇ ਸਮੇਂ ਤੋਂ ਖਾਮੋਸ਼ ਮੰਨਿਆ ਜਾ ਰਿਹਾ ਸੀ ਹੁਣ ਸਾਰੀ ਘਟਨਾਕ੍ਰਮ ਵਿਚ ਉਸ ਦੀ ਐਂਟਰੀ ਮਾਮਲੇ ਨੂੰ ਹੋਰ ਗੰਭੀਰ ਬਣਾ ਰਹੀ ਹੈ । ਮੁਸਤਫਾ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਕਾਂਗਰਸ ਨੂੰ ਨਵੀਂ ਲੀਡਰਸ਼ਿਪ ਦੇਣ ਦਾ ਸਮਾਂ ਆ ਗਿਆ ਹੈ। ਇਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਹੁਣ ਤਕ ਦੂਰੀ ਬਣਾ ਕੇ ਰੱਖਣ ਵਾਲਾ ਸਿੱਧੂ ਖੇਮਾ ਵੀ ਲੀਡਰਸ਼ਿਪ ਦੀ ਲੜਾਈ ਲਈ ਸਰਗਰਮ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਵੜਿੰਗ ਪਾਰਟੀ ਦੇ ਹਿੱਤ ਨੂੰ ਸਭ ਤੋਂ ਉੱਪਰ ਸਮਝਦੇ ਹਨ ਤਾਂ ਉਨ੍ਹਾਂ ਨੂੰ ਖੁਦ ਅਹੁਦਾ ਛੱਡ ਦੇਣਾ ਚਾਹੀਦਾ ਹੈ ਅਤੇ ਅਗਲੇ ਫੈਸਲੇ ਹਾਈਕਮਾਨ ’ਤੇ ਛੱਡਣੇ ਚਾਹੀਦੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਨਵਾਂ ਸੂਬਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਉਸ ਦੀ ਚੋਣ ਕਿਸੇ ਧੜੇ ਨੂੰ ਸੰਤੁਸ਼ਟ ਕਰਨ ਦੀ ਬਜਾਏ ਯੋਗਤਾ ਦੇ ਆਧਾਰ ’ਤੇ ਹੀ ਕੀਤੀ ਜਾਵੇ । ਲੰਬੇ ਸਮੇਂ ਤੋਂ ਸਿੱਧੂ ਦੇ ਸਿਆਸੀ ਸਹਿਯੋਗੀ ਰਹੇ ਮੁਸਤਫਾ ਦਾ ਖੁੱਲ੍ਹ ਕੇ ਸਾਹਮਣੇ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਸਿੱਧੂ ਖੇਮਾ ਹੁਣ ਲੀਡਰਸ਼ਿਪ ਬਦਲਣ ਦੇ ਹੱਕ ’ਚ ਖੁੱਲ੍ਹ ਕੇ ਸਰਗਰਮ ਹੋ ਚੁੱਕਾ ਹੈ । ਦੂਜੇ ਪਾਸੇ ਇਸ ਮਾਮਲੇ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਜੇ ਇੰਦਰ ਸਿੰਗਲਾ, ਪਰਗਟ ਸਿੰਘ ਸਮੇਤ ਬਹੁਤ ਹੀ ਲੀਡਰਸ਼ਿਪ ਨੇ ਚੁੱਪ ਵੱਟੀ ਹੋਈ ਹੈ । ਫਿਲਹਾਲ ਚੰਨੀ ਧੜੇ ਦੇ ਆਗੂ ਵੀ ਚੰਨੀ ਵਲੋਂ ਚੁੱਕੇ ਜਾਣ ਵਾਲੇ ਅਗਲੇ ਕਦਮ ’ਤੇ ਨਜ਼ਰ ਟਿਕਾ ਕੇ ਬੈਠੇ ਹਨ ਤੇ ਖੁੱਲ੍ਹ ਕੇ ਕੁਝ ਵੀ ਕਹਿਣ ਤੋਂ ਪਾਸਾ ਵੱਟ ਰਹੇ ਹਨ । ਬਘੇਲ ਦੇ ਚੰਡੀਗੜ੍ਹ ਆ ਕੇ ਸੀਨੀਅਰ ਲੀਡਰਸ਼ਿਪ ਨਾਲ ਕੀਤੀ ਜਾਣ ਵਾਲੀ ਮੀਟਿੰਗ ਅਤੇ ਉਸ ਮਗਰੋਂ ਸਾਹਮਣੇ ਆਉਣ ਵਾਲੇ ਨਤੀਜਿਆਂ ਉੱਤੇ ਵੀ ਸਭ ਦੀ ਨਜ਼ਰ ਟਿਕੀ ਹੋਈ ਹੈ ।

Ad Position 22
No active advertisement
ਪਿਛਲੀ ਖ਼ਬਰ ਟੀ. ਟੀ. ਪੀ. ਵਲੋਂ ਪਾਕਿ ਨਾਲ ਆਰ-ਪਾਰ ਦੀ ਜੰਗ ਦਾ ਐਲਾਨ ਅਗਲੀ ਖ਼ਬਰ ਈਰਾਨ-ਅਮਰੀਕਾ ਵਿਚਾਲੇ ਤਕਨੀਕੀ ਗੱਲਬਾਤ 11 ਨੂੰ ਇਸਲਾਮਾਬਾਦ ’ਚ ਹੋਣ ਦੀ ਉਮੀਦ
Ad Position 24
No active advertisement