ਈਰਾਨ-ਅਮਰੀਕਾ ਵਿਚਾਲੇ ਤਕਨੀਕੀ ਗੱਲਬਾਤ 11 ਨੂੰ ਇਸਲਾਮਾਬਾਦ ’ਚ ਹੋਣ ਦੀ ਉਮੀਦ
ਅਜੀਤ ਡੈਸਕ
06-07-2026
ਅੰਮ੍ਰਿਤਸਰ, 5 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਸੰਯੁਕਤ ਰਾਜ ਅਮਰੀਕਾ ਅਤੇ ਈਰਾਨ ਵਿਚਕਾਰ ਤਕਨੀਕੀ ਗੱਲਬਾਤ ਦਾ ਅਗਲਾ ਦੌਰ ਇਸਲਾਮਾਬਾਦ ’ਚ ਹੋਣ ਦੀ ਸੰਭਾਵਨਾ ਜਤਾਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਲਬਾਤ ਦੀ ਮੁੜ ਸ਼ੁਰੂਆਤ ਕੂਟਨੀਤਕ ਪ੍ਰਕਿਰਿਆ ਨੂੰ ਟਰੈਕ ’ਤੇ ਰੱਖਣ ਅਤੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਨੂੰ ਹੱਲ ਕਰਨ ਲਈ ਚੱਲ ਰਹੇ ਯਤਨਾਂ ਦਾ ਹਿੱਸਾ ਹੈ । ਉਨ੍ਹਾਂ ਨੇ ਕਿਹਾ ਕਿ ਤਕਨੀਕੀ ਗੱਲਬਾਤ ਲਈ ਇਸਲਾਮਾਬਾਦ ਅਤੇ ਸਵਿਟਜ਼ਰਲੈਂਡ ’ਚ ਬਰਗਨਸਟੌਕ ਰਿਜ਼ੋਰਟ ਦੋ ਸੰਭਾਵਿਤ ਸਥਾਨ ਹਨ । ਹਾਲਾਂਕਿ, ਇਸਲਾਮਾਬਾਦ ਵਧੇਰੇ ਸੰਭਾਵਿਤ ਵਿਕਲਪ ਹੈ, ਪਰ ਮੀਟਿੰਗ ਸਥਾਨ ਬਾਰੇ ਅੰਤਿਮ ਫ਼ੈਸਲਾ ਅਜੇ ਐਲਾਨਿਆ ਜਾਣਾ ਬਾਕੀ ਹੈ। ਦੱਸਣਯੋਗ ਹੈ ਕਿ ਪਾਕਿਸਤਾਨੀ ਵਿਚੋਲਗੀ ਹੇਠ ਅਮਰੀਕਾ ਤੇ ਈਰਾਨ ਵਿਚਕਾਰ ਸ਼ਾਂਤੀ ਗੱਲਬਾਤ ਲਈ ਇਸ ਤੋਂ ਪਹਿਲਾਂ ਵੀ ਦੋ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਦੋਵੇਂ ਮੀਟਿੰਗਾਂ ਬੇਸਿੱਟਾ ਰਹੀਆਂ । ਅਮਰੀਕੀ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਪਹਿਲੇ ਦੌਰ ਦੀ ਗੱਲਬਾਤ ਲਈ ਆਪਣੇ ਵਫ਼ਦ ਨਾਲ ਇਸਲਾਮਾਬਾਦ ਪਹੁੰਚੇ ਸਨ । ਹਾਲਾਂਕਿ, ਗੱਲਬਾਤ ਦੇ ਪਹਿਲੇ ਦੌਰ ਦਾ ਕੋਈ ਨਤੀਜਾ ਨਹੀਂ ਨਿਕਲਿਆ, ਜਿਸ ਕਾਰਨ ਦੂਜਾ ਦੌਰ ਹੋਇਆ । ਪਾਕਿ ਦੀ ਵਿਚੋਲਗੀ ਦੌਰਾਨ ਦੋਵੇਂ ਧਿਰਾਂ ਦੂਜੇ ਦੌਰ ’ਚ ਵੀ ਕਿਸੇ ਸਮਝੌਤੇ ’ਤੇ ਪਹੁੰਚਣ ਵਿਚ ਅਸਫਲ ਰਹੀਆਂ । ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਤਾਜ਼ਾ ਗੱਲਬਾਤ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ, ਪਾਬੰਦੀਆਂ ਤੋਂ ਰਾਹਤ ਅਤੇ ਵਿਦੇਸ਼ਾਂ ’ਚ ਜ਼ਬਤ ਕੀਤੀਆਂ ਗਈਆਂ ਈਰਾਨੀ ਜਾਇਦਾਦਾਂ ’ਤੇ ਕੇਂਦ੍ਰਿਤ ਹੋਵੇਗੀ । ਵਿਚਾਰ-ਵਟਾਂਦਰੇ ’ਚ ਖੇਤਰੀ ਸੁਰੱਖਿਆ ਮੁੱਦਿਆਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ, ਜਿਸ ਵਿਚ ਹੋਰਮੁਜ਼ ਜਲਡਮਰੂ ’ਚ ਸਥਿਰਤਾ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਅਤੇ ਲੇਬਨਾਨ ’ਚ ਹਾਲ ਹੀ ਵਿਚ ਸਹਿਮਤੀ ਨਾਲ ਹੋਈ ਜੰਗਬੰਦੀ ਨੂੰ ਬਣਾਈ ਰੱਖਣਾ ਸ਼ਾਮਿਲ ਹੈ । ਦੱਸਿਆ ਜਾ ਰਿਹਾ ਹੈ ਕਿ 11 ਜੁਲਾਈ ਦੀ ਮੀਟਿੰਗ ਦਾ ਉਦੇਸ਼ ਦੋ ਹਫ਼ਤੇ ਪਹਿਲਾਂ ਹਸਤਾਖ਼ਰ ਕੀਤੇ ਗਏ ਇਸਲਾਮਾਬਾਦ ਸਮਝੌਤਾ ਮੈਮੋਰੰਡਮ ਦੇ ਤਹਿਤ ਸਥਾਪਿਤ ਢਾਂਚੇ ਨੂੰ ਅੱਗੇ ਵਧਾਉਣਾ ਹੈ, ਜਿਸ ਨੇ ਦੋਵਾਂ ਧਿਰਾਂ ਨੂੰ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਸੰਬੰਧਿਤ ਮੁੱਦਿਆਂ ‘ਤੇ ਇਕ ਵਿਆਪਕ ਸਮਝੌਤੇ ‘ਤੇ ਗੱਲਬਾਤ ਕਰਨ ਲਈ 60 ਦਿਨ ਦਿੱਤੇ ਸਨ ।