ਨਿਊਯਾਰਕ, 5 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੀ ਸਥਾਪਨਾ ’ਤੇ ਉਸ ਦੀ ਫ਼ੌਜ ਨੂੰ ਸਨਮਾਨ ਦਿੰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਡੀ.ਸੀ. ਦੇ ਨੈਸ਼ਨਲ ਮਾਲ ’ਤੇ ਆਪਣੇ 250ਵੇਂ ਆਜ਼ਾਦੀ ਦਿਹਾੜੇ ਭਾਸ਼ਨ ’ਚ 28 ਫਰਵਰੀ ਨੂੰ ਈਰਾਨ ਖ਼ਿਲਾਫ਼ ਸ਼ੁਰੂ ਕੀਤੀ ਗਈ ਅਮਰੀਕਾ ਦੀ ਫ਼ੌਜੀ ਕਾਰਵਾਈ ਦਾ ਜ਼ਿਕਰ ਕੀਤਾ ਤੇ ਇਸ ਨੂੰ ਆਪਣੇ ਕਾਰਜਕਾਲ ਦੀਆਂ ਸਭ ਤੋਂ ਅਹਿਮ ਉਪਲੱਬਧੀਆਂ ’ਚੋਂ ਇਕ ਦੱਸਿਆ। ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਤੁਸੀਂ ਵੈਨਜ਼ੁਏਲਾ ਨੂੰ ਵੇਖੋ, ਈਰਾਨ ਨੂੰ ਵੇਖੋ, ਅਸੀਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ, ਉਨ੍ਹਾਂ ਦੀ ਫ਼ੌਜ ਨੂੰ ਖ਼ਤਮ ਕਰ ਦਿੱਤਾ। ਟਰੰਪ ਨੇ ਅਮਰੀਕਾ ਦੀ ਇਤਿਹਾਸਕ ਫ਼ੌਜੀ ਵਿਰਾਸਤ ਤੇ ਆਧੁਨਿਕ ਅਮਰੀਕੀ ਫ਼ੌਜ ਦੀ ਬੇਜੋੜ ਤਾਕਤ ਵਿਚਾਲੇ ਸਿੱਧੀ ਤੁਲਣਾ ਕੀਤੀ। ਅਮਰੀਕੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਜਸ਼ਨਾਂ ਦੌਰਾਨ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸਫ਼ਲ ਮੁਹਿੰਮ ਚਲਾਈ ਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ। ਟਰੰਪ ਨੇ ਉਨ੍ਹਾਂ ਸੁਝਾਵਾਂ ਨੂੰ ਖਾਰਜ ਕਰ ਦਿੱਤਾ ਕਿ ਈਰਾਨ ਕੋਲ ਅਜੇ ਵੀ ਕਾਫ਼ੀ ਪ੍ਰਮਾਣੂ ਸਮਰੱਥਾਵਾਂ ਹਨ। ਟਰੰਪ ਦੇ ਵਾਸ਼ਿੰਗਟਨ ਦੇ ਪੁਰਾਣੇ ਰੁਖ ਨੂੰ ਦੁਹਰਾਇਆ ਕਿ ਤਹਿਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਹਾਸਿਲ ਨਹੀਂ ਕਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਦੁਨੀਆ ਦੀ ਬਿਹਤਰੀਨ ਫ਼ੌਜ ਹੈ। ਟਰੰਪ ਦਾ ਭਾਸ਼ਨ ਖਰਾਬ ਮੌਸਮ ਕਾਰਨ ਦੇਰੀ ਨਾਲ ਸ਼ੁਰੂ ਹੋਇਆ, ਪਰ ਆਪਣੇ ਕਰੀਬ 40 ਮਿੰਟ ਦੇ ਸੰਬੋਧਨ ’ਚ ਉਨ੍ਹਾਂ ਨੇ ਅਮਰੀਕਾ ਦੇ ਇਤਿਹਾਸ, ਆਜ਼ਾਦੀ ਦੀ ਲੜਾਈ, ਫ਼ੌਜੀ ਸੂਰਮਿਆਂ ਅਤੇ ਦੇਸ਼ ਦੇ ਭਵਿੱਖ ਨੂੰ ਮੁੱਖ ਰੱਖਿਆ। ਟਰੰਪ ਨੇ ਕਿਹਾ ਕਿ ‘ਅਮਰੀਕਨ ਡਰੀਮ ਵਾਪਸ ਆ ਗਿਆ ਹੈ’ ਅਤੇ ਅਮਰੀਕਾ ਹੁਣ ਸੁਨਹਿਰੀ ਯੁੱਗ ਵੱਲ ਵਧ ਰਿਹਾ ਹੈ। ਸਮਾਗਮ ਦੌਰਾਨ ਦੂਜੇ ਵਿਸ਼ਵ ਯੁੱਧ, ਕੋਰੀਆ ਅਤੇ ਵੀਅਤਨਾਮ ਯੁੱਧ ਦੇ ਸਾਬਕਾ ਫੌਜੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। 104 ਸਾਲਾ ਸਾਬਕਾ ਫੌਜੀ ਕੇਨ ਸ਼ੂਬ੍ਰਿੰਗ ਅਤੇ ਮੈਡਲ ਆਫ਼ ਆਨਰ ਪ੍ਰਾਪਤ ਕਰਨਲ ਪੈਰਿਸ ਡੀ. ਡੇਵਿਸ ਦੀ ਮੌਜੂਦਗੀ ਨੇ ਸਮਾਗਮ ਨੂੰ ਹੋਰ ਭਾਵੁਕ ਬਣਾ ਦਿੱਤਾ। ਟਰੰਪ ਨੇ ਵੋਟਿੰਗ ਸੁਧਾਰਾਂ, ਜਨਮ ਅਧਿਕਾਰ ਨਾਗਰਿਕਤਾ, ਹਥਿਆਰ ਰੱਖਣ ਦੇ ਅਧਿਕਾਰ ਅਤੇ ਅਮਰੀਕੀ ਸੁਰੱਖਿਆ ਨੀਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਤਾਕਤ ਉਸ ਦੇ ਇਤਿਹਾਸ, ਫੌਜ ਅਤੇ ਲੋਕਾਂ ਦੇ ਜਜ਼ਬੇ ’ਚ ਵੱਸਦੀ ਹੈ। ਇਸ ਦੌਰਾਨ ਵਾਸ਼ਿੰਗਟਨ ਡੀ.ਸੀ. ਵਿਚ 40 ਮਿੰਟ ਦੀ ਆਤਿਸ਼ਬਾਜ਼ੀ ਨੇ ਅਸਮਾਨ ਰੌਸ਼ਨ ਕਰ ਦਿੱਤਾ। ਨਿਊਯਾਰਕ ਸਮੇਤ ਕਈ ਸ਼ਹਿਰਾਂ ’ਚ ਵੀ ਲਾਲ, ਚਿੱਟੇ ਅਤੇ ਨੀਲੇ ਰੰਗਾਂ ਨਾਲ ਅਮਰੀਕੀ ਝੰਡੇ ਦੀ ਸ਼ਾਨ ਦਰਸਾਈ ਗਈ। ਹਾਲਾਂਕਿ ਖਰਾਬ ਮੌਸਮ ਨੇ ਕਈ ਥਾਵਾਂ ’ਤੇ ਜਸ਼ਨਾਂ ’ਚ ਰੁਕਾਵਟ ਵੀ ਪਾਈ। ਸੰਨ 1776 ’ਚ ਆਜ਼ਾਦੀ ਦਾ ਐਲਾਨ ਕਰਨ ਵਾਲੇ ਅਮਰੀਕਾ ਨੇ ਇਸ ਸਾਲ ਆਪਣੀ ਆਜ਼ਾਦੀ ਦੇ 250 ਸਾਲ ਪੂਰੇ ਕੀਤੇ। ਇਹ ਦਿਨ ਦੇਸ਼ ਲਈ ਮਾਣ, ਇਤਿਹਾਸ ਅਤੇ ਭਵਿੱਖ ਦੀਆਂ ਉਮੀਦਾਂ ਦਾ ਪ੍ਰਤੀਕ ਬਣਿਆ।
ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ-ਟਰੰਪ
ਅਜੀਤ ਡੈਸਕ
06-07-2026