ਜਸਪਾਲ ਸਿੰਘ, ਸ਼ਿਵ ਸ਼ਰਮਾ, ਪਵਨ ਖਰਬੰਦਾ
ਜਲੰਧਰ, 17 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਇੱਥੇ ਅੰਮ੍ਰਿਤ ਭਾਰਤ ਸਕੀਮ ਤਹਿਤ ਜਲੰਧਰ ਛਾਉਣੀ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਤੇ ਮੁਹਾਲੀ ਸਮੇਤ ਦੇਸ਼ ਦੇ 75 ਰੇਲਵੇ ਸਟੇਸ਼ਨਾਂ ਨੂੰ ਨਵੀਨੀਕਰਨ ਉਪਰੰਤ ਲੋਕ ਅਰਪਣ ਕੀਤਾ ਗਿਆ । ਇਸ ਮੌਕੇ ਉਨ੍ਹਾਂ ਪੰਜਾਬ ’ਚ ਕੁੱਲ 5470 ਕਰੋੜ ਰੁਪਏ ਦੇ ਰੇਲਵੇ ਤੇ ਹੋਰ ਬੁਨਿਆਦੀ ਢਾਂਚਿਆਂ ਸੰਬੰਧੀ ਵਿਕਾਸ ਪ੍ਰਾਜੈਕਟਾਂ ਦਾ ਵੀ ਵਰਚੂਅਲੀ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ 125 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਿਰੇ ਤੋਂ ਤਿਆਰ ਕੀਤੇ 110 ਸਾਲ ਪੁਰਾਣੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਦੌਰਾ ਕਰਦਿਆਂ ਯਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਤੇ ਅੰਮ੍ਰਿਤਸਰ ਤੋਂ ਕਾਸ਼ੀ (ਵਾਰਾਣਸੀ) ਵਿਚਕਾਰ ਚੱਲਣ ਵਾਲੀ ਸੰਤ ਰਵਿਦਾਸ ਐਕਸਪ੍ਰੈੱਸ ਗੱਡੀ ਨੂੰ ਵੀ ਰਸਮੀ ਤੌਰ ’ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸਨ। ਬਾਅਦ ’ਚ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਕਰਵਾਈ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਲੰਧਰ ਅੱਜ ਸੂਬੇ ਦੇ ਵਿਕਾਸ ਦਾ ਗਵਾਹ ਬਣ ਰਿਹਾ ਹੈ ਤੇ ਅਜੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਸ੍ਰੁੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਸੱਚਖੰਡ ਬੱਲਾਂ ਵਿਖੇ ਆ ਕੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂਅ ’ਤੇ ਰੱਖਣ ਦਾ ਐਲਾਨ ਕੀਤਾ ਸੀ ਤੇ ਅੱਜ ਇਕ ਵਾਰ ਫਿਰ ਉਨ੍ਹਾਂ ਨੂੰ ਸੂਬੇ ਦੇ ਵਿਕਾਸ ਸੰਬੰਧੀ ਇਹ ਪ੍ਰਾਜੈਕਟ ਸ਼ੁਰੂ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਜਿੱਥੇ ਜੀਂਦ (ਹਰਿਆਣਾ) ਤੋਂ ਉਨ੍ਹਾਂ ਨੂੰ ਪਹਿਲੀ ਹਾਈਡ੍ਰੋਜਨ ਰੇਲ ਗੱਡੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ, ਉਥੇ ਦੌਲਤਪੁਰ ਤੇ ਕਰਤੌਲੀ ਲਈ ਰੇਲ ਸੇਵਾ ਤੇ ਲੁਧਿਆਣਾ ਬਾਈਪਾਸ ਜੰਕਸ਼ਨ ਦਾ ਉਦਘਾਟਨ ਵੀ ਕਰਨ ਦਾ ਮਾਣ ਹਾਸਿਲ ਹੋਇਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਸਮੇਂ ਪੰਜਾਬ ’ਚ ਭਾਜਪਾ ਦੀ ਸਰਕਾਰ ਨਹੀਂ ਹੈ, ਪਰ ਕੇਂਦਰ ਸਰਕਾਰ ਵਲੋਂ ਸੂਬੇ ਦੇ ਵਿਕਾਸ ’ਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਜਦਕਿ ਪਿਛਲੇ ਸਮੇਂ ਦੌਰਾਨ ਭਾਜਪਾ ਸਰਕਾਰ ਵਲੋਂ ਸੂਬੇ ਦੇ ਵਿਕਾਸ ਲਈ ਕਰੋੜਾਂ ਰੁਪਏ ਦਾ ਫੰਡ ਦਿੱਤਾ ਗਿਆ, ਪਰ ਅਫਸੋਸ ਦੀ ਗੱਲ ਹੈ ਕਿ ਇਹ ਪੈਸਾ ਲੋਕਾਂ ਦੀ ਭਲਾਈ ਤੇ ਸੂਬੇ ਦੀ ਤਰੱਕੀ ’ਤੇ ਖਰਚ ਨਹੀਂ ਕੀਤਾ ਜਾ ਸਕਿਆ, ਸਗੋਂ ਕੇਂਦਰੀ ਸਕੀਮਾਂ ’ਤੇ ਰਾਜ ਸਰਕਾਰ ਵਲੋਂ ਆਪਣੇ ਸਟਿੱਕਰ ਲਗਾ ਕੇ ਲੋਕਾਂ ਨੂੰ ਧੋਖਾ ਦੇਣ ਦਾ ਯਤਨ ਕੀਤਾ ਗਿਆ। ਉਨ੍ਹਾਂ ਰਾਜ ਦੇ ਲੋਕਾਂ ਨੂੰ ਸੂਬੇ ਦੇ ਵਿਕਾਸ ਲਈ ਪੰਜਾਬ ਅੰਦਰ ਡਬਲ ਇੰਜਣ ਦੀ ਸਰਕਾਰ ਬਣਾਏ ਜਾਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪੰਜਾਬ ਦਾ ਵਿਕਾਸ ਕੇਵਲ ਭਾਜਪਾ ਹੀ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਅੰਦਰ ਸੂਬੇ ਨੂੰ ਅੱਗੇ ਲਿਜਾਣ ਦੀ ਭਰਪੂਰ ਸਮਰੱਥਾ ਤੇ ਤਾਕਤ ਹੈ ਤੇ ਉਨ੍ਹਾਂ ਦੇ ਸਾਥ ਸਦਕਾ ਭਾਜਪਾ ਸੂਬੇ ਨੂੰ ਤੇਜ਼ੀ ਨਾਲ ਆਤਮ-ਨਿਰਭਰ ਤੇ ਵਿਕਸਿਤ ਸੂਬਾ ਬਣਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਦਿੱਲੀ ਤੇ ਹਰਿਆਣਾ ’ਚ ਡਬਲ ਇੰਜਣ ਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਮਿਸਾਲੀ ਦੱਸਦੇ ਹੋਏ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਸੂਬੇ ਅੰਦਰ ਡਬਲ ਇੰਜਣ ਦੀ ਸਰਕਾਰ ਬਣਾਉਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਨਅਤ ਨੂੰ ਵੀ ਭਾਜਪਾ ਹੀ ਹੁਲਾਰਾ ਦੇ ਸਕਦੀ ਹੈ ਤੇ ਹਾਲ ਹੀ ’ਚ ਉਨ੍ਹਾਂ ਵਲੋਂ ਨਿਊਜ਼ੀਲੈਂਡ ਨਾਲ ਕੀਤੇ ਗਏ ਵਪਾਰਕ ਸਮਝੌਤਿਆਂ ਦਾ ਵੀ ਸੂਬੇ ਦੀਆਂ ਸਨਅਤਾਂ ਤੇ ਖਾਸ ਕਰਕੇ ਛੋਟੇ ਉਦਯੋਗਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਉਨ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ, ਨਸ਼ਿਆਂ ਤੇ ਅਮਨ ਕਾਨੂੰਨ ਵਿਵਸਥਾ ਦੇ ਮਾਮਲੇ ’ਚ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈ ਹੈ ਤੇ ਕੇਂਦਰੀ ਫੰਡਾਂ ਨੂੰ ਵੀ ਆਪਣੇ ਹਿੱਤਾਂ ਲਈ ਵਰਤ ਰਹੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਬਦਲਾਅ ਲਿਆਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਕਿਸਾਨਾਂ, ਮੁਲਾਜ਼ਮਾਂ ਤੇ ਆਮ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ’ਚ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ।
1300 ਰੇਲਵੇ ਸਟੇਸ਼ਨਾਂ ਦਾ ਕੀਤਾ ਜਾ ਰਿਹੈ ਆਧੁਨਿਕੀਕਰਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਰੇਲਵੇ ਨੂੰ ਗਰੀਬਾਂ ਤੇ ਮੱਧ ਵਰਗ ਦੀ ਜੀਵਨ ਰੇਖਾ ਦੱਸਦੇ ਹੋਏ ਕਿਹਾ ਕਿ ਭਾਜਪਾ ਵਲੋਂ ਜਿੱਥੇ ਰੇਲਵੇ ਸਟੇਸ਼ਨਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਉੱਥੇ ਨਵੀਆਂ ਰੇਲ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ 1300 ਤੋਂ ਵੱਧ ਰੇਲਵੇ ਸਟੇਸਨਾਂ ਦੇ ਆਧੁਨਿਕੀਕਰਨ ਦਾ ਕੰਮ ਚੱਲ ਰਿਹਾ ਹੈ, ਜਿਨ੍ਹਾਂ ’ਚੋਂ 300 ਦੇ ਕਰੀਬ ਇਸੇ ਸਾਲ ਦੇ ਅਖੀਰ ਤੱਕ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
ਤੇਜਾ ਸਿੰਘ ਸਮੁੰਦਰੀ ਨੂੰ ਕੀਤਾ ਯਾਦ
ਇਸ ਮੌਕੇ ਪ੍ਰਧਾਨ ਮੰਤਰੀ ਨੇ ਤੇਜਾ ਸਿੰਘ ਸਮੁੰਦਰੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਪੰਜਾਬ ਦਾ ਮਹਾਨ ਸਪੂਤ ਦੱਸਿਆ ਤੇ ਕਿਹਾ ਕਿ ਅੱਜ ਉਨ੍ਹਾਂ ਦਾ 100ਵਾਂ ਸ਼ਹੀਦੀ ਦਿਨ ਹੈ। ਉਨ੍ਹਾਂ ਅੰਗਰੇਜ਼ੀ ਹਕੂਮਤ ’ਚ ਸਿੱਖ ਹਿੱਤਾਂ ਲਈ ਅਨੇਕਾਂ ਅੰਦੋਲਨ ਕੀਤੇ ਤੇ ਆਪਣਾ ਸਾਰਾ ਜੀਵਨ ਮਾਤ ਭੂਮੀ ਦੀ ਸੇਵਾ ਲਈ ਸਮਰਪਿਤ ਕੀਤਾ। ਅੱਜ ਤੋਂ ਸ਼ੁਰੂ ਹੋ ਰਹੇ ਉਨ੍ਹਾਂ ਦੇ ਸ਼ਹੀਦੀ ਦਿਵਸ ਸੰਬੰਧੀ ਕਰਵਾਏ ਜਾ ਰਹੇ ਸਮਾਗਮਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।
ਇਸ ਮੌਕੇ ਰਾਜ ਸਭਾ ਮੈਂਬਰ ਤਰੁਣ ਚੁੱਘ, ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਹਰਭਜਨ ਸਿੰਘ, ਅਮਨਜੋਤ ਕੌਰ ਰਾਮੂਵਾਲੀਆ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸੋਮ ਪ੍ਰਕਾਸ਼, ਪੰਜਾਬ ਦੇ ਇੰਚਾਰਜ ਨਰਿੰਦਰ ਸਿੰਘ ਰੈਣਾ, ਰਜਿੰਦਰ ਗੁਪਤਾ, ਤੀਕਸ਼ਣ ਸੂਦ, ਕੌਮੀ ਬੁਲਾਰੇ ਜੈਵੀਰ ਸਿੰਘ ਸ਼ੇਰਗਿੱਲ, ਸਤਨਾਮ ਸਿੰਘ ਸੰਧੂ, ਇਕਬਾਲ ਸਿੰਘ ਲਾਲਪੁਰਾ, ਇੰਦਰ ਇਕਬਾਲ ਸਿੰਘ ਅਟਵਾਲ, ਮਨੋਰੰਜਨ ਕਾਲੀਆ, ਸੁਰਜੀਤ ਜਿਆਣੀ, ਰਾਕੇਸ਼ ਰਾਠੌਰ, ਸੰਦੀਪ ਜਾਖਡ਼, ਵਿਧਾਇਕ ਜੰਗੀ ਲਾਲ ਮਹਾਜਨ, ਸ਼ੀਤਲ ਅੰਗੁਰਾਲ, ਫਤਿਹਜੰਗ ਸਿੰਘ ਬਾਜਵਾ, ਸਾਬਕਾ ਮੁੱਖ ਸੰਸਦੀ ਸਕੱਤਰਾਂ ਵਿਚ ਅਵਿਨਾਸ਼ ਚੰਦਰ ਕਲੇਰ, ਕ੍ਰਿਸ਼ਨ ਦੇਵ ਭੰਡਾਰੀ ਤੋਂ ਇਲਾਵਾ ਮਹਾਰਾਣੀ ਪ੍ਰਨੀਤ ਕੌਰ, ਜੈ ਇੰਦਰ ਕੌਰ, ਦਿਆਲ ਸਿੰਘ ਸੋਢੀ, ਜਗਮੋਹਨ ਸਿੰਘ ਰਾਜੂ, ਅਨਿਲ ਸਰੀਨ, ਰਾਜੇਸ਼ ਬਾਘਾ, ਅਮਰਜੀਤ ਸਿੰਘ ਟਿੱਕਾ,ਪਰਮਿੰਦਰ ਸਿੰਘ ਬਰਾਡ਼, ਕੌਂਸਲਰ ਪ੍ਰੋ. ਕੰਵਰ ਸਰਤਾਜ ਸਿੰਘ, ਮਨਜੀਤ ਸਿੰਘ ਮੰਨਾ, ਮੋਨਾ ਜਾਇਸਵਾਲ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
ਕੇਂਦਰ ਨੇ ਪੰਜਾਬ ਨੂੰ ਵਧੇਰੇ ਤਰਜੀਹ ਦਿੱਤੀ-ਅਸ਼ਵਨੀ ਵੈਸ਼ਨਵ
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਮੁਕਾਬਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੰਜਾਬ ’ਚ ਰੇਲ ਖੇਤਰ ’ਚ ਸਭ ਤੋਂ ਵੱਧ ਖਰਚਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਅੰਮ੍ਰਿਤ ਭਾਰਤ ਯੋਜਨਾ ਤਹਿਤ 75 ਸਟੇਸ਼ਨਾਂ ਦਾ ਵਰਚੂਅਲ ਉਦਘਾਟਨ ਕੀਤਾ ਗਿਆ, ਜਿਸ ਤਹਿਤ 1300 ਸਟੇਸ਼ਨਾਂ ਦੇ ਨਵੀਨੀਕਰਨ ਦਾ ਕੰਮ ਕੀਤਾ ਜਾਵੇਗਾ, ਜਿਨਾਂ ’ਚ 261 ਸਟੇਸ਼ਨ ਬਣ ਕੇ ਤਿਆਰ ਹੋ ਗਏ ਹਨ ।
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪੰਜਾਬ ’ਚ ਇਤਿਹਾਸਕ ਕੰਮ ਹੋਏ-ਬਿੱਟੂ
ਕੇਂਦਰੀ ਰੇਲ ਰਾਜ ਮੰਤਸੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ’ਚ ਇਤਿਹਾਸਕ ਵਿਕਾਸ ਦੇ ਕੰਮ ਕਰਵਾਏ ਹਨ ਤੇ ਇਨ੍ਹਾਂ ਦੀ ਕਿਧਰੇ ਮਿਸਾਲ ਨਹੀਂ ਮਿਲਦੀ। ਪ੍ਰਧਾਨ ਮੰਤਰੀ ਦੇ ਦਿਲ ’ਚ ਪੰਜਾਬੀਆਂ ਲਈ ਬਹੁਤ ਪਿਆਰ ਤੇ ਲਗਾਅ ਹੈ ਤੇ ਇਸੇ ਕਰਕੇ ਉਨਾਂ ਦੇ ਕਾਰਜਕਾਲ ’ਚ ਪੰਜਾਬ ’ਚ ਕਈ ਰੇਲ ਸਟੇਸ਼ਨਾਂ ਦੇ ਨਵੀਨੀਕਰਨ ਤੋਂ ਇਲਾਵਾ ਕਈ ਹਵਾਈ ਅੱਡੇ ਬਣਵਾਏ ਗਏ ਹਨ । ਸ. ਬਿੱਟੂ ਨੇ ਕਿਹਾ ਕਿ ਜਲੰਧਰ ਛਾਉਣੀ ਦੇ ਸਟੇਸ਼ਨ ਦੀ ਅੱਜ ਤੱਕ ਕਿਸੇ ਨੇ ਵੀ ਪੁੱਛ ਪਡ਼ਤਾਲ ਨਹੀਂ ਕੀਤੀ ਸੀ, ਪਰ ਪ੍ਰਧਾਨ ਮੰਤਰੀ ਵਲੋਂ ਇਸ ਸਟੇਸ਼ਨ ’ਤੇ 125 ਕਰੋਡ਼ ਲਗਾ ਕੇ ਇਸ ਦਾ ਸੁੰਦਰੀਕਰਨ ਕਰਵਾਇਆ ਗਿਆ ਹੈ।
ਭਾਜਪਾ ਦੀ ਸਰਕਾਰ ਲਿਆਉਣ ਲਈ ਲੋਕ ਤਿਆਰ-ਢਿੱਲੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਵਿਕਾਸ ਪੱਖੀ ਨੀਤੀਆਂ ਕਰਕੇ ਨਾ ਸਿਰਫ ਦੇਸ਼ ’ਚ, ਸਗੋਂ ਸੰਸਾਰ ਭਰ ’ਚ ਉਨਾਂ ਦੀ ਸਨਮਾਨਿਤ ਆਗੂਆਂ ’ਚ ਗਿਣਤੀ ਹੁੰਦੀ ਹੈ। ਉਨਾਂ ਕਿਹਾ ਕਿ ਸਰਕਾਰ ਨਾ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀਆਂ ਨਾਲ ਪਿਆਰ ਕਰਦੇ ਹੋਏ ਪੰਜਾਬ ’ਚ ਹਜਾਰਾਂ ਕਰੋਡ਼ ਦੇ ਕੰਮ ਕਰਵਾਏ ਹਨ। ਉਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ਪੰਜਾਬ ’ਚ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰ-ਏ-ਖ਼ਾਲਸਾ ਵਰਗਾ ਰਾਜ ਲਿਆਉਣਾ ਚਾਹੁੰਦੀ ਹੈ ।
ਸਭ ਤੋਂ ਵੱਡਾ ਖੁਸ਼ੀ ਵਾਲਾ ਦਿਨ-ਅਸ਼ੋਕ ਮਿੱਤਲ
ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਕਿ ਅੱਜ ਦਾ ਦਿਨ ਸਭ ਤੋਂ ਵੱਡਾ ਦਿਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਉਨਾਂ ਦੀ ਜਨਮ ਭੂਮੀ ਦੇ ਸਟੇਸ਼ਨ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲੀ ਹੈ।
ਸੂਬੇ ਦੀ ਜਵਾਨੀ, ਕਿਸਾਨੀ ਨੂੰ ਬਚਾਉਣ ਦੀ ਲੋਡ਼-ਜਾਖਡ਼
ਸਾਬਕਾ ਪ੍ਰਧਾਨ ਸੁਨੀਲ ਜਾਖਡ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਲਈ ਸ਼ੁਰੂ ਕਰਵਾਏ ਗਏ ਨਵੇਂ ਪ੍ਰਾਜੈਕਟਾਂ ਲਈ ਪੰਜਾਬੀਆਂ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਪੰਜਾਬ ਨਾਲ ਪਿਆਰ ਕਰਦੇ ਹਨ, ਕਿਉਂਕਿ ਪੰਜਾਬ ਉਨਾਂ ਦੀ ਕਰਮਭੂੁਮੀ ਵਾਲਾ ਸੂਬਾ ਰਿਹਾ ਹੈ ਤੇ ਇਸ ਲਈ ਸ੍ਰੀ ਮੋਦੀ ਦੀ ਅਗਵਾਈ ਵਿਚ ਕੇਂਦਰ ਨੇ ਵਿਕਾਸ ਕਰਵਾਉਣ ਲਈ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਹੈ।
ਲੋਕਾਂ ਦੀਆਂ ਆਸਾਂ ਹੁਣ ਭਾਰਤੀ ਜਨਤਾ ਪਾਰਟੀ ’ਤੇ-ਅਸ਼ਵਨੀ ਸ਼ਰਮਾ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿਦਰ ਮੋਦੀ ਲਈ ਪੰਜਾਬ ਹਮੇਸ਼ਾ ਦਿਲ ’ਚ ਰਹਿੰਦਾ ਹੈ, ਜਿਸ ਕਰਕੇ ਉਨਾਂ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਨੂੰ ਵਿਕਾਸ ਦੇ ਪ੍ਰਾਜੈਕਟ ਦੇਣ ਲਈ ਕਦੇ ਵੀ ਕਮੀ ਨਹੀਂ ਰੱਖੀ। ਉਨਾਂ ‘ਆਪ’ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਪੰਜਾਬ ਦਾ ਕਾਫੀ ਨੁਕਸਾਨ ਕੀਤਾ ਹੈ। ਕਿਸਾਨਾਂ ਦੇ ਨਾਲ-ਨਾਲ ਨੌਜਵਾਨੀ ਨੂੰ ਖ਼ਤਰੇ ’ਚ ਪਾਇਆ ਹੈ। ਕਾਨੂੰਨ ਦਾ ਰਾਜ ਖ਼ਤਮ ਹੋ ਚੁਕਾ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਸਰਕਾਰ ਨੇ ਰੰਗਲਾ ਪੰਜਾਬ ਤਾਂ ਨਹੀਂ ਬਣਾਇਆ, ਸਗੋਂ ਇਸ ਨੂੰ ਕੰਗਲਾ ਪੰਜਾਬ ਜ਼ਰੂਰ ਬਣਾ ਦਿੱਤਾ ਹੈ।
ਡਬਲ ਇੰਜਣ ਦੀ ਸਰਕਾਰ ਬਣਾਉਣ ਦਾ ਮਨ ਬਣਾਇਆ-ਖੰਨਾ
ਭਾਜਪਾ ਦੇ ਸਾਬਕਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਸ ਤਰ੍ਹਾਂ ਨਾਲ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ’ਚ ਰਿਕਾਰਡ ਵਿਕਾਸ ਦੇ ਕੰਮ ਕਰਵਾਏ ਹਨ, ਉਸੇ ਤਰ੍ਹਾਂ ਨਾਲ ਹੁਣ ਪੰਜਾਬ ਦੇ ਲੋਕ ਵੀ ਸੂਬੇ ਵਿਚ ਵਿਕਾਸ ਅਤੇ ਖੁਸ਼ਹਾਲੀ ਲਿਆਉਣ ਲਈ 2027 ਵਿਚ ਡਬਲ ਇੰਜਣ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।
ਅੱਜ ਦਾ ਦਿਨ ਇਤਿਹਾਸਕ-ਕਾਲੀਆ
ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਮਨੋਰੰਜਨ ਕਾਲੀਆ ਨੇ ਕਿਹਾ ਕਿ ਅੱਜ ਦਾ ਦਿਨ ਇਸ ਕਰਕੇ ਇਤਿਹਾਸਕ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ, ਚੰਡੀਗਡ਼੍ਹ ਤੇ ਪੰਜਾਬ ’ਚ 25000 ਕਰੋਡ਼ ਤੋਂ ਜ਼ਿਆਦਾ ਦੇ ਕੰਮਾਂ ਦਾ ਉਦਘਾਟਨ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਸੋਚ ਕਰਕੇ ਨਾ ਸਿਰਫ ਜਲੰਧਰ ਕੈਂਟ ਵਰਗੇ ਅੰਗਰੇਜ਼ਾਂ ਦੇ ਕਾਰਜਕਾਲ ਬਣੇ ਸਟੇਸ਼ਨਾਂ ਦਾ ਨਵੀਨੀਕਰਨ ਕਰਵਾਇਆ ਗਿਆ ਹੈ, ਸਗੋਂ ਗੁਲਾਮੀ ਦੇ ਚਿੰਨ੍ਹ ਵੀ ਖ਼ਤਮ ਕੀਤੇ ਗਏ ਹਨ।
ਮੋਦੀ ਸਰਕਾਰ ਨੇ ਬਦਲੀ ਸਟੇਸ਼ਨਾਂ ਦੀ ਨੁਹਾਰ-ਸਾਂਪਲਾ
ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਐਨੇ ਸਾਲਾਂ ’ਚ ਕਦੇ ਵੀ ਪੰਜਾਬ ਦੇ ਸਟੇਸ਼ਨਾਂ ਦੀ ਸਾਰ ਨਹੀਂ ਲਈ ਗਈ, ਸਗੋਂ ਕੇਂਦਰ ਸਰਕਾਰ ਨੇ ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲ ਦਿੱਤੀ ਹੈ ਤੇ ਹਵਾਈ ਅੱਡੇ ਵੀ ਬਣਵਾਏ ਹਨ, ਜਿਨ੍ਹਾਂ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ।
12 ਸਾਲਾਂ ਵਿਚ ਪੰਜਾਬ ਵਿਚ ਹੋਏ ਇਤਿਹਾਸਕ ਕੰਮ-ਮਲਿਕ
ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ’ਚ ਇਤਿਹਾਸਕ ਵਿਕਾਸ ਦੇ ਕੰਮ ਹੋਏ ਹਨ। ਉਨਾਂ ਦੱਸਿਆ ਕਿ 4 ਲੱਖ 13 ਹਜਾਰ ਕਰੋਡ਼ਾਂ ਦੇ ਸੂਬੇ ਵਿਚ ਰੇਲ ਤੇ ਹੋਰ ਵਿਕਾਸ ਪ੍ਰਾਜੈਕਟਾਂ ਦੇ ਕੰਮ ਕਰਵਾਏ ਗਏ ਹਨ, ਜਦਕਿ ਮੌਜੂਦਾ ਪੰਜਾਬ ਸਰਕਾਰ ਦੇ ਕਾਰਜਕਾਲ ’ਚ ਪੰਜਾਬ ਨੂੰ ਕਈ ਸਾਲ ਪਿੱਛੇ ਕਰ ਦਿੱਤਾ ਹੈ।
ਨੌਜਵਾਨਾਂ ਨੂੰ ਕੰਮ ਦੇਣ ਵਾਲੀ ਸਰਕਾਰ ਦੀ ਲੋਡ਼-ਸੰਧੂ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸੂਬੇ ਵਿਚ ਨੌਜਵਾਨਾਂ ਨੂੰ ਕੰਮ ਦੇਣ ਲਈ ਨਵਾਂ ਨਿਵੇਸ਼ ਲਿਆਉਣ ਦੀ ਲੋਡ਼ ਹੈ ਤੇ ਇਹ ਸਿਰਫ ਡਬਲ ਇੰਜਣ ਦੀ ਸਰਕਾਰ ਹੀ ਕਰ ਸਕਦੀ ਹੈ ਤੇ ਇਸ ਵੇਲੇ ਹਰ ਵਰਗ ਦੇ ਲੋਕਾਂ ਨੇ ਭਾਜਪਾ ’ਤੇ ਨਜ਼ਰਾਂ ਲਗਾ ਰੱਖੀਆਂ ਹਨ।
ਵਿਕਾਸ ਲਈ ਡਬਲ ਇੰਜਣ ਦੀ ਸਰਕਾਰ ਜ਼ਰੂਰੀ-ਜੈਵੀਰ ਸ਼ੇਰਗਿੱਲ
ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਜਿਸ ਤਰ੍ਹਾਂ ਨਾਲ ਸੂਬੇ ’ਚ ਹਜਾਰਾਂ ਕਰੋਡ਼ਾਂ ਦੇ ਪ੍ਰਾਜੈਕਟ ਲਿਆ ਕੇ ਵਿਕਾਸ ਦੇ ਕੰਮ ਕਰਵਾਏ ਹਨ ਉਸ ਨਾਲ 2027 ’ਚ ਭਾਜਪਾ ਦੀ ਸਰਕਾਰ ਬਣਨੀ ਯਕੀਨੀ ਹੈ।
ਭਾਜਪਾ ਲੋਕਾਂ ਦੇ ਸੁਪਨੇ ਪੁੂਰੇ ਕਰਨ ਵਿਚ ਸਮਰੱਥ-ਪ੍ਰਨੀਤ ਕੌਰ
ਭਾਜਪਾ ਦੀ ਸੀਨੀਅਰ ਆਗੂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਸਮੇਤ ਹੋਰ ਵਰਗਾਂ ਦੀਆਂ ਹੁਣ ਭਾਜਪਾ ’ਤੇ ਆਸਾਂ ਲੱਗੀਆਂ ਹੋੋਈਆਂ ਹਨ। ਉਨ੍ਹਾਂ ਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਪੰਜਾਬੀ 2027 ’ਚ ਭਾਜਪਾ ਦੀ ਸਰਕਾਰ ਬਣਾ ਕੇ ਨੌਜਵਾਨਾਂ ਦੇ ਚੰਗੇ ਭਵਿੱਖ ਨੂੰ ਲਿਖਣਗੇ।
ਸੂਬੇ ਦੀ ਤਕਦੀਰ ਬਦਲਣ ਦੇ ਸੰਕੇਤ-ਮਨਪ੍ਰੀਤ
ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸੂਬੇ ਵਿਚ ਹਜ਼ਾਰਾਂ ਕਰੋਡ਼ਾਂ ਦੇ ਪ੍ਰਾਜੈਕਟ ਦਿੱਤੇ ਹਨ। ਉਨ੍ਹਾਂ ਨੂੰ ਹੁਣ ਸਾਫ ਪੰਜਾਬ ਦੀ ਤਕਦੀਰ ਬਦਲਦੀ ਨਜ਼ਰ ਆ ਰਹੀ ਹੈ।
ਸੂਬੇ ਨੂੰ ਦੁਬਾਰਾ ਇਕ ਨੰਬਰ ’ਤੇ ਲਿਆਵਾਂਗੇ-ਰਾਣਾ ਸੋਢੀ
ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ 12 ਸਾਲਾਂ ਦੇ ਕਾਰਜਕਾਲ ’ਚ ਵਿਕਾਸ ਦੇ ਕੰਮਾਂ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਤੇ ਹਰ ਖੇਤਰ ਵਿਚ ਇਤਿਹਾਸਕ ਕੰਮ ਕਰਵਾਏ ਗਏ ਹਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ’ਚ ਪੰਜਾਬ ਕਈ ਸਾਲ ਪਿੱਛੇ ਚਲਾ ਗਿਆ ਹੈ।
ਭਾਜਪਾ ਹੀ ਕਰਵਾ ਸਕਦੀ ਹੈ ਪੰਜਾਬ ਦਾ ਵਿਕਾਸ-ਮੋਦੀ
ਅਜੀਤ ਡੈਸਕ
18-07-2026