ਨਵੀਂ ਦਿੱਲੀ, 28 ਅਗਸਤ (ਜਗਤਾਰ ਸਿੰਘ)-ਕਾਂਗਰਸ ਦੀ ਦਿੱਗਜ ਆਗੂ ਸੋਨੀਆ ਗਾਂਧੀ ਦੀ ਆਉਣ ਵਾਲੀ ਕਿਤਾਬ ‘ਬੈਲੌਂਗਿੰਗ: ਏ ਜਰਨੀ ਆਫ਼ ਲਵ’ ਨੂੰ ਛਾਪਣ ਤੋਂ ਪ੍ਰਕਾਸ਼ਕ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਕਿਤਾਬ ਦੇ ਇੱਕ ਖ਼ਾਸ ਹਿੱਸੇ ਵਿਚ ਕੁਝ ਸੰਪਾਦਕੀ ਬਦਲਾਅ ਅਤੇ ਕੁਝ ਹਿੱਸਿਆਂ ਨੂੰ ਹਟਾਉਣ ਦੀ ਮੰਗ ਕੀਤੀ ਸੀ ਪਰ ਸੋਨੀਆ ਗਾਂਧੀ ਨੇ ਕਿਸੇ ਵੀ ਤਰ੍ਹਾਂ ਦੇ ਬਦਲਾਅ ਜਾਂ ਕਟੌਤੀ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਕਾਰਨ ਪ੍ਰਕਾਸ਼ਕ ਨੇ ਭਾਰਤ ਵਿਚ ਇਸ ਨੂੰ ਨਾ ਛਾਪਣ ਦਾ ਫ਼ੈਸਲਾ ਕੀਤਾ। ਦੱਸਣਯੋਗ ਹੈ ਕਿ ਭਾਰਤ ਤੋਂ ਇਲਾਵਾ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਇਹ ਕਿਤਾਬ 10 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਪੈਂਗੁਇਨ ਰੈਂਡਮ ਹਾਊਸ ਇੰਡੀਆ ਦੇ ਪ੍ਰੋਜੈਕਟ ਤੋਂ ਪਿੱਛੇ ਹਟਣ ਤੋਂ ਬਾਅਦ ਕਈ ਭਾਰਤੀ ਪ੍ਰਕਾਸ਼ਕ ਹੁਣ ਸੋਨੀਆ ਗਾਂਧੀ ਦੀ ਕਿਤਾਬ ਦੇ ਪ੍ਰਕਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਿਪੋਰਟਾਂ ਦੇ ਅਨੁਸਾਰ ਹਾਰਪਰ ਕੋਲਿਨਜ਼ ਇੰਡੀਆ ਭਾਰਤ ਵਿਚ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਲਈ ਸਮਝੌਤਾ ਕਰਨ ਦੇ ਕਰੀਬ ਹੈ, ਪਰ ਫ਼ਿਲਹਾਲ ਹਾਲੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ । ਜਾਣਕਾਰੀ ਮੁਤਾਬਿਕ ਇਸ ਕਿਤਾਬ ਵਿਚ ਸੋਨੀਆ ਗਾਂਧੀ ਦੇ ਇਟਲੀ ਦੇ ਬਚਪਨ, ਰਾਜੀਵ ਗਾਂਧੀ ਨਾਲ ਮੁਲਾਕਾਤ, ਨਹਿਰੂ-ਗਾਂਧੀ ਪਰਿਵਾਰ ਵਿੱਚ ਆਉਣ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਹੱਤਿਆ ਦੇ ਦੁੱਖ, ਅਤੇ ਸਾਲ 2004 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾਉਣ ਦੇ ਇਤਿਹਾਸਕ ਫ਼ੈਸਲੇ ਦਾ ਜ਼ਿਕਰ ਹੈ।
ਪੈਂਗੁਇਨ ਵਲੋਂ ਸੋਨੀਆ ਗਾਂਧੀ ਦੀ ਕਿਤਾਬ ਛਾਪਣ ਤੋਂ ਇਨਕਾਰ
ਪੈਂਗੁਇਨ ਵਲੋਂ ਸੋਨੀਆ ਗਾਂਧੀ ਦੀ ਕਿਤਾਬ ਛਾਪਣ ਤੋਂ ਇਨਕਾਰ
ਅਜੀਤ ਡੈਸਕ
29-08-2026